ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਤੀਜੇ ਅਤੇ ਆਖ਼ਰੀ ਮੈਚ ਵਿੱਚ ਮੇਜ਼ਬਾਨ ਦੱਖਣੀ ਕੋਰੀਆ ਤੋਂ 0-4 ਨਾਲ ਹਾਰ ਝੱਲਣੀ ਪਈ। ਹਾਲਾਂਕਿ ਭਾਰਤੀ ਟੀਮ ਪਹਿਲਾਂ ਹੀ ਲੜੀ ਆਪਣੇ ਨਾਮ ਕਰ ਚੁੱਕੀ ਹੈ। ਭਾਰਤ ਨੇ ਇਸ ਤੋਂ ਪਹਿਲਾਂ ਦੋ ਮੈਚਾਂ ਵਿੱਚ ਕੋਰੀਆ ’ਤੇ ਲਗਾਤਾਰ 2-1 ਦੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਲੜੀ ਜਿੱਤ ਲਈ ਸੀ। ਮੇਜ਼ਬਾਨ ਟੀਮ ਨੇ ਸਰਕਲ ਵਿੱਚ ਕਾਫ਼ੀ ਸਫ਼ਲ ਹਮਲੇ ਕੀਤੇ, ਜਿਸ ਕਾਰਨ ਸ਼ੁਰੂ ਤੋਂ ਹੀ ਭਾਰਤੀ ਡਿਫੈਂਸ ਕਾਫ਼ੀ ਦਬਾਅ ਵਿੱਚ ਆ ਗਿਆ। ਮੇਜ਼ਬਾਨ ਖਿਡਾਰਨਾਂ ਨੇ ਪੰਜ ਪੈਨਲਟੀ ਕਾਰਨਰ ਬਣਾਏ ਅਤੇ 29ਵੇਂ ਮਿੰਟ ਵਿੱਚ ਇੱਕ ਨੂੰ ਗੋਲ ਵਿੱਚ ਬਦਲ ਦਿੱਤਾ। ਜਾਂਗ ਹੀਸਨ ਨੇ ਇਹ ਗੋਲ ਕਰਕੇ ਟੀਮ ਲਈ ਸ਼ੁਰੂਆਤ ਕੀਤੀ। ਕਿਮ ਹਿਊਜੀ ਅਤੇ ਕਾਂਗ ਜਿਨਾ ਨੇ 41ਵੇਂ ਮਿੰਟ ਵਿੱਚ ਲਗਾਤਾਰ ਗੋਲ ਕੀਤੇ। ਤਿੰਨ ਗੋਲ ਗੁਆਉਣ ਮਗਰੋਂ ਭਾਰਤ ਦਾ ਮਨੋਬਲ ਡਿੱਗ ਗਿਆ ਸੀ। ਲੀ ਯੂਰੀ ਨੇ 53ਵੇਂ ਮਿੰਟ ਵਿੱਚ ਚੌਥਾ ਗੋਲ ਦਾਗ਼ਿਆ। ਭਾਰਤੀ ਕੋਚ ਸਯੋਰਡ ਮਾਰਿਨ ਨੇ ਕਿਹਾ, ‘‘ਸਿੱਖਣ ਦੀ ਪ੍ਰਕਿਰਿਆ ਹਮੇਸ਼ਾ ਉਤਰਾਅ-ਚੜ੍ਹਾਅ ਵਾਲੀ ਰਹਿੰਦੀ ਹੈ ਅਤੇ ਅੱਜ ਇਸ ਦਾ ਤਜਰਬਾ ਵੀ ਹੋ ਗਿਆ, ਜਿੱਥੇ ਸਾਨੂੰ ਸ਼ੁਰੂ ਤੋਂ ਹੀ ਝਟਕੇ ਲੱਗੇ, ਜਿਨ੍ਹਾਂ ਤੋਂ ਅਸੀਂ ਉਭਰ ਨਹੀਂ ਸਕੇ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਅਨੁਭਵ ਤੋਂ ਸਬਕ ਨਹੀਂ ਲਵਾਂਗੇ।’’
Sports ਮਹਿਲਾ ਹਾਕੀ: ਕੋਰੀਆ ਨੇ ਭਾਰਤ ਤੋਂ ਤੀਜਾ ਮੈਚ ਜਿੱਤਿਆ