ਨਵੀਂ ਦਿੱਲੀ ,ਸਮਾਜ ਵੀਕਲੀ: ਮੁੱਖ ਆਰਥਿਕ ਸਲਾਹਕਾਰ ਕੇ ਵੀ ਸੁਬਰਾਮਨੀਅਨ ਨੇ ਅੱਜ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦਾ ਦੇਸ਼ ਦੇ ਅਰਥਚਾਰੇ ’ਤੇ ਕੁੱਲ ਮਿਲਾ ਕੇ ਕੋਈ ਵੱਡਾ ਅਸਰ ਨਹੀਂ ਪਏਗਾ। ਸੁਬਰਾਮਨੀਅਨ ਨੇ ਹਾਲਾਂਕਿ ਨਾਲ ਹੀ ਖ਼ਬਰਦਾਰ ਕੀਤਾ ਕਿ ਮਹਾਮਾਰੀ ਦੇ ਅੱਗੇ ਵੱਲ ਵਧਣ ਨੂੰ ਲੈ ਕੇ ਇਕ ਬੇਯਕੀਨੀ ਦਾ ਮਾਹੌਲ ਜ਼ਰੂਰ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਕਰਕੇ ਦੇਸ਼ ਦੇ ਮੌਜੂਦਾ ਸੂਰਤੇ ਹਾਲ ਨੂੰ ਵੇਖਦਿਆਂ ਇਹ ਭਵਿੱਖਬਾਣੀ ਕਰਨੀ ਮੁਸ਼ਕਲ ਜਾਪਦੀ ਹੈ ਕਿ ਮੌਜੂਦਾ ਵਿੱਤੀ ਸਾਲ ਵਿੱਚ ਦੇਸ਼ ਵਿਕਾਸ ਦਰ ਦੇ ਦਹਾਈ ਅੰਕੜੇ ਦੇ ਟੀਚੇ ਨੂੰ ਸਰ ਕਰ ਸਕੇਗਾ।
ਇਸ ਸਾਲ ਜਨਵਰੀ ਵਿੱਚ ਰਿਲੀਜ਼ ਕੀਤੇ ਆਰਥਿਕ ਸਰਵੇਖਣ 2020-21 ਵਿੱਚ ਮਾਰਚ 2022 ਨੂੰ ਖ਼ਤਮ ਹੋਣ ਵਾਲੇ ਮੌਜੂਦਾ ਵਿੱਤੀ ਸਾਲ ਵਿੱਚ ਵਿਕਾਸ ਦਰ 11 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਸੀ। ਸੁਬਰਾਮਨੀਅਨ ਨੇ ਕਿਹਾ ਕਿ ‘ਇਹ ਪੇਸ਼ੀਨਗੋਈ ਕਰਨੀ ਮੁਸ਼ਕਲ ਹੈ ਕਿ ਦੇਸ਼ ਵਿਕਾਸ ਦਰ ਦੇ ਇਸ ਟੀਚੇ ਨੂੰ ਸਰ ਕਰ ਸਕੇਗਾ, ਕਿਉਂਕਿ ਮਹਾਮਾਰੀ ਕਰ ਕੇ ਅਜੇ ਵੀ ਬੇਯਕੀਨੀ ਵਾਲਾ ਮਾਹੌਲ ਹੈ।’ ਉਨ੍ਹਾਂ ਕਿਹਾ, ‘ਕਰੋਨਾ ਦੀ ਦੂਜੀ ਲਹਿਰ ਦਾ ਕੁੱਲ ਮਿਲਾ ਕੇ ਕੋਈ ਵੱਡਾ ਆਰਥਿਕ ਅਸਰ ਨਹੀਂ ਪਏਗਾ। ਅੱਗੇ ਵਧਣਾ, ਵਿੱਤੀ ਤੇ ਮਾਲੀ ਹਮਾਇਤ ਅਰਥਚਾਰੇ ਲਈ ਅਹਿਮ ਹੋਣਗੇ।’
ਸੁਬਰਾਮਨੀਅਨ ਨੇ ਕਿਹਾ ਕਿ ਟੀਕਾਕਰਨ ਦੇ ਅਮਲ ਨੂੰ ਰਫ਼ਤਾਰ ਦੇਣ ਦੀ ਲੋੜ ਹੈ ਤੇ ਇਸ ਨਾਲ ਕੋਵਿਡ-19 ਦੀ ਇਕ ਹੋਰ ਲਹਿਰ ਨੂੰ ਠੱਲ੍ਹਣ ਵਿੱਚ ਮਦਦ ਮਿਲੇਗੀ।’ ਮੁੱਖ ਆਰਥਿਕ ਸਲਾਹਕਾਰ ਨੇ ਕਿਹਾ ਕਿ ਐਤਕੀਂ ਖੁਰਾਕੀ ਅਨਾਜ ਦੀ ਰਿਕਾਰਡ ਪੈਦਾਵਾਰ ਹੋਈ ਹੈ ਤੇ ਇਸ ਵਿੱਤੀ ਸਾਲ ਵਿੱਚ ਮੌਨਸੂਨ ਦੇ ਵੀ ਆਮ ਵਾਂਗ ਰਹਿਣ ਦੇ ਆਸਾਰ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly