ਭਾਰਤੀ ਮਹਿਲਾ ਫੁਟਬਾਲ ਟੀਮ ਨੇ ਅੱਜ ਓਲੰਪਿਕ ਕੁਆਲੀਫਾਇਰ ਦੇ ਦੂਜੇ ਗੇੜ ਦੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 2-0 ਗੋਲਾਂ ਨਾਲ ਹਰਾ ਕੇ 2020 ਟੋਕੀਓ ਖੇਡਾਂ ਲਈ ਕੁਆਲੀਫਾਈ ਕਰਨ ਵੱਲ ਕਦਮ ਵਧਾ ਲਿਆ ਹੈ। ਡੈਂਗਮਈ ਗਰੇਸ (27ਵੇਂ ਅਤੇ 67ਵੇਂ ਮਿੰਟ) ਦੇ ਦੋ ਗੋਲਾਂ ਨੇ ਦੋਵਾਂ ਟੀਮਾਂ ਵਿਚਾਲੇ ਜਿੱਤ-ਹਾਰ ਦਾ ਫ਼ਰਕ ਪੈਦਾ ਕਰ ਦਿੱਤਾ।
ਭਾਰਤੀ ਟੀਮ ਨੇ ਫੁਟਬਾਲ ’ਤੇ ਕਬਜ਼ਾ ਜਮਾਉਣ ਅਤੇ ਮੌਕੇ ਬਣਾਉਣ ਦੋਵਾਂ ਮਾਮਲਿਆਂ ਵਿੱਚ ਦਬਦਬਾ ਬਣਾਈ ਰੱਖਿਆ। ਭਾਰਤੀ ਕੋਚ ਮੇਅਮੋਲ ਰੌਕੀ ਨੇ ਮੈਚ ਮਗਰੋਂ ਕਿਹਾ, ‘‘ਅਸੀਂ ਆਪਣੀ ਕੁਆਲੀਫਾਈਂਗ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੁੰਦੇ ਸੀ ਅਤੇ ਅਜਿਹਾ ਹੀ ਕੀਤਾ। ਇੰਡੋਨੇਸ਼ੀਆ ਸਖ਼ਤ ਵਿਰੋਧੀ ਸਾਬਤ ਹੋਇਆ, ਪਰ ਅਸੀਂ ਤਿੰਨ ਅੰਕ ਹਾਸਲ ਕਰਨ ਵਿੱਚ ਸਫਲ ਰਹੇ।’’
ਉਸ ਨੇ ਕਿਹਾ, ‘‘ਜਿੱਤ ਦੀ ਲੈਅ ਬਰਕਰਾਰ ਰੱਖਣਾ ਅਹਿਮ ਹੈ ਅਤੇ ਅਸੀਂ ਅਜਿਹਾ ਕਰਨ ਵਿੱਚ ਸਫਲ ਰਹੇ। ਅਸੀਂ ਇੱਕ ਵਾਰ ਇੱਕ ਮੈਚ ’ਤੇ ਧਿਆਨ ਦੇ ਰਹੇ ਹਾਂ ਅਤੇ ਸਾਡਾ ਧਿਆਨ ਹੁਣ ਅਗਲੇ ਵਿਰੋਧੀ ਨੇਪਾਲ ’ਤੇ ਹੈ।’’ ਭਾਰਤ ਆਪਣਾ ਅਗਲਾ ਮੈਚ ਛੇ ਅਪਰੈਲ ਨੂੰ ਨੇਪਾਲ ਨਾਲ ਖੇਡੇਗਾ। ਲਗਾਤਾਰ ਪੰਜਵੇਂ ਸੈਫ਼ ਖ਼ਿਤਾਬ ਮਗਰੋਂ ਜਿੱਤ ਦੀ ਲੈਅ ਹਾਸਲ ਕਰਨ ਵਿੱਚ ਸਫਲ ਰਹੀ ਭਾਰਤੀ ਮਹਿਲਾ ਟੀਮ ਨੇ ਸ਼ੁਰੂਆਤੀ ਮਿੰਟ ਵਿੱਚ ਹੀ ਵਿਰੋਧੀ ਟੀਮ ’ਤੇ ਦਬਾਅ ਪਾਇਆ।
ਸੰਜੂ ਅਤੇ ਰਤਨਬਾਲਾ ਦੇਵੀ ਨੇ ਵਿਰੋਧੀ ਟੀਮ ਦੇ ਡਿਫੈਂਸ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ। ਸੰਜੂ ਦੇ 24ਵੇਂ ਮਿੰਟ ’ਤੇ ਦਿੱਤੇ ਪਾਸ ’ਤੇ ਇੰਡੋਨੇਸ਼ੀਆ ਦੀ ਇੱਕ ਡਿਫੈਂਡਰ ਆਤਮਘਾਤੀ ਗੋਲ ਕਰਨ ਦੇ ਨੇੜੇ ਪਹੁੰਚ ਗਈ ਸੀ, ਪਰ ਖ਼ਤਰਾ ਟਲ ਗਿਆ। ਸੰਧਿਆ ਨੇ 26ਵੇਂ ਮਿੰਟ ਵਿੱਚ ਸੰਜੂ ਦੇ ਪਾਸ ’ਤੇ ਖੱਬੇ ਪਾਸਿਓਂ ਸ਼ਾਨਦਾਰ ਮੌਕਾ ਬਣਾਇਆ, ਪਰ ਉਸ ਦੇ ਸ਼ਾਟ ਨੂੰ ਇੰਡੋਨੇਸ਼ਿਆਈ ਗੋਲਕੀਪਰ ਰਿਸਕਾ ਯੁਲਿਆਂਤੀ ਨੇ ਰੋਕ ਲਿਆ। ਡੈਂਗਮਈ ਨੇ ਹਾਲਾਂਕਿ ਰੀਬਾਊਂਡ ’ਤੇ ਗੋਲ ਦਾਗ਼ ਕੇ ਭਾਰਤ ਨੂੰ 27ਵੇਂ ਮਿੰਟ ਵਿੱਚ ਲੀਡ ਦਿਵਾਈ। ਮੈਚ ਦੇ ਅੱਧ ਤੱਕ ਭਾਰਤੀ ਟੀਮ 1-0 ਗੋਲ ਨਾਲ ਅੱਗੇ ਸੀ।
ਭਾਰਤ ਨੇ ਦੂਜੇ ਹਾਫ਼ ਵਿੱਚ ਵੀ ਹਮਲਾਵਰ ਖੇਡ ਜਾਰੀ ਰੱਖੀ। ਰਤਨਬਾਲਾ ਦੇਵੀ ਦੇ 56ਵੇਂ ਮਿੰਟ ਵਿੱਚ ਕੀਤੇ ਸ਼ਾਨਦਾਰ ਯਤਨ ਨੂੰ ਇੰਡੋਨੇਸ਼ੀਆ ਦੀ ਗੋਲਕੀਪਰ ਨੇ ਬੂਰ ਨਹੀਂ ਪੈਣ ਦਿੱਤਾ। ਤਿੰਨ ਮਿੰਟ ਮਗਰੋਂ ਡੈਂਗਮਈ ਵੀ ਕਾਫੀ ਨੇੜੇ ਤੋਂ ਗੋਲ ਕਰਨ ਵਿੱਚ ਅਸਫਲ ਰਹੀ। ਹਾਲਾਂਕਿ ਡੈਂਗਮਈ ਨੇ 67ਵੇਂ ਮਿੰਟ ਵਿੱਚ ਇਸ ਗ਼ਲਤੀ ਨੂੰ ਸੁਧਾਰਦਿਆਂ ਭਾਰਤ ਦੀ ਲੀਡ ਦੁੱਗਣੀ ਕਰ ਦਿੱਤੀ, ਜੋ ਫ਼ੈਸਲਾਕੁੰਨ ਸਕੋਰ ਸਾਬਤ ਹੋਇਆ।
Sports ਮਹਿਲਾ ਫੁਟਬਾਲ: ਭਾਰਤ ਦੀ ਓਲੰਪਿਕ ਕੁਆਲੀਫਾਇਰ ’ਚ ਪਹਿਲੀ ਜਿੱਤ