ਮਹਾਰਾਸ਼ਟਰ: ਭਾਰੀ ਮੀਂਹ ਕਾਰਨ ਗਈਆਂ 35 ਜਾਨਾਂ

ਪੁਣੇ ਅਤੇ ਮੁੰਬਈ ਵਿੱਚ ਕੰਧਾਂ ਡਿੱਗਣ ਕਾਰਨ 24 ਮੌਤਾਂ

ਮਹਾਰਾਸ਼ਟਰ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਅੱਜ 35 ਵਿਅਕਤੀ ਮਾਰੇ ਗਏ ਹਨ। ਮੁੰਬਈ ਵਿੱਚ ਕੰਧਾਂ ਡਿੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਵੱਲੋਂ ਮੰਗਲਵਾਰ ਨੂੰ ਭਾਰੀ ਮੀਂਹ ਪੈਣ ਦੀ ਦਿੱਤੀ ਚਿਤਾਵਨੀ ਬਾਅਦ ਹਾਲਤ ਦੀ ਗੰਭੀਰਤਾ ਨੂੰ ਦੇਖਦਿਆਂ ਮੁੰਬਈ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਛੁੱਟੀ ਕਰ ਦਿੱਤੀ ਗਈ ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਣ ਦੀ ਵੀ ਅਪੀਲ ਕੀਤੀ ਗਈ। ਮੁੰਬਈ ਯੂਨੀਵਰਸਿਟੀ ਨੇ ਵੀ ਬੀਐੱਸਸੀ ਕੰਪਿਊਟਰ ਸਾਇੰਸ ਦੇ ਪਹਿਲੇ ਅਤੇ ਦੂਜੇ ਸਾਲ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਮੰਗਲਵਾਰ ਨੂੰ ਸਵੇਰੇ ਪਏ ਭਾਰੀ ਮੀਂਹ ਕਾਰਨ ਮੁੰਬਈ ਨੇੜੇ ਮਲਾਡ ਵਿੱਚ ਕੰਧ ਡਿਗ ਪਈ ਜਿਸ ਦੇ ਥੱਲੇ ਆ ਕੇ 21 ਵਿਅਕਤੀ ਮਾਰੇ ਗਏ ਅਤੇ 78 ਜ਼ਖ਼ਮੀ ਹੋ ਗਏ। ਮਲਾਡ ਵਿੱਚ ਰਾਹਤ ਕਾਮਿਆਂ ਨੇ ਇੱਕ ਪੰਦਰਾਂ ਸਾਲ ਦੀ ਲੜਕੀ ਨੂੰ ਮਲਬੇ ਥੱਲਿਓਂ ਬਾਹਰ ਕੱਢ ਲਿਆ ਪਰ ਲੜਕੀ ਨੂੰ ਬਾਅਦ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਮਲਾਡ ਵਿੱਚ ਹੀ ਦੋ ਵਿਅਕਤੀ ਹੜ੍ਹ ਆਉਣ ਕਾਰਨ ਕਾਰ ਵਿੱਚ ਘਿਰ ਗਏ ਅਤੇ ਕਾਰ ਹੜ੍ਹ ਦੇ ਪਾਣੀ ਵਿੱਚ ਹੜ੍ਹ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮੁਲੁੰਦ ਵਿੱਚ ਇੱਕ ਚੌਕੀਦਾਰ ਕੰਧ ਥੱਲੇ ਆ ਕੇ ਮਾਰਿਆ ਗਿਆ। ਵਿਲੈ ਪਾਰਲੇ ਵਿੱਚ ਇੱਕ ਵਿਅਕਤੀ ਕਰੰਟ ਲੱਗਣ ਕਾਰਨ ਮਾਰਿਆ ਗਿਆ। ਇਸ ਤੋਂ ਇਲਾਵਾ ਪੁਣੇ ਵਿੱਚ ਅੰਬੇਗਾਓਂ ਇਲਾਕੇ ਵਿੱਚ ਸੋਮਵਾਰ ਰਾਤ ਨੂੰ ਕੰਧ ਡਿਗਣ ਕਾਰਨ 6 ਮਜ਼ਦੂਰ ਮਾਰੇ ਗਏ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਹਨ। ਥਾਨੇ ਦੇ ਕਲਿਆਨ ਵਿੱਚ ਕੰਧ ਡਿੱਗਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਹਨ। ਬੁਲਧਾਨਾ ਜ਼ਿਲ੍ਹੇ ਵਿੱਚ ਆਸਮਾਨੀ ਬਿਜਲੀ ਡਿਗਣ ਕਾਰਨ ਇੱਕ 50 ਸਾਲ ਦੀ ਔਰਤ ਮਾਰੀ ਗਈ ਹੈ। ਐਤਵਾਰ ਤੱਕ ਪਏ ਭਾਰੀ ਮੀਂਹ ਕਾਰਨ ਸੜਕ ਆਵਾਜਾਈ, ਰੇਲ ਅਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਹੀ ਖ਼ਰਾਬ ਮੌਸਮ ਕਾਰਨ ਵੱਡੀ ਗਿਣਤੀ ਵਿੱਚ ਰੇਲਾਂ ਅਤੇ ਸ਼ਿਵਾ ਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉੱਤਰਨ ਵਾਲੀਆਂ 54 ਉਡਾਣਾਂ ਹੋਰ ਥਾਈਂ ਉਤਾਰੀਆਂ ਗਈਆਂ ਅਤੇ 52 ਰੱਦ ਕਰ ਦਿੱਤੀਆਂ ਗਈਆਂ। ਨਿਗਮ ਦੇ 1400 ਪੰਪ ਨੀਵੀਂਆਂ ਥਾਵਾਂ ਤੋਂ ਪਾਣੀ ਭਰਨ ਵਿੱਚ ਲੱਗੇ ਹੋਏ ਹਨ। ਅੱਜ ਮੁੰਬਈ ਵਿੱਚ ਪਏ ਭਾਰੀ ਮੀਂਹ ਕਾਰਨ ਪੂਰਬੀ ਮਲਾਡ ਦੇ ਪਿੰਪਲੀਪਾੜਾ ਇਲਾਕੇ ਵਿੱਚ ਇੰਕ ਉਰਦੂ ਸਕੂਲ ਦੀ ਬਾਹਰੀ ਕੰਧ ਡਿੱਗ ਗਈ ਅਤੇ ਇਸ ਦੇ ਨਾਲ ਬਣੀਆ ਕੁੱਲੀਆਂਵਿੱਚ ਰਹਿੰਦੇ ਲੋਕਾਂ ਦੇ ਮਲਬੇ ਥੱਲੇ ਦੱਬੇ ਜਾਣ ਦਾ ਡਰ ਹੈ। ਐਨਡੀਆਰਐੱਫ (ਨੈਸ਼ਨਲ ਡਿਜਾਸਟਰ ਰਿਸਪੌਂਸ ਫੋਰਸ) ਦੇ ਅਧਿਕਾਰੀਆਂ ਅਨੁਸਾਰ ਮਲਬਾ ਹਟਾਉਣ ਅਤੇ ਮਲਬੇ ਥੱਲਿਓਂ ਲੋਕਾਂ ਦੀ ਭਾਲ ਲਈ ਵਿਆਪਕ ਜਤਨ ਆਰੰਭੇ ਗਏ ਹਨ ਅਤੇ ਸੂਹੀਆਂ ਕੁੱਤਿਆਂ ਦੀ ਵੀ ਸਹਾਇਤਾ ਲਈ ਜਾ ਰਹੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੀਐੱਮਸੀ ਡਿਜਾਸਟਰ ਮੈਨੇਜਮੈਂਟ ਕੰਟਰੋਲ ਰੂਮ ਦਾ ਦੌਰਾ ਕੀਤਾ ਅਤੇ ਮੁੰਬਈ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿੱਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਗਲੇ ਦੋ ਦਿਨ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।

Previous articleਵਿਜੈਵਰਗੀਆ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਤਿਆਰੀ
Next articleਮੁਹਾਲੀ ਦਾ ਨੌਜਵਾਨ ਕੈਨੇਡਾ ’ਚ ਡੁੱਬਿਆ