ਨਵੀਂ ਦਿੱਲੀ (ਸਮਾਜ ਵੀਕਲੀ) :ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ’ਤੇ ਕਾਂਗਰਸ ਨੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਲਾਬਾਜ਼ਾਰੀ ਵਿਰੁੱਧ ਸਖ਼ਤ ਕਦਮ ਚੁੱਕੇ ਜਾਣ ਤੇ ਖ਼ੁਰਾਕੀ ਪਦਾਰਥਾਂ ਦਾ ਬਾਜ਼ਾਰ ਵਿੱਚ ਲੋੜੀਂਦਾ ਸਟਾਕ ਭੇਜਿਆ ਜਾਵੇ। ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਦੋਸ਼ ਲਾਇਆ ਕਿ ਸਰਕਾਰ ਸਥਿਤੀ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਤੇ ਸਟਾਕ ਨੂੰ ਸੜਨ ਅਤੇ ਲੋਕਾਂ ਨੂੰ ਤੰਗ ਰਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਹੈ ਤੇ ਸਿਰਫ਼ ਕੋਵਿਡ ਹੀ ਲੋਕਾਂ ਦਾ ਉਤਸ਼ਾਹ ਠੰਢਾ ਨਹੀਂ ਪਾ ਰਿਹਾ, ਨਿੱਤ ਵੱਧ ਰਹੀਆਂ ਕੀਮਤਾਂ ਵੀ ਪ੍ਰੇਸ਼ਾਨ ਕਰ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੋਈ ਰਾਹਤ ਪੈਕੇਜ ਨਹੀਂ ਮਿਲਿਆ ਤੇ ਆਰਥਿਕਤਾ ਉੱਭਰਨ ਲਈ ਸੰਘਰਸ਼ ਕਰ ਰਹੀ ਹੈ। ਵੱਲਭ ਨੇ ਕਿਹਾ ਸਰਕਾਰ ਨੂੰ ਲੋਕਾਂ ਦਾ ਸਾਥ ਦੇਣ, ਮੰਗ ਵਧਾਉਣ ਲਈ ਰਾਹ ਤਲਾਸ਼ਣੇ ਚਾਹੀਦੇ ਹਨ, ਪਰ ਉਸ ਦੇ ਉਲਟ ਸਰਕਾਰ ਲੋਕਾਂ ਕੋਲੋਂ ਜਿੰਨਾ ਹੋ ਸਕੇ ਲੈ ਲੈਣਾ ਚਾਹੁੰਦੀ ਹੈ ਤੇ ਉਨ੍ਹਾਂ ਨੂੰ ਬੇਵੱਸ ਛੱਡ ਰਹੀ ਹੈ।