ਲੰਡਨ (ਸਮਰਾ) (ਸਮਾਜਵੀਕਲੀ): ਪਿਛਲੇ 30 ਸਾਲਾਂ ਵਿਚ ਲਿਵਰਪੂਲ ਫੁੱਟਬਾਲ ਕਲੱਬ ਦੇ ਪਹਿਲੇ ਲੀਗ ਖਿਤਾਬ ਦੇ ਜਸ਼ਨ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਬ੍ਰਿਟਿਸ਼ ਸ਼ਹਿਰ ਲਿਵਰਪੂਲ ਵਿਚ ਪੁਲਸ ਨੂੰ ਭੀੜ ਨੂੰ ਕੰਟਰੋਲ ਕਰਨ ਲਈ ਹੋਰ ਵਧੇਰੇ ਸ਼ਕਤੀਆਂ ਦਿੱਤੀਆਂ ਗਈਆਂ ਹਨ। ਲਿਵਰਪੂਲ ਦੀ ਖਿਤਾਬੀ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਉਸ ਦੇ ਪ੍ਰਸ਼ੰਸਕ ਥਾਂ-ਥਾਂ ਇਕੱਠੇ ਹੋ ਰਹੇ ਹਨ, ਜਿਸ ਨਾਲ ਕੋਵਿਡ-19 ਮਹਾਮਾਰੀ ਦੇ ਫੈਲਣ ਦਾ ਖਤਰਾ ਹੋਰ ਵਧ ਗਿਆ ਹੈ, ਇਸ ਲਈ ਪੁਲਸ ਨੇ ਭੀੜ ਨੂੰ ਰੋਕਣ ਦੇ ਲਈ ਹੋਰ ਵਧੇਰੇ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ।
ਭਾਰੀ ਜਸ਼ਨ ਦੇ ਵਿਚਾਲੇ, ਲਿਵਰ ਬਿਲਡਿੰਗ ਦੇ ਇਕ ਹਿੱਸੇ ਵਿਚ ਅੱਗ ਲੱਗ ਗਈ। ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤੀਆਂ ਗਈਆਂ ਤਸਵੀਰਾਂ ਵਿਚ ਭੀੜ ਆਤਿਸ਼ਬਾਜ਼ੀ ਕਰਦੇ ਦਿਖ ਰਹੀ ਹੈ ਤੇ ਇਸੇ ਕਾਰਣ ਇਮਾਰਤ ਦੀ ਬਾਲਕਾਨੀ ਵਿਚ ਅੱਗ ਲੱਗੀ। ਚਾਰ ਦਮਕਲ ਗੱਡੀਆਂ ਨੂੰ ਘਟਨਾ ਵਾਲੀ ਥਾਂ ਰਵਾਨਾ ਕੀਤਾ ਗਿਆ ਤੇ ਅੱਗ ਬੁਝਾਈ ਗਈ, ਪਰ ਨੁਕਸਾਨ ਦਾ ਸਹੀ ਪਤਾ ਨਹੀਂ ਲੱਗ ਸਕਿਆ ਹੈ।
ਲਿਵਰਪੂਲ ਦੇ ਮੇਅਰ ਜੋਏ ਐਂਡਰਸਨ ਨੇ ਟਵਿੱਟਰ ‘ਤੇ ਕਿਹਾ ਕਿ ਉਹ ਉਨ੍ਹਾਂ ਤਸਵੀਰਾਂ ਨੂੰ ਦੇਖ ਕੇ ਬਹੁਤ ਚਿੰਤਤ ਹਨ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਐੱਲ.ਐੱਫ.ਸੀ. ਪ੍ਰਸ਼ੰਸਕ ਜਿੱਤ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ ਪਰ ਕਿਰਪਾ ਕਰਕੇ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਦੇ ਲਈ ਘਰ ਜਾਓ ਤੇ ਘਰ ਵਿਚ ਹੀ ਜਸ਼ਨ ਮਨਾਓ। ਲਗਾਤਾਰ ਤੀਜੀ ਰਾਤ ਲੰਡਨ ਵਿਚ ਵੀ ਭਾਰੀ ਭੀੜ ਜਮਾ ਹੋਈ। ਪੁਲਸ ਕਮਾਂਡਰ ਬਾਸ ਜਾਵਿਦ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਸ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਘਰ ਜਾਣ ਦੇ ਲਈ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।