ਮਹਾਰਾਣੀ ਐਲਿਜ਼ਾਬੈੱਥ ਦੇ ਤਾਬੂਤ ਦਾ ਲੰਡਨ ਵੱਲ ਸਫ਼ਰ ਸ਼ੁਰੂ

ਲੰਡਨ (ਸਮਾਜ ਵੀਕਲੀ) : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੀ ਤਾਬੂਤ ਵਿਚ ਬੰਦ ਮ੍ਰਿਤਕ ਦੇਹ ਦਾ ਬੈਲਮੋਰਲ ਕੈਸਲ ਤੋਂ ਲੰਡਨ ਦਾ ਆਖ਼ਰੀ ਸਫ਼ਰ ਸ਼ੁਰੂ ਹੋ ਗਿਆ ਹੈ। ਇਸ ਨੂੰ ਅੱਜ ਪਹਿਲੀ ਵਾਰ ਕੈਸਲ ਤੋਂ ਬਾਹਰ ਲਿਆਂਦਾ ਗਿਆ ਤੇ ਮਹਾਰਾਣੀ ਦੀ ਸਰਕਾਰੀ ਸਕਾਟਿਸ਼ ਰਿਹਾਇਸ਼ ਹੌਲੀਰੁੱਡਹਾਊਸ ਪੈਲੇਸ ਵਿਚ ਰੱਖਿਆ ਗਿਆ ਜੋ ਕਿ ਐਡਿਨਬਰਗ ਵਿਚ ਹੈ। ਛੇ ਘੰਟਿਆਂ ਦੇ ਸਫ਼ਰ ਤੋਂ ਬਾਅਦ ਇਸ ਤਾਬੂਤ ਨੂੰ ਪੈਲੇਸ ਦੇ ਇਕ ਕਮਰੇ ਵਿਚ ਰੱਖਿਆ ਗਿਆ ਹੈ। ਇਸ ਨੂੰ ਸੋਮਵਾਰ ਬਾਅਦ ਦੁਪਹਿਰ ਤੱਕ ਇੱਥੇ ਸਕਾਟਲੈਂਡ ਦੇ ਸ਼ਾਹੀ ਮਿਆਰਾਂ ਮੁਤਾਬਕ ਰੱਖਿਆ ਜਾਵੇਗਾ। ਇੱਥੇ ਉਨ੍ਹਾਂ ਨੂੰ ਸ਼ਾਹੀ ਪਰਿਵਾਰ ਦੇ ਮੈਂਬਰਾਂ ਵੱਲੋਂ ਸ਼ਰਧਾਂਜਲੀ ਦਿੱਤੀ ਜਾਵੇਗੀ। ਤਾਬੂਤ ਨਾਲ ਸੱਤ ਕਾਰਾਂ ਦਾ ਕਾਫ਼ਲਾ ਸੀ। ਮਹਾਰਾਣੀ ਦੀ ਧੀ ਰਾਜਕੁਮਾਰੀ ਐਨੀ ਵੀ ਕਾਫ਼ਲੇ ਵਿਚ ਮੌਜੂਦ ਸਨ। ਇਹ ਹੌਲੀ-ਹੌਲੀ ਐਡਿਨਬਰਗ ਵੱਲ ਵਧਿਆ ਤਾਂ ਕਿ ਰਾਹ ਵਿਚ ਲੋਕ ਇਸ ਨੂੰ ਗੁਜ਼ਰਦਿਆਂ ਦੇਖ ਸਕਣ। ਇਹ ਤਾਬੂਤ ਸਕਾਟਲੈਂਡ ਦੀ ਸੰਸਦ ਦੇ ਅੱਗਿਓਂ ਵੀ ਲੰਘਿਆ ਜਿੱਥੋਂ ਇਸ ਨੂੰ ਉੱਥੋਂ ਦੇ ਆਗੂਆਂ ਨੇ ਦੇਖਿਆ। ਅਗਲੇ ਹਫ਼ਤੇ ਤਾਬੂਤ ਨੂੰ ਲੰਡਨ ਵੱਲ ਤੋਰਿਆ ਜਾਵੇਗਾ ਜਿੱਥੇ ਵੈਸਟਮਿੰਸਟਰ ਐਬੇ ਵਿਚ 19 ਸਤੰਬਰ ਨੂੰ ਅੰਤਿਮ ਰਸਮਾਂ ਹੋਣਗੀਆਂ। ਇਸ ਦਿਨ ਯੂਕੇ ਵਿਚ ਬੈਂਕ ਛੁੱਟੀ ਐਲਾਨੀ ਗਈ ਹੈ। ਇਸ ਤੋਂ ਪਹਿਲਾਂ ਤਾਬੂਤ ਨੂੰ ਚਾਰ ਦਿਨਾਂ ਲਈ ਵੈਸਟਮਿੰਸਟਰ ਹਾਲ ਵਿਚ ਰੱਖਿਆ ਜਾਵੇਗਾ ਤੇ ਬਰਤਾਨਵੀ ਲੋਕ ਸ਼ਰਧਾਂਜਲੀ ਭੇਟ ਕਰਨਗੇ।

Previous articleਬਰਤਾਨੀਆ ਦੀ ਗ੍ਰਹਿ ਮੰਤਰੀ ਦੇ ਪਰਿਵਾਰ ਦੀ ਗੋਆ ਵਿਚਲੀ ਜਾਇਦਾਦ ਦੱਬੀ, ਪਿਤਾ ਨੇ ਕੀਤੀ ਸ਼ਿਕਾਇਤ
Next articleਵਿਦੇਸ਼ੀ ਨਿਵੇਸ਼ ਲਈ ਮਿਊਨਿਖ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ