ਮਹਾਰਾਸ਼ਟਰ ’ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਉਡੀਕ ਹੋਰ ਲੰਬੀ ਹੋ ਗਈ ਹੈ। ਭਾਜਪਾ ਨੇ ਵੀਰਵਾਰ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ ਜਦਕਿ ਸ਼ਿਵ ਸੈਨਾ ਅਜੇ ਵੀ ਮੁੱਖ ਮੰਤਰੀ ਅਹੁਦੇ ਲਈ ਅੜੀ ਹੋਈ ਹੈ। ਉਧਰ ਸ਼ਿਵ ਸੈਨਾ ਦੇ ਵਿਧਾਇਕਾਂ ਦੇ ਪਾਲਾ ਬਦਲਣ ਦੇ ਖ਼ਦਸ਼ੇ ਨੂੰ ਦੇਖਦਿਆਂ ਪਾਰਟੀ ਨੇ ਉਨ੍ਹਾਂ ਨੂੰ ਰੰਗਸ਼ਾਰਦਾ ਹੋਟਲ ’ਚ ਤਬਦੀਲ ਕਰ ਦਿੱਤਾ ਹੈ। ਪਾਰਟੀ ਮੁਖੀ ਊਧਵ ਠਾਕਰੇ ਨੇ ਕਿਹਾ ਹੈ ਕਿ ਭਾਜਪਾ ਉਨ੍ਹਾਂ ਕੋਲ ਤਾਂ ਬਹੁੜੇ ਜੇਕਰ ਉਹ ਸ਼ਿਵ ਸੈਨਾ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਤਿਆਰ ਹੈ। ਠਾਕਰੇ ਨੇ ਵੀਰਵਾਰ ਨੂੰ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਇਕ ਘੰਟੇ ਤੱਕ ਮੁਲਾਕਾਤ ਕੀਤੀ। ਇਸ ਦੌਰਾਨ ਸ਼ਿਵ ਸੈਨਾ ਦੇ ਵਿਧਾਇਕਾਂ ਨੇ ਮਤਾ ਪਾਸ ਕਰਕੇ ਮਹਾਰਾਸ਼ਟਰ ’ਚ ਸਰਕਾਰ ਦੇ ਗਠਨ ਸਬੰਧੀ ਅੰਤਿਮ ਫ਼ੈਸਲਾ ਲੈਣ ਲਈ ਊਧਵ ਠਾਕਰੇ ਨੂੰ ਅਧਿਕਾਰ ਦੇ ਦਿੱਤੇ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਉਤ ਨੇ ਕਿਹਾ ਕਿ ਧਮਕੀਆਂ ਅਤੇ ਬਲੈਕਮੇਲ ਕੰਮ ਨਹੀਂ ਕਰਨਗੇ। ‘ਸਾਡੇ ਕੋਲ ਸਰਕਾਰ ਬਣਾਉਣ ਦੇ ਹੋਰ ਰਾਹ ਵੀ ਹਨ।’
ਮਹਾਰਾਸ਼ਟਰ ਦੇ ਐਡਵੋਕੇਟ ਜਨਰਲ ਆਸ਼ੂਤੋਸ਼ ਕੁੰਭਾਕੋਨੀ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰਕੇ ਸੰਭਾਵਨਾਵਾਂ ਵਿਚਾਰੀਆਂ। ਚਰਚਾ ਹੈ ਕਿ ਮੌਜੂਦਾ ਵਿਧਾਨ ਸਭਾ ਦੀ ਮਿਆਦ ਦੋ ਦਿਨਾਂ ’ਚ ਪੁੱਗਣ ਤੋਂ ਪਹਿਲਾਂ ਕਾਰਜਕਾਰੀ ਮੁੱਖ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ। ਨਾਗਪੁਰ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਦੀਆਂ ਕਨਸੋਆਂ ਨੂੰ ਨਕਾਰਦਿਆਂ ਕਰਦਿਆਂ ਕਿਹਾ ਕਿ ਦੇਵੇਂਦਰ ਫੜਨਵੀਸ ਨੂੰ ਨਵੀਂ ਸਰਕਾਰ ਦੀ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਰਐੱਸਐੱਸ ਮੁਖੀ ਮੋਹਨ ਭਾਗਵਤ ਦਾ ਨਾਮ ਮਹਾਰਾਸ਼ਟਰ ’ਚ ਸਰਕਾਰ ਦੇ ਗਠਨ ਨਾਲ ਨਹੀਂ ਜੋੜਨਾ ਚਾਹੀਦਾ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਚੰਦਰਕਾਂਤ ਪਾਟਿਲ ਅਤੇ ਮੰਤਰੀਆਂ ਸੁਧੀਰ ਮੁਨਗੰਟੀਵਾਰ ਤੇ ਗਿਰੀਸ਼ ਮਹਾਜਨ ਸਮੇਤ ਹੋਰ ਆਗੂਆਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਮੌਜੂਦਾ ਹਾਲਾਤ ਦੇ ਕਾਨੂੰਨੀ ਪੱਖਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
INDIA ਮਹਾਰਾਸ਼ਟਰ: ਭਾਜਪਾ-ਸ਼ਿਵ ਸੈਨਾ ’ਚ ਅੜੀ ਬਰਕਰਾਰ