ਮਹਾਰਾਜਾ

ਅਮਨ ਜੱਖਲਾਂ

(ਸਮਾਜ ਵੀਕਲੀ)

ਮਹਾਰਾਜਾ ਹੁੰਦਾ ਹੈ ਗੋਬਿੰਦ ਰਾਏ ਵਰਗਾ, ਜੋ ਦਰ ਤੇ ਆਏ ਦੁਖੀਆਂ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਆਪਣੇ ਪਿਤਾ ਨੂੰ ਵੀ ਦਿੱਲੀ ਵੱਲ ਸ਼ਹੀਦੀ ਲਈ ਤੋਰ ਸਕਦਾ ਹੈ। ਜਿਸ ਦੀ ਖੋਟੀ ਨੀਅਤ ਪਰਜਾ ਦੀਆਂ ਕੁੱਲੀਆਂ ਢੁਹਾ ਕੇ, ਆਪਣੇ ਮਹਿਲ ਉਸਾਰਨ ਦੀ ਹੋਵੇ, ਉਹ ਕਿੱਥੋਂ ਦਾ ਮਹਾਰਾਜਾ?

ਧਾਰਮਿਕ ਗ੍ਰੰਥਾਂ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ, ਗ੍ਰੰਥਾਂ ਦਾ ਨਿਰਾਦਰ ਕਰਨ ਵਾਲਾ ਕਿੱਥੋਂ ਦਾ ਮਹਾਰਾਜਾ? ਕਮਾਲ ਦੇ ਮਹਾਰਾਜੇ ਹਨ, ਜੋ ਆਪਣੀ ਹੀ ਪਰਜਾ ਦੇ ਖੂਨ ਨਾਲ ਨਹਾਉਣ ਲੱਗੇ ਹਨ, ਵਾੜਾਂ ਹੀ ਖੇਤਾਂ ਨੂੰ ਖਾਣ ਲੱਗੀਆਂ ਹਨ। ਲੋਕਤੰਤਰ ਦੀ ਆੜ ਵਿੱਚ ਤਾਨਾਸ਼ਾਹੀ ਦਾ ਸਵਾਦ ਚੱਖਿਆ ਜਾ ਰਿਹਾ ਹੈ।

ਕਹਿਣ ਵਾਲਿਆਂ ਨੇ ਤਾਂ ਔਰੰਗਜ਼ੇਬ ਨੂੰ ਵੀ ਮਹਾਰਾਜਾ ਕਹਿ ਦਿੱਤਾ ਹੋਵੇਗਾ ਕਿਉਂਕਿ ਅਕਸਰ ਇਤਿਹਾਸਕਾਰਾਂ ਦੀਆਂ ਵਿਕਾਊ ਕਲਮਾਂ ਰਾਜਾਸ਼ਾਹੀ ਦੇ ਹੱਕਾਂ ਵਿੱਚ ਭੁਗਤ ਜਾਇਆ ਕਰਦੀਆਂ ਹਨ। ਗੁਲਾਮ ਕਦੇ ਸਵਾਲ ਨਹੀਂ ਕਰਿਆ ਕਰਦੇ ਕਿਉਂਕਿ ਸਵਾਲਾਂ ਦਾ ਜਨਮ ਗਿਆਨ ਚੋਂ ਉਪਜਦਾ ਹੈ। ਭੇਡਾਂ ਕਦੇ ਗਿਆਨ ਪ੍ਰਾਪਤੀ ਵੱਲ ਨਹੀਂ ਜਾਇਆ ਕਰਦੀਆਂ, ਆਜੜੀ ਦੇ ਇਸ਼ਾਰਿਆਂ ਵੱਲ ਜਾਂਦੀਆਂ ਹਨ। ਇੱਕ ਵਾਰ ਮੇਰੇ ਪਿੰਡ ਦੇ ਕਿਸੇ ਸੱਜਣ ਨੇ ਆਖੀ ਇੱਕ ਗੱਲ ਮੈਨੂੰ ਅਕਸਰ ਚੇਤੇ ਆ ਜਾਂਦੀ ਹੈ ਕਿ, “ਉਹ ਤਾਂ ਰਜਵਾੜਾ ਬੰਦਾ ਹੈ, ਭਲਾ ਉਹਨੂੰ ਕੌਣ ਹਰਾ ਸਕਦਾ ਹੈ?”

ਇਹ ਗੱਲ ਸੁਣਨ ਵਿੱਚ ਕਈ ਸਦੀਆਂ ਪੁਰਾਣੀ ਤਾਨਾਸ਼ਾਹੀ ਦੇ ਸਮਿਆਂ ਦੀ ਜਾਪਦੀ ਹੈ ਪਰ ਅਸਲ ਵਿੱਚ ਇਹ ਗੱਲ ਕੁਝ ਸਾਲ ਹੀ ਪੁਰਾਣੀ ਹੈ ਭਾਵ ਲੋਕਤੰਤਰ ਦੀ ਲੋਥ ਅੱਗੇ ਖੜ ਕੇ ਬੋਲੀ ਗਈ ਹੈ। ਜਿੰਨੀ ਤੇਜੀ ਨਾਲ ਰਜਵਾੜੇ ਦੇਸ਼ ਦਾ ਉਜਾੜਾ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ, ਜਾਪਦਾ ਹੈ ਕੁਝ ਸਮੇਂ ਵਿੱਚ ਬਿਨਾਂ ਪਰਜਾ ਵਾਲੇ ਰਾਜ ਹੋਣਗੇ,ਜਿੱਥੇ ਸਿਰਫ਼ ਰਾਜੇ,ਵਪਾਰੀ, ਰੱਬੀ ਵਿਚੋਲੇ ਅਤੇ ਮਸ਼ੀਨਾਂ ਹੀ ਹੋਣਗੀਆਂ।

ਦਿੱਲੀ ਦੀ ਦਾਮਿਨੀ ਵੱਲੋਂ ਮੌਤ ਦੇ ਬਿਸਤਰੇ ਤੇ ਕੀਤੇ ਐਲਾਨ, “ਮੰਮੀ ਮੈਂ ਜਿਉਣਾ ਚਾਹੁੰਦੀ ਹਾਂ। ਪਾਪਾ, ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।” ਸਦਾ ਦਾ ਗੂੰਜਦੇ ਰਹਿਣਗੇ, ਅਤੇ ਅਜਿਹੇ ਕੂੜ ਅਖਾਉਤੀ ਮਹਾਰਾਜਿਆਂ ਦੇ ਮੂੰਹਾਂ ਤੇ ਚਪੇੜਾਂ ਬਣ ਕੇ ਵੱਜਦੇ ਰਹਿਣਗੇ, ਜੋ ਗੰਜਿਆਂ ਦੇ ਦੇਸ਼ ਵਿੱਚ ਕੰਘੀਆਂ ਦਾ ਵਪਾਰ ਕਰਨ ਨੂੰ ਮਹਾਨਤਾ ਸਮਝ ਰਹੇ ਹਨ…

ਅਮਨ ਜੱਖਲਾਂ

Previous articleमौत हमें कुछ सीख दे रही है…..
Next articleਇਨਸਾਨ / ਪੱਤੇ