ਮਹਾਮਾਰੀ ਨੇ ਜ਼ਿੰਦਗੀ ਨੂੰ ਲਗਾਈਆਂ ਬਰੇਕਾਂ

ਚੰਡੀਗੜ੍ਹ- ਚੀਨ ਤੋਂ ਸ਼ੁਰੂ ਹੋ ਕੇ ਵਿਸ਼ਵ ਭਰ ’ਚ ਮਹਾਂਮਾਰੀ ਦਾ ਰੂਪ ਧਾਰ ਚੁੱਕੇ ਕਰੋਨਾਵਾਇਰਸ ਸਬੰਧੀ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਵਧੇਰੇ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਪ੍ਰਸ਼ਾਸਨ ਨੇ ਸਕੂਲਾਂ, ਆਂਗਣਵਾੜੀ ਸੈਂਟਰਾਂ ਤੇ ਕਾਲਜਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਉੱਥੇ ਹੀ ਭੀੜ-ਭਾੜ ਵਾਲੀਆਂ ਥਾਵਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਕਾਰਵਾਈ ਕਰਦਿਆਂ ਅੱਜ ਯੂ.ਟੀ. ਪ੍ਰਸ਼ਾਸਨ ਨੇ ਸੈਕਟਰ-17 ਵਿੱਚ ਸਥਿਤ ਅੰਤਰ-ਰਾਜੀ ਬੱਸ ਅੱਡੇ ਤੇ ਸੈਕਟਰ-43 ਦੇ ਬੱਸ ਅੱਡੇ ਅਤੇ ਸੀਟੀਯੂ ਦੀਆਂ ਬੱਸਾਂ ਨੂੰ ਸੈਨੇਟਾਈਜ਼ ਕੀਤਾ ਹੈ। ਯੂ.ਟੀ. ਪ੍ਰਸ਼ਾਸਨ ਵੱਲੋਂ ਬੱਸ ਅੱਡਾ ਅਤੇ ਰੇਲਵੇ ਸਟੇਸ਼ਨ ਸਮੇਤ ਹੋਰਨਾਂ ਭੀੜ-ਭਾੜ ਵਾਲੀਆਂ ਥਾਵਾਂ ’ਤੇ ਸਾਫ਼-ਸਫ਼ਾਈ ਦਾ ਕੰਮ ਜ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਵੀ ਲਗਾਏ ਜਾ ਰਹੇ ਹਨ ਜਿਨ੍ਹਾਂ ’ਚ ਕਰੋਨਾਵਾਇਰਸ ਦੇ ਪ੍ਰਭਾਵ ਅਤੇ ਉਸ ਤੋਂ ਬਚਾਅ ਬਾਰੇ ਦੱਸਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਆਪਸ ’ਚ ਦੂਰੀ ਬਣਾਉਣ ਅਤੇ ਖੰਘ ਤੇ ਛਿੱਕ ਆਉਣ ’ਤੇ ਨੱਕ ਢਕਣ ਲਈ ਪ੍ਰੇਰਿਆ ਜਾ ਰਿਹਾ ਹੈ।
ਸ਼ਹਿਰ ਦੀਆਂ ਸੜਕਾਂ ਤੇ ਮਾਰਕੀਟਾਂ ਵਿੱਚ ਸੁੰਨ ਪਸਰੀ ਹੋਈ ਹੈ। ਸੈਕਟਰ-17, ਐਲਾਂਟੇ ਮਾਲ, ਸੈਕਟਰ-22, ਸੁਖਨਾ ਝੀਲ, ਰੋਜ਼ ਗਾਰਡਨ ’ਚ ਵੀ ਸੁੰਨ ਪਸਰੀ ਹੋਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਵੱਡੇ ਇਕੱਠ ਵਾਲੇ ਸਮਾਗਮ ਨਾ ਕਰਨ ਲਈ ਕਿਹਾ ਗਿਆ ਹੈ। ਇਸੇ ਦੌਰਾਨ ਬੁੜੈਲ ਜੇਲ੍ਹ ਦੇ ਅਧਿਕਾਰੀ ਵੀ ਇਸ ਮਹਾਂਮਾਰੀ ਤੋਂ ਚਿੰਤਤ ਪਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਜੇਲ੍ਹ ’ਚ ਬੰਦ ਕੈਦੀਆਂ ਨੂੰ ਕਰੋਨਾਵਾਇਰਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਜੇਲ੍ਹ ’ਚ ਮੁਲਾਕਾਤ ਲਈ ਆਉਣ ਵਾਲੇ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਜੋ ਖੰਘ, ਜ਼ੁਕਾਮ ਤੋਂ ਪੀੜਤ ਹਨ ਉਨ੍ਹਾਂ ਨੂੰ ਮਿਲਣ ਲਈ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਹੈ। ਇਸ ਸਬੰਧੀ ਏਆਈਜੀ (ਜੇਲ੍ਹ) ਵਿਰਾਟ ਨੇ ਦੱਸਿਆ ਕਿ ਬੁੜੈਲ ਜੇਲ੍ਹ ’ਚ ਸਮੇਂ-ਸਮੇਂ ’ਤੇ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਇਸ ਬਿਮਾਰੀ ਨੂੰ ਲੈ ਕੇ ਕੈਦਿਆਂ ਨੂੰ ਜਾਗਰੂਕ ਕੀਤਾ ਗਿਆ ਹੈ ਤੇ ਕੈਦੀਆਂ ਦੀ ਡਾਕਟਰਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਏਆਈਜੀ ਨੇ ਜੇਲ੍ਹ ’ਚ ਮੁਲਾਕਾਤ ਕਰਨ ਆਉਣ ਵਾਲੇ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਖੰਘ, ਜ਼ੁਕਾਮ ਤੋਂ ਪੀੜਤ ਹੈ ਤਾਂ ਉਹ ਜੇਲ੍ਹ ’ਚ ਮੁਲਾਕਾਤ ਲਈ ਆਉਣ ਤੋਂ ਗੁਰੇਜ਼ ਕਰੇ। ਦੂਜੇ ਪਾਸੇ ਡਿਊਟੀ ’ਤੇ ਤਾਇਨਾਤ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਵੀ ਮਾਸਕ ਦੀ ਵਰਤੋਂ ਕਰ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਖਾਣ-ਪੀਣ ਦੀਆਂ ਵਸਤਾਂ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕਰਨ ਦੇ ਆਦੇਸ਼ ਦਿੱਤੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਆਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Previous articleਆਰਫ਼ਾ ਖਾਨਮ ਸ਼ੇਰਵਾਨੀ ਤੇ ਰੋਹਿਨੀ ਮੋਹਨ ਨੂੰ ਚਮੇਲੀ ਦੇਵੀ ਜੈਨ ਐਵਾਰਡ
Next articleਪ੍ਰਭਾਵਿਤ ਦੇਸ਼ਾਂ ਤੋਂ ਪਰਤੇ 335 ਜਣੇ ਰੂਪੋਸ਼