ਇੱਥੇ ਕਿਦਵਈ ਨਗਰ ਇਲਾਕੇ ਵਿੱਚ ਆਪਣੀ ਮਾਂ ਦੇ ਹੱਥਾਂ ਵਿੱਚ ਖੇਡ ਰਹੀ ਬੱਚੀ ਦੇ ਸਿਰ ਵਿਚ ਕਿਤੋਂ ਗੋਲੀ ਆ ਲੱਗੀ। ਬੱਚੀ ਦੇ ਰੋਣ ’ਤੇ ਜਦੋਂ ਮਾਂ ਨੇ ਉਸ ਦਾ ਸਿਰ ਉਪਰ ਚੁੱਕਿਆ ਤਾਂ ਉਸ ਦੇ ਸਿਰ ਵਿੱਚੋਂ ਲਹੂ ਵਗ ਰਿਹਾ ਸੀ। ਬੱਚੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਪਰ ਹਾਲੇ ਤੱਕ ਗੋਲੀ ਨਹੀਂ ਕੱਢੀ ਜਾ ਸਕੀ। ਇਹ ਗੋਲੀ ਕਿਸ ਨੇ ਚਲਾਈ, ਇਸ ਸਬੰਧੀ ਫਿਲਹਾਲ ਪਤਾ ਨਾ ਲੱਗਣ ਕਰਕੇ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਫਾਲਗੁਨੀ ਸ਼ਰਮਾ ਨਾਮ ਦੀ ਬੱਚੀ ਆਪਣੀ ਮਾਂ ਮੀਰਾ ਸ਼ਰਮਾ ਦੀ ਗੋਦ ਵਿਚ ਛੱਤ ’ਤੇ ਖੇਡ ਰਹੀ ਸੀ ਕਿ ਇੱਕ ਗੋਲੀ ਉਸ ਦੇ ਸਿਰ ਵਿੱਚ ਆ ਲੱਗੀ। ਗੋਲੀ ਲੱਗਦਿਆਂ ਹੀ ਬੋਚੀ ਨੇ ਰੋਣਾ ਸ਼ੁਰੂ ਕਰ ਦਿੱਤਾ ਜਦੋਂ ਮਾਂ ਨੇ ਬੱਚੀ ਦਾ ਸਿਰ ਉਪਰ ਨੂੰ ਚੁੱਕਿਆ ਤਾਂ ਉਸ ਵਿੱਚੋਂ ਖੂਨ ਨਿਕਲ ਰਿਹਾ ਸੀ। ਖੂਨ ਦੇਖਦਿਆਂ ਹੀ ਮੀਰਾ ਚੀਕਦੀ ਹੋਈ ਛੱਤ ਤੋਂ ਹੇਠਾਂ ਆਪਣੇ ਪਤੀ ਕੋਲ ਆਈ ਅਤੇ ਬੱਚੀ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਸਿਰ ਵਿੱਚ ਗੋਲੀ ਲੱਗੀ ਹੈ ਅਤੇ ਗੋਲੀ ਸਿਰ ਦੀ ਹੱਡੀ ਵਿੱਚ ਫਸ ਗਈ ਹੈ, ਜਿਸ ਨੂੰ ਕੱਢਣਾ ਬਹੁਤ ਮੁਸ਼ਕਲ ਲੱਗ ਰਿਹਾ ਹੈ।ਡਾਕਟਰਾਂ ਵੱਲੋਂ ਸਿਰ ਵਿੱਚੋਂ ਗੋਲੀ ਕੱਢਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਬੱਚੀ ਖ਼ਤਰੇ ਤੋਂ ਬਾਹਰ ਹੈ। ਏਸੀਪੀ (ਸੈਂਟਰਲ) ਵਰਿਆਮ ਸਿੰਘ ਨੇ ਦੱਸਿਆ ਕਿ ਡਾਕਟਰਾਂ ਦੇ ਦੱਸਣ ਅਨੁਸਾਰ ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲੀਸ ਵੱਲੋਂ ਕਦਵਈ ਨਗਰ ਦੇ ਸ਼ਿਵ ਮੰਦਿਰ ਦੇ ਆਲੇ-ਦੁਆਲੇ ਰਹਿੰਦੇ ਲਾਇਸੈਂਸੀ ਹਥਿਆਰ ਰੱਖਣ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਗੋਲੀ ਚਲਾਉਣ ਵਾਲੇ ਵਿਅਕਤੀ ਤੱਕ ਪਹੁੰਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੇ ਲਾਇਸੈਂਸੀ ਹਥਿਆਰ ਰੱਖਣ ਵਾਲਿਆਂ ਨੂੰ ਪੁਲੀਸ ਚੌਕੀ ਬੁਲਾਇਆ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਗੋਲੀ ਕਿਸ ਦੇ ਹਥਿਆਰ ਵਿੱਚੋਂ ਚੱਲੀ ਹੈ। ਇਸ ਤੋਂ ਇਲਾਵਾ ਆਸ-ਪਾਸ ਦੇ ਘਰਾਂ/ਗਲੀਆਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਘੋਖੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਮੁਲਜ਼ਮ ਦਾ ਪਤਾ ਲਗਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।
INDIA ਮਾਂ ਦੀ ਗੋਦ ’ਚ ਖੇਡਦੀ ਬੱਚੀ ਦੇ ਸਿਰ ’ਚ ਗੋਲੀ ਲੱਗੀ, ਗੰਭੀਰ...