ਮਹਾਰਾਸ਼ਟਰ ’ਚ ਟੁੱਟਿਆ ਭਾਜਪਾ ਦਾ ਗ਼ਰੂਰ

ਪਵਾਰ ਨੇ ਪਲਟੀ ਬਾਜ਼ੀ

ਊਧਵ ਹੋਣਗੇ ਮੁੱਖ ਮੰਤਰੀ;
ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਫੜਨਵੀਸ ਤੇ ਅਜੀਤ ਪਵਾਰ ਵੱਲੋਂ ਅਸਤੀਫ਼ਾ

ਮਹਾਰਾਸ਼ਟਰ ਵਿੱਚ ਪਿਛਲੇ ਇਕ ਮਹੀਨੇ ਤੋਂ ਸਰਕਾਰ ਦੇ ਗਠਨ ਤੇ ਖਾਸ ਕਰਕੇ ਬਹੁਮਤ ਦੇ ਅੰਕੜੇ ਨੂੰ ਲੈ ਕੇ ਚੱਲ ਰਹੀ ਸਿਆਸੀ ਸ਼ਹਿ-ਮਾਤ ਦੀ ਖੇਡ ਵਿੱਚ ਅੱਜ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਹੈ। ਭਾਜਪਾ ਨੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਕਥਿਤ ਛਿੱਕੇ ਟੰਗ ਕੇ ਪਹਿਲਾਂ ਸਰਕਾਰ ਬਣਾਉਣ ਤੇ ਮਗਰੋਂ ਬਚਾਉਣ ਦਾ ਹਰ ਹੀਲਾ ਕੀਤਾ, ਪਰ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਦੇ ‘ਮਹਾ ਵਿਕਾਸ ਅਗਾੜੀ’ ਗੱਠਜੋੜ ਵੱਲੋਂ ਵਿਖਾਏ ‘162 ਦੇ ਦਮ’ ਕਰਕੇ ਭਾਜਪਾ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਅਸਤੀਫ਼ੇ ਨਾਲ ਹਥਿਆਰ ਸੁੱਟਣੇ ਪੈ ਗਏ। ਉਧਰ ਇਸ ਸਿਆਸੀ ਰੱਸਾਕਸ਼ੀ ਦਰਮਿਆਨ ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਮੁੱਖ ਮੰਤਰੀ ਦੀ ਕੁਰਸੀ ਆਪਣੇ ਵੱਲ ਖਿੱਚਣ ਵਿੱਚ ਸਫ਼ਲ ਰਹੇ। ਗੱਠਜੋੜ ਨੇ ਅੱਜ ਸ਼ਾਮੀਂ ਊਧਵ ਨੂੰ ਆਪਣਾ ਆਗੂ ਚੁਣ ਲਿਆ। ਊਧਵ ਨੇ ਮਗਰੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਨਾਲ ਤਿੰਨ ਪਾਰਟੀਆਂ ਦੇ ਵਿਧਾਇਕ ਦਲ ਦੇ ਆਗੂ ਮੌਜੂਦ ਸਨ। ਸ਼ਿਵ ਸੈਨਾ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਊਧਵ ਠਾਕਰੇ 28 ਨਵੰਬਰ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਕਾਂਗਰਸ ਵਿਧਾਇਕ ਦਲ ਦੇ ਆਗੂ ਬਾਲਾਸਾਹਿਬ ਥੋਰਾਟ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਤਿੰਨੋਂ ਪਾਰਟੀਆਂ ਦੀ ਸਾਂਝੀ ਮੀਟਿੰਗ ਦੌਰਾਨ ਊਧਵ ਵੱਲੋਂ ਪਹਿਲੀ ਦਸੰਬਰ ਨੂੰ ਹਲਫ਼ ਲੈਣ ਦਾ ਐਲਾਨ ਕੀਤਾ ਸੀ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਮਹਾਰਾਸ਼ਟਰ ਦੀ ਸੱਤਾ ਵਿੱਚ ਸਾਰਾ ਦਿਨ ਬਦਲਦੇ ਸਮੀਕਰਨਾਂ ਦਰਮਿਆਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਸੁਪਰੀਮ ਕੋਰਟ ਨੇ ਅੱਜ ਸਵੇਰੇ ਪੌਣੇ ਗਿਆਰਾਂ ਵਜੇ ਦੇ ਕਰੀਬ ਕੀਤੇ ਹੁਕਮਾਂ ਵਿੱਚ ਫੜਨਵੀਸ ਸਰਕਾਰ ਨੂੰ ਬੁੱਧਵਾਰ ਸ਼ਾਮ ਪੰਜ ਵਜੇ ਤਕ ਬਹੁਮੱਤ ਸਾਬਤ ਕਰਨ ਦੀ ਹਦਾਇਤ ਕਰਦਿਆਂ ਇਸ ਪੂਰੇ ਅਮਲ ਦੀ ਵੀਡੀਓਗ੍ਰਾਫ਼ੀ ਕਰਨ ਲਈ ਆਖਿਆ। ਇਸ ਮਗਰੋਂ ਦੁਪਹਿਰ ਤਿੰਨ ਵਜੇ ਦੇ ਕਰੀਬ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ.ਪੀ.ਨੱਢਾ ਨਾਲ ਮੀਟਿੰਗ ਕੀਤੀ। ਇਸ ਦੌਰਾਨ ਮੁੰਬਈ ਵਿੱਚ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਦਾਅਵਾ ਕੀਤਾ ਕਿ ਅਜੀਤ ਪਵਾਰ ਹੁਣ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਨਾਲ ਹੈ। ਸ਼ਾਮ ਚਾਰ ਵਜੇ ਦੇ ਕਰੀਬ ਦੇਵੇਂਦਰ ਫੜਨਵੀਸ ਨੇ ਆਪਣਾ ਅਸਤੀਫ਼ਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਸੌਂਪ ਦਿੱਤਾ। ਇਸ ਦੌਰਾਨ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਨੇ ਅੱਜ ਸ਼ਾਮੀਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਆਪਣਾ ਆਗੂ ਚੁਣ ਲਿਆ। ‘ਮਹਾਰਾਸ਼ਟਰ ਵਿਕਾਸ ਅਗਾੜੀ’ ਗੱਠਜੋੜ ਦੀ ਇਸ ਪੇਸ਼ਕਦਮੀ ਨਾਲ ਊਧਵ ਦੇ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ। ਇਹ ਫੈਸਲਾ ਅੱਜ ਇਥੇ ਸਥਾਨਕ ਹੋਟਲ ਵਿੱਚ ਤਿੰਨਾਂ ਪਾਰਟੀਆਂ ਦੀ ਸਾਂਝੀ ਮੀਟਿੰਗ ਵਿੱਚ ਲਿਆ ਗਿਆ। ਮਹਾਰਾਸ਼ਟਰ ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਜੈਯੰਤ ਪਾਟਿਲ ਨੇ ਠਾਕਰੇ ਦੇ ਨਾਂ ਦੀ ਤਜਵੀਜ਼ ਰੱਖੀ ਜਦੋਂਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਾਲਾਸਾਹਿਬ ਥੋਰਾਟ ਨੇ ਇਸ ਦੀ ਤਾਈਦ ਕੀਤੀ।
ਮੀਟਿੰਗ ਵਿੱਚ ਐੱਨਸੀਪੀ ਮੁਖੀ ਸ਼ਰਦ ਪਵਾਰ, ਸੀਨੀਅਰ ਪਾਰਟੀ ਆਗੂ ਪ੍ਰਫੁੱਲ ਪਟੇਲ, ਕਾਂਗਰਸ ਆਗੂ ਅਸ਼ੋਕ ਚਵਾਨ, ਸਵਾਭਿਮਾਨੀ ਸ਼ੇਤਕਾਰੀ ਸੰਗਠਨਾਂ ਦੇ ਰਾਜੂ ਸ਼ੈੱਟੀ, ਸਮਾਜਵਾਦੀ ਪਾਰਟੀ ਦੇ ਅਬੂ ਆਜ਼ਮੀ, ਤਿੰਨੋਂ ਪਾਰਟੀਆਂ ਦੇ ਵਿਧਾਇਕ ਤੇ ਹੋਰ ਹਾਜ਼ਰ ਸਨ। ਊਧਵ, ਸਰਕਾਰੀ ਅਹੁਦਾ ਸੰਭਾਲਣ ਵਾਲੇ ਠਾਕਰੇ ਪਰਿਵਾਰ ਦੇ ਪਹਿਲੇ ਮੈਂਬਰ ਹੋਣਗੇ। ਉਨ੍ਹਾਂ ਦੇ ਮਰਹੂਮ ਪਿਤਾ ਬਾਲ ਠਾਕਰੇ ਕੋਲ ਸਾਲ 1995-99 ਵਿੱਚ ਬਣੀ ਪਹਿਲੀ ਸੈਨਾ-ਭਾਜਪਾ ਗੱਠਜੋੜ ਸਰਕਾਰ ਦਾ ‘ਰਿਮੋਰਟ ਕੰਟਰੋਲ’ ਜ਼ਰੂਰ ਸੀ, ਪਰ ਉਨ੍ਹਾਂ ਸਰਕਾਰ ਵਿੱਚ ਕੋਈ ਅਹੁਦਾ ਨਹੀਂ ਲਿਆ। ਸੂਤਰਾਂ ਮੁਤਾਬਕ ਕਾਂਗਰਸ ਦੇ ਬਾਲਾਸਾਹਿਬ ਥੋਰਾਟ ਤੇ ਐੱਨਸੀਪੀ ਦੇ ਜਯੰਤ ਪਾਟਿਲ ਉਪ ਮੁੱਖ ਮੰਤਰੀਆਂ ਵਜੋਂ ਹਲਫ਼ ਲੈ ਸਕਦੇ ਹਨ।

Previous articleFadnavis, Ajit Pawar, other Maha MLAs take oath
Next articleSharad Pawar: The return of the Maratha strongman to form