ਟੀਮ ਵਿਚ ਵਾਪਸੀ ਕਰਨ ਵਾਲੀ ਸਮ੍ਰਿਤੀ ਮੰਧਾਨਾ ਤੇ ਜੇਮਿਮਾ ਰੌਡਰਿਗਜ਼ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਫ਼ੈਸਲਾਕੁਨ ਤੀਜੇ ਇਕ ਰੋਜ਼ਾ ਮੈਚ ਵਿਚ ਵੈਸਟ ਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਸੱਟ ਕਾਰਨ ਪਹਿਲੇ ਦੋ ਮੈਚਾਂ ਵਿਚੋਂ ਬਾਹਰ ਰਹੀ ਮੰਧਾਨਾ ਨੇ 63 ਗੇਂਦਾਂ ਵਿਚ 74 ਦੌੜਾਂ ਜੋੜੀਆਂ ਅਤੇ ਰੌਡਰਿਗਜ਼ ਨਾਲ 141 ਦੌੜਾਂ ਦੀ ਭਾਈਵਾਲੀ ਕੀਤੀ। ਰੌਡਰਿਗਜ਼ ਨੇ 92 ਗੇਂਦਾਂ ਵਿਚ 69 ਦੌੜਾਂ ਬਣਾਈਆਂ। ਭਾਰਤ ਨੇ 195 ਦੌੜਾਂ ਦਾ ਟੀਚਾ 42.1 ਓਵਰਾਂ ਵਿਚ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਵੈਸਟ ਇੰਡੀਜ਼ ਨੂੰ 50 ਓਵਰਾਂ ਵਿਚ 194 ਦੌੜਾਂ ’ਤੇ ਆਊਟ ਕਰ ਦਿੱਤਾ। ਆਪਣੀ ਪਾਰੀ ਦੌਰਾਨ ਮੰਧਾਨਾ ਇਕ ਰੋਜ਼ਾ ਕ੍ਰਿਕਟ ਵਿਚ ਸਭ ਤੋਂ ਤੇਜ਼ੀ ਨਾਲ 2000 ਦੌੜਾਂ ਬਣਾਉਣ ਵਾਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ। ਉਸ ਨੇ ਇਹ ਕਾਰਨਾਮਾ 51ਵੀਂ ਪਾਰੀ ਦੌਰਾਨ ਕੀਤਾ ਹੈ। ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ 30 ਦੌੜਾਂ ਦੇ ਕੇ 2 ਤੇ ਲੈੱਗ ਸਪਿੰਨਰ ਪੂਨਮ ਯਾਦਵ ਨੇ 35 ਦੌੜਾਂ ਦੇ ਕੇ ਦੋ ਵਿਕਟ ਲਏ। ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਤੇ ਲੈੱਗ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਨੇ ਸ਼ੁਰੂਆਤੀ ਵਿਕਟ ਲਏ। ਵੈਸਟ ਇੰਡੀਜ਼ ਲਈ ਸਟੈਫ਼ਨੀ ਟੇਲਰ ਨੇ 79 ਦੌੜਾਂ ਦੀ ਪਾਰੀ ਖੇਡੀ ਪਰ ਵਿਕਟ ਦੇ ਦੂਜੇ ਪਾਸਿਓਂ ਉਨ੍ਹਾਂ ਨੂੰ ਕੋਈ ਖਾਸ ਸਹਿਯੋਗ ਨਹੀਂ ਮਿਲਿਆ। ਏਟਾਸੀ ਐੱਨ ਕਿੰਗ ਨੇ 45 ਦੌੜਾਂ ਦੇ ਕੇ 38 ਦੌੜਾਂ ਬਣਾਈਆਂ। ਮੰਧਾਨਾ ਦਾ ਫਰਵਰੀ ਵਿਚ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਤੋਂ ਬਾਅਦ ਇਹ ਪਹਿਲਾ ਇਕ ਰੋਜ਼ਾ ਹੈ। ਉਨ੍ਹਾਂ ਇੰਗਲੈਂਡ ਖ਼ਿਲਾਫ਼ ਮੁੰਬਈ ਵਿਚ 63 ਤੇ 66 ਦੌੜਾਂ ਬਣਾਈਆਂ ਸਨ। ਦੋਵੇਂ ਟੀਮਾਂ ਹੁਣ ਪੰਜ ਮੈਚਾਂ ਦੀ ਟੀ20 ਲੜੀ ਖੇਡਣਗੀਆਂ ਜੋ ਗ੍ਰੌਸ ਆਈਲੈੱਟ ਵਿਚ ਸ਼ੁਰੂ ਹੋਵੇਗੀ। ਵੈਸਟ ਇੰਡੀਜ਼ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖ ਕੇ ਟੀਮ ਤਿਆਰ ਕਰ ਰਿਹਾ ਹੈ। ਟੀ20 ਲੜੀ ਦਾ ਪਹਿਲਾ ਮੈਚ 9 ਤੇ ਦੂਜਾ ਦਸ ਨਵੰਬਰ ਨੂੰ ਡੈਰੇਨ ਸੈਮੀ ਕੌਮੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਮੈਚ 14, 17 ਤੇ 20 ਨਵੰਬਰ ਨੂੰ ਗਯਾਨਾ ਵਿਚ ਹੋਣਗੇ। ਹਰਫ਼ਨਮੌਲਾ ਸ਼ਕੀਰਾ ਸਲਮਾਨ ਨੇ ਭਾਰਤ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਟੀ20 ਲੜੀ ਲਈ ਵੈਸਟ ਇੰਡੀਜ਼ ਦੀ ਟੀਮ ਵਿਚ ਵਾਪਸੀ ਕੀਤੀ ਹੈ।
Sports ਮਹਿਲਾ ਕ੍ਰਿਕਟ: ਭਾਰਤ ਨੇ ਵੈਸਟ ਇੰਡੀਜ਼ ਤੋਂ ਲੜੀ ਜਿੱਤੀ