ਮਹਾਰਾਸ਼ਟਰ: ਊਧਵ ਨੂੰ ਕਮਾਨ ਸੌਂਪਣ ਬਾਰੇ ਸਹਿਮਤੀ

ਮਹਾਰਾਸ਼ਟਰ ’ਚ ਗੱਠਜੋੜ ਸਰਕਾਰ ਬਣਾਉਣ ਲਈ ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ ਰਾਜ਼ੀ ਹੋ ਗਈਆਂ ਹਨ। ਕਾਂਗਰਸ ਅਤੇ ਐੱਨਸੀਪੀ ਦੇ ਆਗੂਆਂ ਨੇ ਅੱਜ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨਾਲ ਮਹਾਰਾਸ਼ਟਰ ’ਚ ਮੁਲਾਕਾਤ ਕਰਕੇ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਬਾਰੇ ਵਿਚਾਰ ਵਟਾਂਦਰਾ ਕੀਤਾ। ਐੱਨਸੀਪੀ ਮੁਖੀ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਨਹਿਰੂ ਸੈਂਟਰ ’ਚ ਬੈਠਕ ਕੀਤੀ। ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ ਕਿ ਊਧਵ ਠਾਕਰੇ ਨੂੰ ਮਹਾਰਾਸ਼ਟਰ ਦੀ ਕਮਾਨ ਸੌਂਪਣ ਬਾਰੇ ਤਿੰਨੋਂ ਪਾਰਟੀਆਂ ’ਚ ਸਹਿਮਤੀ ਬਣ ਗਈ ਹੈ। ਊਧਵ ਠਾਕਰੇ ਨੇ ਕਿਹਾ ਕਿ ਸਾਰੇ ਮੁੱਦਿਆਂ ’ਤੇ ਸਹਿਮਤੀ ਬਣਨ ਮਗਰੋਂ ਉਹ ਸਾਹਮਣੇ ਆਉਣਗੇ। ਤਿੰਨੋਂ ਪਾਰਟੀਆਂ ਵੱਲੋਂ ਕੱਲ ਸਾਂਝੀ ਪ੍ਰੈੱਸ ਕਾਨਫਰੰਸ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ’ਚ ਗੱਠਜੋੜ ਸਰਕਾਰ ਬਣਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਕਾਂਗਰਸ ਆਗੂ ਪ੍ਰਿਥਵੀਰਾਜ ਚਵਾਨ ਨੇ ਕਿਹਾ ਕਿ ਕੱਲ ਵੀ ਤਿੰਨੇ ਪਾਰਟੀਆਂ ਦੀ ਬੈਠਕ ਹੋਵੇਗੀ ਜਿਸ ’ਚ ਸਰਕਾਰ ਬਣਾਉਣ ਦੇ ਮੁੱਦਿਆਂ ਬਾਰੇ ਗੱਲਬਾਤ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਸੈਨਾ ਦੀ ਅਗਵਾਈ ਹੇਠ ਸੂਬੇ ’ਚ ਸਰਕਾਰ ਬਣਾਉਣ ਦੇ ਯਤਨ ਅੰਤਮ ਦੌਰ ’ਚ ਹਨ। ਕਾਂਗਰਸ ਦੇ ਸੀਨੀਅਰ ਆਗੂ ਮਾਨਿਕਰਾਓ ਠਾਕਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਵੇਗਾ ਅਤੇ ਐੱਨਸੀਪੀ ਨੇ ਇਹ ਅਹੁਦਾ ਨਹੀਂ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਪਾਰਟੀਆਂ ਦੇ ਆਗੂਆਂ ਨੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਅਤੇ ਸੱਤਾ ’ਚ ਭਾਈਵਾਲੀ ਬਾਰੇ ਵਿਚਾਰ ਵਟਾਂਦਰਾ ਕੀਤਾ। ਮਹਾਰਾਸ਼ਟਰ ਕਾਂਗਰਸ ਦੇ ਸਾਬਕਾ ਮੁਖੀ ਨੇ ਕਿਹਾ ਕਿ ਕਾਂਗਰਸ-ਐੱਨਸੀਪੀ ਵੱਲੋਂ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਖਰੜੇ ਅਤੇ ਸੱਤਾ ’ਚ ਭਾਈਵਾਲੀ ਬਾਰੇ ਸ਼ਿਵ ਸੈਨਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਿਸੇ ਵੀ ਸੁਝਾਅ ’ਤੇ ਗੌਰ ਕੀਤਾ ਜਾਵੇਗਾ। ਮੀਟਿੰਗ ’ਚ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ, ਸੰਜੈ ਰਾਊਤ (ਸ਼ਿਵ ਸੈਨਾ), ਅਹਿਮਦ ਪਟੇਲ, ਮਲਿਕਾਰਜੁਨ ਖੜਗੇ, ਕੇ ਸੀ ਵੇਣੂਗੋਪਾਲ, ਅਵਿਨਾਸ਼ ਪਾਂਡੇ, ਬਾਲਾਸਾਹਿਬ ਥੋਰਾਟ, ਪ੍ਰਿਥਵੀਰਾਜ ਚਵਾਨ (ਕਾਂਗਰਸ), ਪ੍ਰਫੁੱਲ ਪਟੇਲ, ਜੈਯੰਤ ਪਾਟਿਲ ਅਤੇ ਅਜੀਤ ਪਵਾਰ (ਐੱਨਸੀਪੀ) ਹਾਜ਼ਰ ਸਨ।
ਇਸ ਦੌਰਾਨ ਐੱਨਸੀਪੀ ਅਤੇ ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਹੋਰ ਭਾਈਵਾਲਾਂ ਨੇ ਵੀ ਮਹਾਰਾਸ਼ਟਰ ’ਚ ਸ਼ਿਵ ਸੈਨਾ ਨਾਲ ਰਲ ਕੇ ਸਰਕਾਰ ਬਣਾਉਣ ਦੇ ਵਿਚਾਰ ਦੀ ਹਮਾਇਤ ਕੀਤੀ ਹੈ ਤਾਂ ਜੋ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਿਆ ਜਾ ਸਕੇ। ਕਾਂਗਰਸ ਅਤੇ ਐੱਨਸੀਪੀ ਦੇ ਨੁਮਾਇੰਦਿਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਕਰਨ ਵਾਲੀਆਂ ਪਾਰਟੀਆਂ ਸਮਾਜਵਾਦੀ ਪਾਰਟੀ, ਆਰਪੀਆਈ (ਕਵਾੜੇ ਧੜਾ), ਆਰਪੀਆਈ (ਖਰਾਤ ਧੜਾ), ਰਾਜੂ ਸ਼ੈੱਟੀ ਦੀ ਸਵਾਭਿਮਾਨੀ ਪਕਸ਼ਾ, ਪੀਜ਼ੈਂਟਸ ਐਂਡ ਵਰਕਰਜ਼ ਪਾਰਟੀ, ਸੀਪੀਐੱਮ, ਜਨਤਾ ਦਲ ਅਤੇ ਹੋਰਾਂ ਦੇ ਆਗੂਆਂ ਨਾਲ ਬੈਠਕ ਕੀਤੀ। ਐੱਨਸੀਪੀ ਦੇ ਪ੍ਰਦੇਸ਼ ਪ੍ਰਧਾਨ ਜੈਯੰਤ ਪਾਟਿਲ ਨੇ ਬੈਠਕ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਭਾਈਵਾਲਾਂ ਨੇ ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਵਿਚਾਰ ਦੀ ਹਮਾਇਤ ਕੀਤੀ ਹੈ। ਕਾਂਗਰਸ ਆਗੂ ਪ੍ਰਿਥਵੀਰਾਜ ਚਵਾਨ ਨੇ ਦੱਸਿਆ ਕਿ ਸੂਬੇ ਦੇ ਵਿਕਾਸ ਅਤੇ ਖੇਤੀ ਮਸਲਿਆਂ ਦੇ ਹੱਲ ਲਈ ਸੀਪੀਐੱਮ ਸਮੇਤ ਹੋਰ ਪਾਰਟੀਆਂ ਭਾਜਪਾ ਤੋਂ ਬਿਨਾਂ ਸਰਕਾਰ ਚਾਹੁੰਦੀਆਂ ਹਨ। ਉਨ੍ਹਾਂ ਸਰਕਾਰ ਦੇ ਗਠਨ ਲਈ ਦਾਅਵਾ ਪੇਸ਼ ਕਰਨ ਦਾ ਸਹੀ ਸਮਾਂ ਨਹੀਂ ਦੱਸਿਆ ਪਰ ਇੰਨਾ ਜ਼ਰੂਰ ਕਿਹਾ ਕਿ ਉਹ ਸ਼ਿਵ ਸੈਨਾ ਨਾਲ ਇਕ ਜਾਂ ਦੋ ਦਿਨਾਂ ’ਚ ਇਸ ਬਾਰੇ ਗੱਲਬਾਤ ਕਰਨਗੇ।

Previous articleਭਾਰਤ ਦੇ ਪ੍ਰਾਪੇਗੰਡੇ ਲਈ ਫਰਜ਼ੀ ਮੀਡੀਆ ਨੈੱਟਵਰਕ ਦਾ ਪਰਦਾਫਾਸ਼
Next articleਅਗਵਾ ਮਾਮਲਾ: ਪੈਸਿਆਂ ਲਈ ਫਾਇਨਾਂਸਰ ਦੇ ਪੁੱਤਰ ਦੀ ਹੱਤਿਆ