ਮਰੀਜ਼ ਦੀ ਮੌਤ ਤੋਂ ਦੁਖੀ ਵਾਰਸਾਂ ਵੱਲੋਂ ਹਸਪਤਾਲ ਅੱਗੇ ਪ੍ਰਦਰਸ਼ਨ

ਮਾਡਲ ਟਾਊਨ ਸਥਿਤ ਕ੍ਰਿਸ਼ਨਾ ਹਸਪਤਾਲ ’ਚ ਵੀਰਵਾਰ ਸਵੇਰੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਇਲਾਜ ਦੌਰਾਨ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਡਾਕਟਰਾਂ ’ਤੇ ਇਲਾਜ ’ਚ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾ ਕੇ ਹਸਪਤਾਲ ਦੇ ਖਿਲਾਫ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਮਾਡਲ ਟਾਊਨ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਰਾਣੇ ਕ੍ਰਿਸ਼ਨਾ ਮੰਦਰ ਰਹਿਣ ਵਾਲੀ ਮ੍ਰਿਤਕ ਪੂਨਮ (3) ਦੇ ਪਤੀ ਸਚਿਨ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੂਨਮ ਦਾ ਸ਼ੁਰੂ ਤੋਂ ਹੀ ਇਲਾਜ ਇੱਥੇ ਚੱਲ ਰਿਹਾ ਸੀ। ਬੁੱਧਵਾਰ ਨੂੰ ਉਹ ਰੂਟੀਨ ਚੈਕਅੱਪ ਲਈ ਹਸਪਤਾਲ ਪੁੱਜੀ ਸੀ ਜਿੱਥੇ ਡਾਕਟਰ ਨੇ ਉਸ ਨੂੰ ਅਲਟਰਾਸਾਊਂਡ ਸਕੈਨ ਕਰਾਉਣ ਲਈ ਕਿਹਾ। ਸਕੈਨ ਦੀ ਰਿਪੋਰਟ ਦੇਖਣ ਤੋਂ ਬਾਅਦ ਡਾਕਟਰ ਨੇ ਤੁਰੰਤ ਉਸ ਨੂੰ ਦਾਖਲ ਕਰ ਲਿਆ। ਦੇਰ ਸ਼ਾਮ ਉਸਦੀ ਡਲਿਵਰੀ ਹੋਈ ਤੇ ਪੂਨਮ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਅਤੇ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਪੂਨਮ ਦੀ ਜਾਨ ਗਈ ਹੈ। ਜੇਕਰ ਉਸ ਦੀ ਸਿਹਤ ਜ਼ਿਆਦਾ ਖਰਾਬ ਸੀ ਤੇ ਡਾਕਟਰਾਂ ਕੋਲ ਉਸ ਦਾ ਇਲਾਜ ਨਹੀਂ ਸੀ ਤਾਂ ਉਸਨੂੰ ਕਿਸੇ ਦੂਸਰੇ ਹਸਪਤਾਲ ’ਚ ਰੈਫ਼ਰ ਕੀਤਾ ਜਾ ਸਕਦਾ ਸੀ, ਪਰ ਡਾਕਟਰਾਂ ਨੇ ਅਜਿਹਾ ਨਹੀਂ ਕੀਤਾ। ਉਸ ਦੀ ਮੌਤ ਹੋਣ ਤੋਂ ਬਾਅਦ ਕਾਫ਼ੀ ਸਮੇਂ ਤੱਕ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਸਪਤਾਲ ਪ੍ਰਬੰਧਕਾਂ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਕ੍ਰਿਸ਼ਨਾ ਹਸਪਤਾਲ ਦੇ ਪ੍ਰਧਾਨ ਖੁਸ਼ਵੰਤ ਰਾਏ ਨੇ ਦੱੱਸਿਆ ਕਿ ਡਾਕਟਰਾਂ ਨੇ ਇਲਾਜ ਪੂਰੀ ਤਰ੍ਹਾਂ ਨਾਲ ਸਹੀ ਕੀਤਾ ਸੀ। ਹੁਣ ਮਰੀਜ਼ ਦੀ ਸਿਹਤ ਇੱਕਦਮ ਖਰਾਬ ਹੋਈ ਹੈ ਜਿਸ ਦਾ ਇਲਾਜ ਕਰਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੂਨਮ ਦੀ ਮੌਤ ਪਿੱਛੇ ਡਾਕਟਰ ਦੀ ਕੋਈ ਗ਼ਲਤੀ ਨਹੀਂ ਹੈ।
ਥਾਣਾ ਮਾਡਲ ਟਾਊਨ ਦੇ ਐਸ.ਐਚ.ਓ. ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਜੇਕਰ ਪਰਿਵਾਰ ਵਾਲੇ ਸੀਐਮਓ ਕੋਲ ਇਸਦੀ ਸ਼ਿਕਾਇਤ ਕਰਨਗੇ ਤੇ ਬਾਅਦ ’ਚ ਪੋਸਟਮਾਰਟਮ ਲਈ ਆਖਣਗੇ ਤਾਂ ਹੀ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Previous articleਲਿਫ਼ਟ ਦੇ ਕੇ ਸਵਾਰੀਆਂ ਦਾ ਸਾਮਾਨ ਲੁੱਟਣ ਵਾਲਾ ਗ੍ਰਿਫ਼ਤਾਰ
Next article‘ਨਾਮਦਾਰਾਂ’ ਨੇ ਛੁੱਟੀਆਂ ਕੱਟਣ ਲਈ ਵਰਤੀ ਨੇਵਲ ਫਲੀਟ: ਜੇਤਲੀ