ਨੰਗਲ (ਸਮਾਜਵੀਕਲੀ) – ਹਿਮਾਚਲ ਪ੍ਰਦੇਸ਼ ਵੱਲੋਂ ਦੇਸ਼ ਦੇ ਵੱਖ ਵੱਖ ਕੋਨਿਆਂ ਵਿਚ ਫਸੇ ਹੋਏ ਆਪਣੇ ਨਾਗਰਿਕਾਂ ਨੂੰ ਹੱਦੋਂ ਵੱਧ ਈ-ਪਾਸ ਜਾਰੀ ਕੀਤੇ ਜਾਣ ’ਤੇ ਨੰਗਲ ਦੇ ਨਾਲ ਲਗਦੇ ਹਿਮਾਚਲ ਦੇ ਮਹਿਤਪੁਰ ਬਾਰਡਰ ’ਤੇ ਵਾਹਨਾਂ ਦੀਆਂ ਲਗਭਗ ਦੋ ਕਿਲੋਮੀਟਰ ਤਕ ਲੰਬੀਆਂ ਕਤਾਰਾਂ ਲੱਗ ਗਈਆਂ ਹਨ।
ਇਸ ਨਾਲ ਲੌਕਡਾਊਨ ਦੀਆਂ ਧੱਜੀਆਂ ਉੱਡ ਗਈਆਂ। ਹਿਮਾਚਲ ਪ੍ਰਦੇਸ਼ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਨ੍ਹਾਂ ਲੋਕਾਂ ਦਾ ਮੈਡੀਕਲ ਕੀਤਾ ਜਾਣਾ ਸੀ ਪਰ ਅਚਾਨਕ ਹੀ ਬਿਨ੍ਹਾਂ ਅਗਾਊਂ ਸੂਚਨਾ ਦੇ ਕਰੀਬ 5 ਹਜ਼ਾਰ ਲੋਕਾਂ ਦੇ ਬਾਰਡਰ ’ਤੇ ਪਹੁੰਚਣ ਨਾਲ ਨੰਗਲ ਪੁਲੀਸ ਨੂੰ ਭਾਜੜਾਂ ਪੈ ਗਈਆਂ।
ਹਿਮਾਚਲ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਅਣਗਿਣਤ ਈ-ਪਾਸ ਤਾਂ ਜਾਰੀ ਕਰ ਦਿੱਤੇ ਗਏ ਪਰ ਬਾਰਡਰ ’ਤੇ ਉਨ੍ਹਾਂ ਦੇ ਮੈਡੀਕਲ ਲਈ ਸਿਰਫ਼ ਦੋ ਕਾਊਂਟਰਾਂ ਦਾ ਹੀ ਪ੍ਰਬੰਧ ਕੀਤਾ ਗਿਆ ਸੀ। ਇਸ ਕਾਰਨ ਲੋਕਾਂ ਨੂੰ ਕਾਫ਼ੀ ਦੇਰ ਤੱਕ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਿਆ।
ਨੰਗਲ ਦੇ ਡੀਐੱਸਪੀ ਯੂ ਸੀ ਚਾਵਲਾ ਅਤੇ ਐੱਸਐੱਚਓ ਪਵਨ ਚੌਧਰੀ ਨੇ ਭਾਰੀ ਪੁਲੀਸ ਬਲ ਨਾਲ ਮੌਕੇ ’ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਹੇਠ ਕੀਤਾ।
ਐੱਸਐੱਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਹਿਮਾਚਲ ਸਰਕਾਰ ਨੇ ਪਹਿਲਾਂ ਕੋਈ ਵੀ ਅਗਾਊਂ ਸੂਚਨਾ ਨਹੀਂ ਦਿੱਤੀ ਸੀ ਜਿਸ ਕਾਰਨ ਇਥੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਇਸ ਮੌਕੇ ਸਬ ਇੰਸਪੈਕਟਰ ਰਾਹੁਲ ਸ਼ਰਮਾ, ਨਵਾਂ ਨੰਗਲ ਚੌਕੀ ਇਚਾਰਜ ਨਰਿੰਦਰ ਸਿੰਘ ਆਦਿ ਵੀ ਮੌਜੂਦ ਸਨ।