ਮੁੰਬਈ, (ਸਮਾਜ ਵੀਕਲੀ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਸੂਬੇ ’ਚ ਧਾਰਮਿਕ ਸਥਾਨ ਮੁੜ ਖੋਲ੍ਹਣ ਦੇ ਸੰਕੇਤ ਦਿੰਦਿਆਂ ਕਿਹਾ ਕਿ ਦੀਵਾਲੀ ਮਗਰੋਂ ਭੀੜ ਤੋਂ ਬਚਣ ਅਤੇ ਸਰੀਰਕ ਦੂਰੀ ਯਕੀਨੀ ਬਣਾਈ ਰੱਖਣ ਲਈ ਮਾਨਕ ਸੰਚਾਲਨ ਪ੍ਰਕਿਰਿਆ ਤਿਆਰ ਕੀਤੀ ਜਾਵੇਗੀ।
ਇੱਕ ਵੈੱਬਕਾਸਟ ’ਚ ਠਾਕਰੇ ਨੇ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਦੁਬਾਰਾ ਖੋਲ੍ਹਣ ’ਚ ਜਲਦਬਾਜ਼ੀ ਨਾ ਕੀਤੇ ਜਾਣ ਕਾਰਨ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ।
ਉਨ੍ਹਾਂ ਕਿਹਾ, ‘ਜੇਕਰ ਇਸ ਨਾਲ ਨਾਗਰਿਕਾਂ ਦੀ ਭਲਾਈ ਹੁੰਦੀ ਹੈ ਤਾਂ ਮੈਂ ਆਲੋਚਨਾ ਸਹਿਣ ਲਈ ਤਿਆਰ ਹਾਂ। ਪੂਜਾ ਸਥਾਨਾਂ ’ਤੇ ਭੀੜ ਤੋਂ ਬਚਣ ਅਤੇ ਸਰੀਰਕ ਦੂਰੀ ਯਕੀਨੀ ਬਣਾਈ ਰੱਖਣ ਲਈ ਮਾਨਕ ਸੰਚਾਲਨ ਪ੍ਰਕਿਰਿਆ ਦਾ ਖਰੜਾ ਤਿਆਰ ਕੀਤਾ ਜਾਵੇਗਾ।’
ਸ੍ਰੀ ਠਾਕਰੇ ਨੇ ਕਿਹਾ ਕਿ ਪੂਜਾ ਸਥਾਨਾਂ ’ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਜਨਤਕ ਥਾਵਾਂ ’ਤੇ ਪਟਾਕੇ ਚਲਾਉਣ ਤੋਂ ਬਚਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ, ‘ਮੈਂ ਇਸ ’ਤੇ ਪਾਬੰਦੀਆਂ ਨਹੀਂ ਲਗਾਉਣਾ ਚਾਹੁੰਦਾ। ਸਾਨੂੰ ਇੱਕ ਦੂਜੇ ’ਤੇ ਭਰੋਸਾ ਰੱਖਣਾ ਚਾਹੀਦਾ ਹੈ।’
ਦਿੱਲੀ ’ਚ ਕਰੋਨਾ ਲਾਗ ਦੇ ਕੇਸਾਂ ’ਚ ਵਾਧੇ ਲਈ ਪ੍ਰਦੂਸ਼ਨ ਨੂੰ ਕਾਰਨ ਦੱਸੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘ਸਾਨੂੰ ਪਟਾਕੇ ਚਲਾਉਣ ’ਤੇ ਸਵੈ-ਕੰਟਰੋਲ ਅਤੇ ਸਬਰ ਰੱਖਣਾ ਚਾਹੀਦਾ ਹੈ। ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਵਧਦਾ ਹੈ। ਦੀਵਾਲੀ ਦੇ ਚਾਰ ਦਿਨਾਂ ਦੇ ਤਿਉਹਾਰ ਦੌਰਾਨ ਪ੍ਰਦੂਸ਼ਣ ਫੈਲਾ ਕੇ ਮਹਾਮਾਰੀ ਖ਼ਿਲਾਫ਼ ਸਾਡੀ 9 ਮਹੀਨਿਆਂ ਤੋਂ ਕੀਤੀ ਜਾ ਰਹੀ ਮਿਹਨਤ ਨੂੰ ਬਰਬਾਦ ਨਾ ਕਰੋ।’ ਉਨ੍ਹਾਂ ਕਿਹਾ ਕਿ ਸੂਬੇ ’ਚ ਕੰਮਕਾਜ ਹੌਲੀ-ਹੌਲੀ ਦੁਬਾਰਾ ਖੁੱਲ ਰਹੇ ਹਨ। ਪਰ ਸਾਨੂੰ ਸਾਵਧਾਨੀ ਵਰਤਣੀ ਪਵੇਗੀ ਅਤੇ ਯਕੀਨੀ ਬਣਾਉਣਾ ਪਵੇਗਾ ਕਿ ਕਿਤੇ ਮਹਾਮਾਰੀ ਦੀ ਦੂਜੀ ਲਹਿਰ ਤਾਂ ਨਹੀਂ ਉਪਜ ਰਹੀ।