ਮਹਾਰਾਸ਼ਟਰ ’ਚ ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਕੁਰਸੀ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ ’ਚ ਗੱਠਜੋੜ ਭਾਈਵਾਲ ਛੇਤੀ ਹੀ ਸਰਕਾਰ ਬਣਾਉਣਗੇ। ਉਨ੍ਹਾਂ ਇਨ੍ਹਾਂ ਅਫ਼ਵਾਹਾਂ ਨੂੰ ਨਕਾਰਿਆ ਕਿ ਸੂਬੇ ’ਚ ਕੋਈ ‘ਦੂਜੇ ਫਾਰਮੂਲੇ’ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਭਾਜਪਾ ਵਿਧਾਇਕ ਦਲ ਦੀ ਅੱਜ ਹੋਈ ਬੈਠਕ ’ਚ ਸ੍ਰੀ ਫੜਨਵੀਸ ਨੂੰ ਮੁੜ ਤੋਂ ਆਗੂ ਚੁਣ ਲਿਆ ਗਿਆ। ਇਸ ਮੌਕੇ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਪਾਰਟੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਕੇਂਦਰੀ ਆਬਜ਼ਰਵਰ ਵਜੋਂ ਹਾਜ਼ਰ ਸਨ। ਭਾਜਪਾ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਮਹਾਰਾਸ਼ਟਰ ਦੇ ਵੋਟਰਾਂ ਦਾ ਫ਼ਤਵਾ ਗੱਠਜੋੜ (ਭਾਜਪਾ-ਸ਼ਿਵ ਸੈਨਾ) ਦੇ ਪੱਖ ’ਚ ਹੈ। ਇਸ ਕਰਕੇ ਗੱਠਜੋੜ ਛੇਤੀ ਹੀ ਸੂਬੇ ’ਚ ਸਰਕਾਰ ਬਣਾਉਣ ਜਾ ਰਿਹਾ ਹੈ।’’ ਸ੍ਰੀ ਫੜਨਵੀਸ ਨੇ ਕਿਹਾ ਕਿ ਬਦਲਵੇਂ ਫਾਰਮੂਲੇ ਬਾਰੇ ਸੂਬੇ ’ਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ ਹੋਈਆਂ ਹਨ ਪਰ ਇਹ ਮਨੋਰੰਜਨ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਉਨ੍ਹਾਂ ਕਿਹਾ ਕਿ 1995 ਤੋਂ ਬਾਅਦ ਸੂਬੇ ’ਚ ਕੋਈ ਵੀ ਪਾਰਟੀ 75 ਤੋਂ ਵੱਧ ਸੀਟਾਂ ਨਹੀਂ ਜਿੱਤ ਸਕੀ ਜਦਕਿ ਭਾਜਪਾ ਨੇ 2014 ’ਚ 122 ਅਤੇ ਹੁਦ 105 ਸੀਟਾਂ ਜਿੱਤੀਆਂ ਹਨ।
INDIA ਮਹਾਰਾਸ਼ਟਰ ’ਚ ‘ਗੱਠਜੋੜ’ ਸਰਕਾਰ ਛੇਤੀ ਬਣੇਗੀ: ਫੜਨਵੀਸ