(ਸਮਾਜ ਵੀਕਲੀ)
ਸ਼ੋਸ਼ਲ ਮੀਡੀਆ ਉੱਤੇ ਇੱਕ ਲਤੀਫਾ ਪੰਜਾਬ ਸਰਕਾਰ ਦੇ ਸਕੂਲ ਬੰਦ ਰੱਖਣ ਦੇ ਫੈਸਲੇ ਦਾ ਮਜਾਕ ਉਡਾਉਦਾ ਦਿਖਾਈ ਦਿੱਤਾ ਹੈ। ਇਹ ਕੁਝ ਇਸ ਤਰ੍ਹਾਂ ਹੈ ਕਿ ਜੇਕਰ ਰੇਲਵੇ ਨੂੰ ਸਿੱਖਿਆ ਵਿਭਾਗ ਦੇ ਸਪੁਰਦ ਕਰ ਦਿੱਤਾ ਜਾਵੇ ਤਾਂ ਹੁਕਮ ਕੁਝ ਇਸ ਤਰ੍ਹਾਂ ਜਾਰੀ ਹੋਣਗੇ ਕਿ ਕਰੋਨਾ ਕਰਕੇ ਗੱਡੀਆਂ ਬੰਦ ਰਹਿਣਗੀਆਂ ਪਰ ਡਰਾਇਵਰ ਇੰਜਣਾਂ ਤੇ ਬੈਠੇ ਰਹਿਣਗੇ। ਇਸ਼ਾਰਾ ਸਕੂਲ ਬੰਦ ਵੱਲ ਹੈ। ਵਿਦਿਆਰਥੀਆਂ ਨੂੰ ਸਕੂਲ ਨਾ ਆਉਣ ਦੇਣ ਅਤੇ ਅਧਿਆਪਕਾਂ ਨੂੰ ਸਕੂਲ ਬੁਲਾਉਣ ਬਾਰੇ ਹੈ।
ਸਾਊ, ਸੱਭਿਅਕ ਅਤੇ ਪੜ੍ਹੇ-ਲਿਖੇ ਸਮਾਜ ਵਿੱਚ ਅਧਿਆਪਕਾਂ ਦਾ ਰੁਤਬਾ ਉੱਚਾ ਅਤੇ ਸਨਮਾਨ ਯੋਗ ਬਣਿਆ ਰਹਿੰਦਾ ਹੈ ਜਦਕਿ ਸਾਡੇ ਉਲਟੀ ਗੰਗਾ ਵਹਿ ਰਹੀ ਹੈ। ਅਧਿਆਪਕ ਨੂੰ ਸਰਕਾਰਾਂ ਨੇ ਮਜਾਕ ਦਾ ਪਾਤਰ ਬਣਾਇਆ ਹੈ ਅਤੇ ਲੋਕਾਂ ਨੇ ਵੀ ਜਾਹਲਪੁਣਾ ਦਿਖਾਉਣ ਵਿੱਚ ਕਸਰ ਬਾਕੀ ਨਹੀਂ ਛੱਡੀ। ਲੋਕਾਂ ਅੰਦਰ ਸੁਨੇਹਾ ਜਾ ਰਿਹਾ ਹੈ ਕਿ ਅਧਿਆਪਕ ਵਿਹਲੇ ਬਹਿ ਕੇ ਮੁੜ ਜਾਂਦੇ ਹਨ। ਇਹਨਾਂ ਵਿਚਾਰਾਂ ਨੂੰ ਫੈਲਾਉਣ ਵਾਲੇ ਉਹ ਹੀ ਲੋਕ ਹਨ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਕਿ ਸਿਖਰ ਦੁਪਹਿਰ ਵਿੱਚ ਅਧਿਆਪਕਾਂ ਘਰ-ਘਰ ਜਾ ਕੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਦੱਸ ਕੇ ਦਾਖਲੇ ਲਈ ਪ੍ਰੇਰਿਤ ਕਰ ਰਹੇ ਹਨ।
ਦੱਸ ਰਹੇ ਹਨ ਕਿ ਸਾਡੇ ਸਕੂਲਾਂ ਦੀ ਬਿਲਡਿੰਗ ਨਵੀਂ ਨਕੋਰ ਬਣ ਗਈ ਹੈ, ਉੱਥੇ ਪ੍ਰੋਜੈਕਟਰ, ਸਮਾਰਟ ਟੀ. ਵੀ., ਆਧੁਨਿਕ ਲੈਬਾਂ, ਮੁਫਤ ਪੜ੍ਹਾਈ, ਭੋਜਨ, ਕਿਤਾਬਾਂ, ਵਰਦੀ, ਸਾਇਕਲ, ਸਮਾਰਟ ਫੋਨ, ਡਾਕਟਰੀ ਸਹੂਲਤਾਂ, ਕਰੀਅਰ ਅਗਵਾਈ, ਕਾਨੂੰਨੀ ਸਾਖਰਤਾ, ਕੰਪਿਊਟਰ ਸਿੱਖਿਆ, ਵਜੀਫੇ ਆਦਿ ਮਿਲਦੇ ਹਨ ਅਤੇ ਅੰਗਰੇਜ਼ੀ ਮਾਧਿਅਮ ਵੀ ਪੰਜਾਬੀ ਦੇ ਨਾਲ-ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।ਇਹ ਲੋਕ ਇਹ ਵੀ ਨਹੀਂ ਦੇਖਦੇ ਕਿ ਪ੍ਰਾਈਵੇਟ ਸਕੂਲਾਂ ਦੁਆਰਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਰਕਾਰੀ ਸਕੂਲਾਂ ਨਾਲੋਂ ਪਹਿਲਾਂ ਸਾਲਾਨਾ ਇਮਤਿਹਾਨ ਲੈ ਕੇ ਅਤੇ ਨਤੀਜੇ ਐਲਾਨ ਕੇ ਅਗਲੇ ਵਿਦਿਅਕ ਸਾਲ ਲਈ ਦਾਖਲੇ ਵੀ ਕਰ ਲਏ ਜਾਂਦੇ ਹਨ ਅਤੇ ਮਾਪਿਆਂ ਤੋਂ ਫੀਸ ਵਸੂਲ ਕਰ ਲਈ ਜਾਂਦੀ ਹੈ
ਪਰ ਸਿੱਖਿਆ ਵਿਭਾਗ ਦੇ ਤੁਗਲਕੀ ਹੁਕਮ ਉਨ੍ਹਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵੱਲ ਲਿਆਉਣ ਦੇ ਹਨ ਜਿੱਥੇ ਪਹਿਲਾਂ ਦੱਸੀਆਂ ਸਰਕਾਰੀ ਸਹੂਲਤਾਂ ਵਿੱਚੋ ਸਭ ਤੋਂ ਅਹਿਮ ਕਿਤਾਬਾਂ ਹਾਲੇ ਬਹੁਤ ਦੂਰ ਹਨ ਅਤੇ ਬੀਤੇ ਸਾਲ ਦੀ ਤਰ੍ਹਾਂ ਹੁਣ ਵੀ ਅਗਸਤ ਤੱਕ ਸਮਾਂ ਲੰਘ ਜਾਵੇ ਕੀ ਕਹਿ ਸਕਦੇ ਹਾਂ। ਅਖਬਾਰੀ ਖਬਰਾਂ ਅਤੇ ਸਕੂਲਾਂ ਦੀਆਂ ਸ਼ੋਸ਼ਲ ਮੀਡੀਆ ਪੋਸਟਾਂ ਤੋਂ ਪਤਾ ਲੱਗਿਆ ਹੈ ਨਵੇਂ ਦਾਖਲੇ ਕਰਨੇ ਅਤੇ ਪਹਿਲਾਂ ਨਾਲੋਂ ਵੱਧ ਦਾਖਲਾ ਕਰਕੇ ਦਿਖਾਉਣਾ ਅਧਿਆਪਕ ਦੀ ਮਜਬੂਰੀ ਬਣਾ ਦਿੱਤਾ ਗਿਆ ਹੈ ਤਾਂ ਹੀ ਤਾਂ ਮੁਫਤ ਸਟੇਸ਼ਨਰੀ ਵੰਡ ਰਹੇ ਹਨ ਜਾਂ ਹੋਰ ਲਾਲਚ ਦੇ ਰਹੇ ਹਨ।
ਮੈਂ ਇੱਕ ਅਧਿਆਪਕ ਨੂੰ ਪੁੱਛਿਆ ਤੁਹਾਡੇ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਪੜ੍ਹਦੇ, ਉਸਦਾ ਜਵਾਬ ਸੀ, ਸਾਨੂੰ ਪੜ੍ਹਾਉਣ ਕੌਣ ਦਿੰਦਾ ਹੈ। ਸੱਚ ਵੀ ਹੈ ਹਰ ਮਹਿਕਮਾ ਆਪਣੇ ਕੰਮ ਨੂੰ ਗਲੋੰ ਉਤਾਰ ਕੇ ਅਧਿਆਪਕਾਂ ਦੇ ਗਲੇ ਮੜ੍ਹ ਦਿੰਦਾ ਹੈ। ਨਸ਼ਾ ਰੋਕਣ ਦੀ ਮੁਹਿੰਮ ਹੋਵੇ ਕਰਵਾਓ ਬੱਚਿਆਂ ਤੋਂ ਕੁਇਜ, ਪੇਂਟਿੰਗ, ਲੇਖ, ਰੈਲੀਆਂ। ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣਾ ਹੋਵੇ ਕਰਵਾਓ ਬੱਚਿਆਂ ਤੋਂ ਕੁਇਜ, ਪੇਂਟਿੰਗ, ਲੇਖ, ਰੈਲੀਆਂ। ਦਾਜ, ਘਰੇਲੂ ਹਿੰਸਾ, ਰਿਸ਼ਵਤਖੋਰੀ, ਨਿਰਪੱਖ ਚੋਣਾਂ ਦੇ ਬਾਰੇ ਪ੍ਰਚਾਰ ਕਰਨਾ ਹੋਵੇ ਕਰਵਾਓ ਬੱਚਿਆਂ ਤੋਂ ਕੁਇਜ, ਪੇਂਟਿੰਗ, ਲੇਖ, ਰੈਲੀਆਂ। ਗੱਲ ਕੀ ਜਿਸਦੀ ਕੋਈ ਨਹੀਂ ਸੁਣਦਾ ਉਹ ਸਰਕਾਰੀ ਸਕੂਲਾਂ ਵੱਲ ਹਲਾ ਹਲਾ ਕਰਕੇ ਪੈ ਜਾਂਦਾ ਹੈ। ਬੱਚਿਆਂ ਨੂੰ ਉਪਰ ਲਿਖਿਆ ਸਭ ਕੁਝ ਕਰਵਾਉਣ ਲਈ ਸਮਾਂ ਲੱਗਦਾ ਹੈ।
ਇਹ ਸਮਾਂ ਉਹਨਾਂ ਦੀ ਪੜ੍ਹਾਈ ਦੇ ਸਮੇਂ ਵਿੱਚੋਂ ਚੋਰੀ ਕੀਤਾ ਜਾਂਦਾ ਹੈ। ਲੋਕ ਇਸ ਕਰਕੇ ਆਪਣੇ ਬੱਚੇ ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਸਰਕਾਰੀ ਸਕੂਲ ਵਿਚ ਪਾਉਣ ਤੋਂ ਕੰਨੀ ਕਤਰਾਉਂਦੇ ਹਨ। ਉਹ ਆਖਦੇ ਹਨ ਅਸੀਂ ਬੱਚਾ ਪੜ੍ਹਾਉਣਾ ਹੈ ਰੈਲੀਆਂ ਜੋਗਾ ਨਹੀਂ ਰੱਖਣਾ। ਸਰਕਾਰੀ ਅਧਿਆਪਕ ਤਾਂ ਵੋਟਾਂ ਬਣਾਉਣ, ਪਵਾਉਣ ਤੋਂ ਹੀ ਵਿਹਲੇ ਨਹੀਂ। ਇੱਥੇ ਲੋਕ ਬਹਿਸਦੇ ਖਾਹ-ਮਖਾਹ ਅਧਿਆਪਕਾਂ ਨਾਲ ਹਨ ਜਦਕਿ ਉਹ ਤਾਂ ਮਹਿਕਮੇ ਵਲੋਂ ਮਿਲੇ ਹੁਕਮਾਂ ਦੀ ਪਾਲਣਾ ਕਰ ਰਿਹਾ ਹੁੰਦਾ ਹੈ।
ਸਰਕਾਰਾਂ ਜਾ ਮਹਿਕਮਾ ਅਸਲ ਵਿੱਚ ਕਰਨਾ ਜਾਂ ਦਿਖਾਉਣਾ ਕੀ ਚਾਹੁੰਦੀਆਂ ਹਨ – ਇਹ ਤਾਂ ਸ਼ਾਇਦ ਉਨ੍ਹਾਂ ਨੂੰ ਵੀ ਪਤਾ ਨਹੀਂ, ਜਿਵੇਂ ਸਾਡੇ ਖਜਾਨਾ ਮੰਤਰੀ ਜਿਸ ਗੱਲ ਦਾ ਵਿਰੋਧ ਕਰਨ ਦਿੱਲੀ ਭੇਜੇ, ਜੋ ਮੰਗ ਲੈ ਕੇ ਭੇਜੇ ਉਸ ਬਾਰੇ ਉਲਟਾ ਦਿੱਲੀ ਦੇ ਹੱਕ ਵਿੱਚ ਵੋਟ ਪਾ ਆਏ। ਜੇਕਰ ਵੇਖਿਆ ਜਾਵੇ ਤਾਂ ਹਰ ਪਿੰਡ ਵਿੱਚ ਸਰਕਾਰੀ ਸਕੂਲ ਹੈ। ਅਧਿਆਪਕਾਂ ਨੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਬੱਚੇ ਨੋਟ ਕੀਤੇ, ਉਹਨਾਂ ਨੂੰ ਜਾਂ ਪਰਿਵਾਰ ਨੂੰ ਸਰਕਾਰੀ ਸਕੂਲ ਦੀਆਂ ਸਹੂਲਤਾਂ, ਪੜ੍ਹਾਈ ਦੇ ਪੱਧਰ ਬਾਰੇ ਜਾਣਕਾਰੀ ਦਿੱਤੀ। ਮਾਪਿਆਂ ਨੇ ਗੱਲ ਸੁਣੀ ਅਤੇ ਕਿਹਾ ਕਿ ਸਾਡਾ ਬੱਚਾ ਪ੍ਰਾਈਵੇਟ ਪੜ੍ਹ ਰਿਹਾ ਹੈ, ਉੱਥੇ ਚੰਗੀ ਸਿੱਖਿਆ ਲੈ ਰਿਹਾ ਹੈ, ਫੀਸ ਵਗੈਰਾ ਦੀ ਵੀ ਸਾਨੂੰ ਕੋਈ ਸਮੱਸਿਆ ਨਹੀਂ। ਅਸੀਂ ਇਸ ਨੂੰ ਉੱਥੇ ਹੀ ਰੱਖਣਾ ਚਾਹੁੰਦੇ ਹਾਂ। ਹੁਣ ਮੰਨ ਲਓ 10 ਵਿੱਚੋਂ 8 ਦਾ ਇਹ ਜਵਾਬ ਹੋਵੇ ਤੇ ਇੱਕ ਕੋਈ ਸਾਫ ਉੱਤਰ ਨਾ ਦੇਵੇ ਤੇ ਇੱਕ ਬੱਚਾ ਦਾਖਲ ਕਰਨ ਵਿੱਚ ਅਧਿਆਪਕ ਸਫਲ ਹੋ ਜਾਂਦੇ ਹਨ।
ਅਗਲੇ ਦਿਨ ਫਿਰ ਵਿਜਟ ਕਰਦੇ ਹਨ ਅਤੇ ਅਸਪੱਸ਼ਟ ਵਿਚਾਰ ਵਾਲਾ ਕਹਿ ਦਿੰਦਾ ਹੈ ਕਿ ਅਸੀਂ ਤਾਂ ਪ੍ਰਾਈਵੇਟ ਹੀ ਪੜ੍ਹਾਵਾਂਗੇ ਤਾਂ ਅਧਿਆਪਕ ਦਾ ਕੀ ਹੱਕ ਬਣਦਾ ਹੈ ਕਿ ਉਹ ਮਾਪਿਆਂ ਦੇ ਆਪਣੇ ਬੱਚੇ ਬਾਰੇ ਫੈਸਲੇ ਨੂੰ ਗਲਤ ਕਹੇ ਜਾਂ ਉਸ ਨੂੰ ਬਦਲਣ ਦਾ ਮਾਪਿਆਂ ਤੇ ਦਬਾਅ ਬਣਾਵੇ। ਕੋਈ ਹੱਕ ਨਹੀਂ ਹੈ। ਤਾਂ ਤੀਸਰੇ ਦਿਨ ਅਧਿਆਪਕ ਕਿਸ ਵਿਦਿਆਰਥੀ ਨੂੰ ਦਾਖਲ ਕਰਨ ਲਈ ਪਿੰਡ/ਸ਼ਹਿਰ ਦੇ ਘਰ-ਘਰ ਗੇੜੇ ਕੱਟ ਰਹੇ ਹਨ। 10 ਵਿੱਚੋਂ 10 ਬੱਚਿਆਂ ਨੂੰ ਉਹ ਮਿਲ ਚੁੱਕਾ ਹੈ। ਹਾਸੋਹੀਣੇ ਹੁਕਮ ਦੇਖੋ ਕਿ ਅਧਿਆਪਕ ਜਿਸ ਵੀ ਬੱਚੇ ਨੂੰ ਮਿਲੇ ਉਸ ਦਾ ਆਧਾਰ ਨੰਬਰ ਨੋਟ ਕਰੇ। ਜਦਕਿ ਕਿਸੇ ਦੇ ਵੀ ਆਧਾਰ ਨੰਬਰ ਨੂੰ ਕਿਸੇ ਥਾਂ ਦਰਜ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੀ ਜਾਂ ਨਾ-ਬਾਲਗ ਹੋਣ ਤੇ ਉਸ ਦੇ ਮਾਪਿਆਂ ਦੀ ਲਿਖਤੀ ਸਹਿਮਤੀ ਜਰੂਰੀ ਹੈ।
ਸਰਕਾਰ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਦਾ ਪ੍ਰਚਾਰ ਕਰੇ ਕੁਝ ਗਲਤ ਨਹੀਂ ਸਗੋਂ ਚੰਗਾ ਹੈ। ਆਪਣੇ ਕਰਮਚਾਰੀਆਂ ਤੋਂ ਅਜਿਹਾ ਕਰਵਾ ਰਹੀ ਹੈ ਕੋਈ ਸਵਾਲ ਨਹੀਂ, ਕਰਵਾਏ, ਪਰ ਇਹ ਕਿੱਥੋਂ ਦੀ ਤੁਕ ਬਣਦੀ ਹੈ ਕਿ ਇੰਨੇ ਦਾਖਲੇ ਤਾਂ ਕਰਨੇ ਹੀ ਕਰਨੇ ਹਨ। ਇੱਕ ਅਧਿਆਪਕਾ ਨੂੰ ਇੱਕ ਉੱਚ ਸਿੱਖਿਆ ਅਧਿਕਾਰੀ ਵੱਧ ਦਾਖਲੇ ਨਾ ਕਰਨ ਤੇ ਧਮਕਾ ਰਿਹਾ ਹੈ ਜਿਸਦੀ ਆਡੀਓ ਬਹੁਤ ਲੋਕਾਂ ਤੱਕ ਪਹੁੰਚੀ ਹੈ। ਟੀ. ਵੀ. ਚੈਨਲਾਂ ਤੇ ਖਬਰਾਂ ਤੱਕ ਚੱਲੀਆਂ ਹਨ। ਸਿੱਖਿਆ ਅਧਿਕਾਰੀ ਆਖ ਰਹੇ ਹਨ ਕਿ ਕੀ ਮੁਲਕ ਦੀ ਅਬਾਦੀ ਘੱਟ ਹੋ ਗਈ ਹੈ? ਤਾਂ ਇੱਥੇ ਉੱਤਰ ਹਾਂ ਵਿੱਚ ਹੈ। ਹੁਣ ਲੋਕਾਂ ਦੇ ਬੱਚੇ ਪਹਿਲਾਂ ਜਿੰਨੇ ਨਹੀਂ ਹੁੰਦੇ।
ਲੋਕ ਦੋ ਬੱਚਿਆਂ ਤੋਂ ਵੀ ਘੱਟ ਇੱਕ ਬੱਚੇ ਨੂੰ ਤਰਜੀਹ ਦੇ ਰਹੇ ਹਨ। ਅਸੀਂ ਸਮਾਜ ਦਾ ਅੰਗ ਹਾਂ ਅਤੇ ਆਪਣੇ ਚੁਫੇਰੇ ਨਜਰ ਮਾਰੀਏ ਤਾਂ ਦੋ ਤੋਂ ਵੱਧ ਬੱਚਿਆਂ ਵਾਲੇ ਮੱਧ ਵਰਗ ਜਾਂ ਹੇਠਲੇ ਮੱਧ ਵਰਗ ਦੇ ਪਰਿਵਾਰ ਵੀ ਨਹੀਂ ਮਿਲਣਗੇ। ਜਿੱਥੇ ਪਰਿਵਾਰ ਗਰੀਬੀ ਰੇਖਾ ਦੇ ਨੇੜੇ ਰਹਿ ਰਿਹਾ ਹੈ ਉਹ ਬੱਚੇ ਪਹਿਲਾਂ ਹੀ ਸਰਕਾਰੀ ਸਕੂਲਾਂ ਜਾਂ ਸਰਕਾਰੀ ਸਕੂਲਾਂ ਦੀਆਂ ਜੜ੍ਹਾਂ ਵਿੱਚ ਖੋਲ੍ਹੇ ਗਏ ਪ੍ਰਾਈਵੇਟ ਚੈਰੀਟੇਬਲ / ਸੁਸਾਇਟੀਆਂ ਦੁਆਰਾ ਮੁਫਤ ਚਲਾਏ ਸਕੂਲਾਂ ਵਿੱਚ ਜਾ ਰਹੇ ਹਨ।
ਇੱਕ ਅਧਿਆਪਕਾ ਨਾਲ ਗੱਲ ਹੋਈ। ਉਹਨਾਂ ਦੱਸਿਆ ਕਿ ਅਸੀਂ ਦੋ ਦਿਨ ਪੂਰੀ ਮਿਹਨਤ ਕੀਤੀ ਅਤੇ ਗਿਆਰਾਂ ਬੱਚੇ ਦਾਖਲੇ ਲਈ ਨੋਟ ਕੀਤੇ। ਅਗਲੇ ਦਿਨਾਂ ਵਿਚ ਸਾਨੂੰ ਨੇੜੇ ਦੇ ਇਕ ਸੁਸਾਇਟੀ ਦੇ ਸਕੂਲ ਦੀ ਪਿੰਡ ਵਿਚ ਫੇਰੀ ਬਾਰੇ ਪਤਾ ਲੱਗਾ ਤਾਂ ਅਸੀਂ ਉਨ੍ਹਾਂ ਬੱਚਿਆਂ ਦੇ ਘਰ ਦੁਬਾਰਾ ਵਿਜਟ ਕੀਤੀ। ਨੌਂ ਬੱਚਿਆਂ ਦੇ ਮਾਪਿਆਂ ਵੱਲੋਂ ਸਾਨੂੰ ਜਵਾਬ ਮਿਲ ਗਿਆ ਕਿਉਂਕਿ ਸੁਸਾਇਟੀ ਵਾਲਿਆਂ ਨੇ ਦੋ-ਦੋ ਕੰਪਲੀਟ ਵਰਦੀਆਂ, ਬੈਗ, ਕਿਤਾਬਾਂ ਅਤੇ ਸਟੇਸ਼ਨਰੀ ਤੁਰੰਤ ਦੇ ਕੇ ਆਪਣੇ ਨਾਮ ਦਾਖਲ ਕਰ ਲਏ ਸਨ। ਇੱਥੇ ਉਹ ਅਧਿਆਪਕ ਮਜਬੂਰ ਸਨ। ਕਿਉਂਕਿ ਉਨ੍ਹਾਂ ਜੋ ਵਾਅਦੇ ਕੀਤੇ ਸਨ ਉਹ ਵਾਅਦੇ ਅਸਲ ਵਿੱਚ ਸਰਕਾਰ ਦੇ ਵਾਅਦੇ ਹਨ ਜਿਨ੍ਹਾਂ ਨੂੰ ਪੂਰਾ ਹੋਣ ਵਿੱਚ ਸਮਾਂ ਲਗਦਾ ਹੈ।
ਇੱਕ ਹੋਰ ਗੱਲ ਸਰਕਾਰੀ ਬੱਸਾਂ ਵਿੱਚ ਮੁਫ਼ਤ ਦੀ ਝੂਟੀ ਵਾਸਤੇ ਬੀਬੀਆਂ ਨੇ ਮਨਾਂ ਵਿੱਚੋਂ ਕਰੋਨਾ ਦੇ ਡਰ ਨੂੰ ਦੇਸ਼ ਵਿੱਚੋਂ ਵਿਕਾਸ ਵਾਂਗੂੰ ਗਾਇਬ ਕਰ ਦਿੱਤਾ ਹੈ। ਅਜੀਬ ਹਾਲਾਤ ਹਨ। ਪਿੰਡਾਂ, ਸੱਥਾਂ, ਸ਼ਹਿਰਾਂ, ਬਜ਼ਾਰਾਂ, ਹੋਟਲਾਂ, ਮੋਟਲਾਂ, ਠੇਕਿਆਂ, ਬੱਸਾਂ, ਵਿੱਚ ਕਰੋਨਾ ਨਹੀਂ ਦਿਸਦਾ। ਇਹ ਤਾਰਿਆਂ ਦੀ ਤਰ੍ਹਾਂ ਰਾਤ ਨੂੰ ਦਿਸਦਾ ਹੈ ਅਤੇ ਕਰਫਿਊ ਮੌਕੇ ਸੜਕਾਂ ਤੇ ਹਲਕੇ ਕੁੱਤੇ ਵਾਂਗ ਵੱਢਣ ਦੌੜਦਾ ਹੈ। ਇਹ ਘਰ ਅੰਦਰ ਇਕੱਠੇ ਬੈਠੇ ਅੱਠ ਜੀਆਂ ਨੂੰ ਨਹੀਂ ਹੁੰਦਾ ਭਾਵੇਂ ਉਹ ਸਾਰਾ ਦਿਨ ਇਧਰ-ਉਧਰ ਘੁੰਮ ਕੇ ਆਏ ਹੋਣ ਪਰ ਆਪਣੀ ਹੀ ਕਾਰ ਵਿਚ ਇਕੱਲੇ ਬੈਠੇ ਬੰਦੇ ਨੂੰ ਸਿਵਿਆਂ ਦੀ ਵਿਹਲੀ ਭੂਤਨੀ ਵਾਂਗੂੰ ਦਬੋਚ ਲੈਂਦਾ ਹੈ। ਪ੍ਰਧਾਨ ਮੰਤਰੀ ਜੀ ਅਤੇ ਹੋਰ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵਿਚ ਜਾਣ ਤੋਂ ਇਸ ਨੂੰ ਡਰ ਲੱਗਦਾ ਹੈ। ਇੱਕ ਵਿਅੰਗ ਹੋਰ ਸ਼ੋਸ਼ਲ ਮੀਡੀਆ ਤੇ ਹਾਜ਼ਰ ਹੈ ਕਿ ਜੇਕਰ ਕਰੋਨਾ ਸਿਨੇਮਾ ਹਾਲ ਅਤੇ ਸ਼ਰਾਬ ਦੀ ਦੁਕਾਨ ਤੇ ਨਹੀਂ ਫੈਲ ਰਿਹਾ ਤਾਂ ਕਿਉਂ ਨਹੀਂ ਸਰਕਾਰ ਇੱਥੇ ਹੀ ਪੜ੍ਹਾਈ ਅਤੇ ਪੇਪਰਾਂ ਦਾ ਪ੍ਰਬੰਧ ਕਰ ਦਿੰਦੀ।
ਮੁਕਦੀ ਗੱਲ ਮੇਰੇ ਪਿਆਰੇ ਪੰਜਾਬ ਵਾਸੀਆਂ ਲਈ ਕਿ ਦੋਹਰੇ ਮਾਪਦੰਡਾਂ ਵਿਰੁੱਧ ਸਦਾ ਤੁਸੀਂ ਏਕਤਾ, ਆਪਸੀ ਸਾਂਝ ਬਣਾ ਕੇ, ਲੋਕ ਹਿੱਤਾਂ ਲਈ ਲੜੇ ਹੋ। ਸਮੇਂ ਦੀ ਅੱਜ ਵੀ ਇਹ ਮੁੱਖ ਲੋੜ ਹੈ। ਕਰੋਨਾ ਦਿੱਲੀ ਕਿਸਾਨ ਮੋਰਚੇ ਵੱਲ ਨਹੀਂ ਵੇਖ ਸਕਦਾ, ਚਲਾਨ ਤੋਂ ਬਚਣ ਲਈ ਮਾਸਕ ਪਹਿਨ ਕੇ ਨਿੱਕਲੋ, ਸੱਟ ਫੇਟ ਤੋਂ ਬਚਣ ਲਈ ਹੈਲਮੇਟ ਪਹਿਨ ਕੇ ਨਿਕਲੋ। ਟ੍ਰੈਫਿਕ ਨਿਯਮਾਂ ਦੀ ਕਰੜੀ ਪਾਲਣਾ ਕਰੋ। ਬੱਚੇ ਜਿੱਥੇ ਚਿੱਤ ਮੰਨੇ ਪੜ੍ਹਾਓ ਪਰ ਪੜ੍ਹਾਓ ਜਰੂਰ। ਉਹਨਾਂ ਵਿਚ ਤਰਕ ਪੈਦਾ ਕਰੋ।
ਉਹਨਾਂ ਵਿਚ ਘਰ ਤੋਂ ਹੀ ਚੰਗੇ ਇਨਸਾਨੀ ਅਤੇ ਨਾਗਰਿਕ ਦੇ ਗੁਣ ਭਰਨੇ ਸ਼ੁਰੂ ਕਰੋ। ‘ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ’ ਨੂੰ ਸਮਝ ਲੈਣਾ ਹੀ ਅਸਲੀ ਆਤਮ-ਨਿਰਭਰਤਾ ਹੈ ਨਾ ਕਿ ਬੁੱਧ ਸਿੰਘ ਨੀਲੋਂ ਦੇ ਆਰਟੀਕਲ ‘ਆਤਮ ਨਿਰਭਰ ਕਾਲਜਾਂ’ ਵਾਲਾ ਹਾਲ ਹੋਵੇ। ਸਿੱਖਿਆ ਸੰਸਥਾਵਾਂ ਬੰਦ ਰੱਖਣਾ ਅਸਲ ਵਿੱਚ ਦਿਮਾਗ ਨੂੰ ਤਾਲਾ ਮਾਰਨ ਦੇ ਬਰਾਬਰ ਹੈ। ਪਾਠਕ ਸੂਝਵਾਨ ਹੁੰਦੇ ਹਨ। ਸੂਝਵਾਨ ਨੂੰ ਇਸ਼ਾਰਾ ਕਾਫੀ ਹੁੰਦਾ ਹੈ।
ਰਮੇਸ਼ਵਰ ਸਿੰਘ
99148 80392