ਅਮਰੀਕਾ ਦੇ ਇਤਿਹਾਸ ’ਚ ਮਹਾਦੋਸ਼ ਦਾ ਸਾਹਮਣਾ ਕਰਨ ਵਾਲੇ ਡੋਨਲਡ ਟਰੰਪ ਤੀਜੇ ਰਾਸ਼ਟਰਪਤੀ ਹੋਣਗੇ। ਪ੍ਰਤੀਨਿਧ ਸਭਾ ਨੇ ਉਨ੍ਹਾਂ ’ਤੇ ਸੱਤਾ ਦੀ ਦੁਰਵਰਤੋਂ ਕਰਨ ਤੇ ਕਾਂਗਰਸ ਦੀ ਜਾਂਚ ’ਚ ਅੜਿੱਕੇ ਪਾਉਣ ਦਾ ਦੋਸ਼ ਰਸਮੀ ਤੌਰ ’ਤੇ ਲਗਾ ਦਿੱਤਾ ਹੈ। ਹੁਣ ਸੈਨੇਟ ’ਚ ਅਗਲੇ ਵਰ੍ਹੇ ਇਸ ਗੱਲ ਦੀ ਸੁਣਵਾਈ ਹੋਵੇਗੀ ਕਿ ਉਹ ਅਹੁਦੇ ’ਤੇ ਬਣੇ ਰਹਿਣਗੇ ਜਾਂ ਨਹੀਂ। ਸਭਾ ਨੇ ਲੰਘੀ ਰਾਤ ਰਾਸ਼ਟਰਪਤੀ ਟਰੰਪ ’ਤੇ ਸੱਤਾ ਦੀ ਦੁਰਵਰਤੋਂ ਕਰਨ ਅਤੇ ਕਾਂਗਰਸ ’ਚ ਅੜਿੱਕੇ ਪਾਉਣ ਦੇ ਦੋਸ਼ ਲਗਾਏ। ਸੱਤਾ ਦੀ ਦੁਰਵਰਤੋਂ ਦੇ ਦੋਸ਼ ਦੇ ਪੱਖ ’ਚ 230 ਤੇ ਵਿਰੋਧ ’ਚ 197 ਵੋਟਾਂ ਪਈਆਂ। ਕਾਂਗਰਸ ’ਚ ਅੜਿੱਕਾ ਪਾਉਣ ਸਬੰਧੀ ਦੂਜੇ ਦੋਸ਼ ’ਚ 229 ਮੁਕਾਬਲੇ 198 ਵੋਟਾਂ ਪਈਆਂ। ਉੱਥੇ ਹੀ ਵ੍ਹਾਈਟ ਹਾਊਸ ਨੇ ਮਹਾਦੋਸ਼ ਨੂੰ ਅਮਰੀਕਾ ਦੇ ਇਤਿਹਾਸ ’ਚ ਬੇਹੱਦ ਨਮੋਸ਼ੀ ਭਰੀਆਂ ਸਿਆਸੀ ਘਟਨਾਵਾਂ ’ਚੋਂ ਇੱਕ ਦੱਸਿਆ। ਪ੍ਰਤੀਨਿਧ ਸਭਾ ’ਚ ਡੈਮੋਕਰੈਟਿਕ ਪਾਰਟੀ ਦੇ ਸਾਰੇ ਚਾਰ ਭਾਰਤੀ-ਅਮਰੀਕੀ ਮੈਂਬਰਾਂ ਨੇ ਟਰੰਪ ’ਤੇ ਮਹਾਦੋਸ਼ ਚਲਾਉਣ ਦੇ ਪੱਖ ’ਚ ਵੋਟ ਪਾਈ। ਇਹ ਪ੍ਰਕਿਰਿਆ ਹੁਣ ਸੈਨੇਟ ’ਚ ਪਹੁੰਚ ਗਈ ਹੈ ਜਿੱਥੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਪ੍ਰਧਾਨਗੀ ਹੇਠ ਇਹ ਕੇਸ ਚੱਲੇਗਾ। ਅਮਰੀਕਾ ਦੇ 243 ਸਾਲ ਦੇ ਇਤਿਹਾਸ ’ਚ ਕਿਸੇ ਵੀ ਰਾਸ਼ਟਰਪਤੀ ਨੂੰ ਮਹਾਦੋਸ਼ ਤੋਂ ਬਾਅਦ ਅਹੁਦੇ ਤੋਂ ਹਟਾਇਆ ਨਹੀਂ ਗਿਆ।
HOME ਮਹਾਦੋਸ਼ ਦਾ ਸਾਹਮਣਾ ਕਰਨ ਵਾਲੇ ਤੀਜੇ ਰਾਸ਼ਟਰਪਤੀ ਹੋਣਗੇ ਟਰੰਪ