ਮਹਾਤਮਾ ਗਾਂਧੀ ਵਿਕਾਸ ਯੋਜਨਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ

ਲੁਧਿਆਣਾ ਵਿਖੇ ਜ਼ਿਲ੍ਹਾ ਪੱਧਰੀ ਕੈਂਪ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ (ਐਮ.ਜੀ.ਐਸ.ਵੀ. ਵਾਈ) ਹੇਠ ਲਾਭਪਾਤਰੀਆਂ ਨੂੰ ਯੋਗਤਾ ਸਰਟੀਫੀਕੇਟ ਦਿੱਤੇ। ਇਸ ਕੈਂਪ ਵਿੱਚ 1500 ਤੋਂ ਵੱਧ ਲਾਭਪਾਤਰੀ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਵੱਖ-ਵੱਖ ਸਕੀਮਾਂ ਹੇਠ ਲਾਭ ਪ੍ਰਾਪਤ ਕਰਨ ਲਈ ਐਮਜੀਐਸਵੀਵਾਈ ਹੇਠ ਆਪਣਾ ਨਾਂ ਦਰਜ ਕਰਾਇਆ। ਐਮ.ਜੀ.ਐਸ.ਵੀ.ਵਾਈ ਹੇਠ ਸਹਾਇਤਾ ਪ੍ਰਾਪਤ ਕਰਨ ਵਾਲੇ ਕੁੱਲ ਲਾਭਪਾਤਰੀਆਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਭਲਾਈ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਤਕਰੀਬਨ ਨੌਂ ਲੱਖ ਲਾਭਪਾਤਰੀਆਂ ਦਾ ਮਾਰਗ ਦਰਸ਼ਨ ਕੀਤਾ ਜਾ ਚੁੱਕਾ ਹੈ। ਲਾਭਪਾਤਰੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਹਰੇਕ ਮਹੀਨੇ ਦੀ 20 ਤਰੀਕ ਨੂੰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਹੇਠ ਜ਼ਿਲ੍ਹਾ ਪੱਧਰੀ ਕੈਂਪ ਲਾਏ ਜਾਇਆ ਕਰਨਗੇ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਦਿਹਾਤੀ ਵਿਕਾਸ ਵਿਭਾਗ ਅਤੇ ਉਨ੍ਹਾਂ ਦਾ ਦਫ਼ਤਰ ਪ੍ਰਗਤੀ ਉੱਪਰ ਨਿਯਮਤ ਤੌਰ ’ਤੇ ਨਿਗਰਾਨੀ ਰੱਖੇਗਾ। ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਕੀਮ ਦਾ ਉਦੇਸ਼ ਸਮਾਜ ਦੇ ਥੁੜਾਂ ਮਾਰੇ ਵਰਗਾਂ ਤੱਕ ਪਹੁੰਚਣਾ ਹੈ ਤਾਂ ਜੋ ਇਨ੍ਹਾਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੂਬੇ ਵਿੱਚ ਇਕਸਾਰ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਪਿਛਲੇ ਸਾਲ ਦਸੰਬਰ ਵਿੱਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਹੇਠ ਪੰਜਾਬ ਦੇ ਵਸਨੀਕ ਉਹ ਪਰਿਵਾਰ ਹੋਣਗੇ ਜਿਨ੍ਹਾਂ ਦੀ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਵੱਧ ਨਾ ਹੋਵੇ ਜਾਂ ਉਨ੍ਹਾਂ ਕੋਲ 2.5 ਏਕੜ ਤੋਂ ਵੱਧ ਜ਼ਮੀਨ ਨਾ ਹੋਵੇ। ਇਸ ਸਕੀਮ ਹੇਠ ਆਟਾ ਦਾਲ, ਮਗਨਰੇਗਾ, ਜਾਬ ਕਾਰਡ, ਘਰ ਘਰ ਰੁਜ਼ਗਾਰ ਯੋਜਨਾ, ਉਜਵਲਾ ਯੋਜਨਾ ਹੇਠ ਐਲ.ਪੀ.ਜੀ. ਕੁਨੈਕਸ਼ਨ, ਮੁਫ਼ਤ ਬਿਜਲੀ ਅਤੇ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ, ਬੁਢਾਪਾ, ਵਿਧਵਾ, ਅਪੰਗ, ਆਸ਼ਰਿਤ ਪੈਨਸ਼ਨਾਂ, ਉਜਵਲਾ ਯੋਜਨਾ ਹੇਠ ਸਬਸਿਡੀ ’ਤੇ ਐਲ.ਈ.ਡੀ. ਲਾਈਟਾਂ ਅਤੇ ਸਭਨਾਂ ਲਈ ਪਖਾਨੇ ਮੁਹੱਈਆ ਕਰਾਉਣ ਵਰਗੀਆਂ ਵੱਖ-ਵੱਖ ਸਕੀਮਾਂ ਦਾ ਲਾਭ ਯਕੀਨੀ ਬਨਾਉਣਾ ਹੈ। ਇਸ ਤੋਂ ਪਹਿਲਾਂ ਸਥਾਨਕ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਭਾਸ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਕ ਹੋਰ ਵਾਅਦਾ ਪੂਰਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਕੀਮ ਜ਼ਰੂਰਤਮੰਦਾਂ ਅਤੇ ਯੋਗ ਲਾਭਪਾਤਰੀਆਂ ਨੂੰ ਮਦਦ ਮੁਹੱਈਆ ਕਰਾਏਗੀ।

Previous articleਫਲਾਈਓਵਰ ਦਾ ਲੈਂਟਰ ਡਿੱਗਣ ਕਾਰਨ 8 ਮਜ਼ਦੂਰ ਜ਼ਖ਼ਮੀ
Next articleਪੁਲ ’ਤੇ ਸੁੱਤੇ ਮਜ਼ਦੂਰਾਂ ਉਪਰ ਕਾਰ ਚੜ੍ਹੀ, ਪੰਜ ਹਲਾਕ