ਔਰੰਗਾਬਾਦ (ਸਮਾਜ ਵੀਕਲੀ) : ਮਹਾਰਾਸ਼ਟਰ ਦੇ ਐਨ ਵਿਚਾਲੇ ਪੈਂਦੇ ਮਰਾਠਵਾੜਾ ਖੇਤਰ ਦੇ ਕਿਸਾਨਾਂ ਨੂੰ ਇਸ ਵਾਰ ਵੱਧ ਮੀਂਹ ਪੈਣ ਕਾਰਨ ਭਾਵੇਂ ਫ਼ਸਲਾਂ ਦਾ ਨੁਕਸਾਨ ਝੱਲਣਾ ਪਿਆ ਹੈ ਪ੍ਰੰਤੂ ਇਸ ਦਾ ਸਕਾਰਾਤਮਕ ਪਹਿਲੂ ਵੀ ਸਾਹਮਣੇ ਆਇਆ ਹੈ। ਇਸ ਖੇਤਰ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਇਆ ਹੈ।
ਮਰਾਠਵਾੜਾ ਵਿੱਚ ਜ਼ਿਆਦਾ ਮੀਂਹ ਪੈਣ ਕਾਰਨ ਅੱਠ ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਿਆ ਹੈ। ਇੱਕ ਅਧਿਕਾਰੀ ਅਨੁਸਾਰ ਜ਼ਿਲ੍ਹਾ ਔਰੰਗਾਬਾਦ ਵਿੱਚ ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ 5.13 ਮੀਟਰ ਪਾਣੀ ਦਾ ਪੱਧਰ ਊੱਪਰ ਆਇਆ ਹੈ। ਪ੍ਰਭਾਨੀ ਸਥਿਤ ਵਸੰਤਰਾਓ ਨਾਇਕ ਮਰਾਠਵਾੜਾ ਖੇਤੀਬਾੜੀ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਖੇਤਰ ਵਿੱਚ ਆਮ ਤੌਰ ’ਤੇ ਮੌਨਸੂਨ (ਪਹਿਲੀ ਜੂਨ ਤੋਂ 30 ਸਤੰਬਰ ਤੱਕ) ਦੌਰਾਨ ਔਸਤਨ 722.5 ਐੱਮਐੱਮ ਮੀਂਹ ਪੈਂਦਾ ਹੈ।
ਇਸ ਵਾਰ ਖੇਤਰ ਵਿੱਚ 844.7 ਐੱਮਐੱਮ ਵਰਖਾ ਹੋਈ, ਜੋ ਕਿ ਔਸਤ ਨਾਲੋਂ 16.9 ਫ਼ੀਸਦ ਵਧੇਰੇ ਹੈ। ਖੇਤਰ ਦੇ ਅੱਠ ਵਿੱਚੋਂ ਛੇ ਜ਼ਿਲ੍ਹਿਆਂ ਵਿੱਚ ਇਸ ਵਾਰ ਵੱਧ ਵਰਖਾ ਹੋਈ ਹੈ। ਔਰੰਗਾਬਾਦ ਵਿੱਚ ਔਸਤਨ 623.5 ਐੱਮਐੱਮ ਮੀਂਹ ਪੈਂਦਾ ਹੈ ਪਰ ਇਸ ਵਾਰ ਔਸਤ ਨਾਲੋਂ 52 ਫ਼ੀਸਦ ਵੱਧ 951.3 ਐੱਮਐੱਮ ਮੀਂਹ ਪਿਆ। ਇਸ ਕਾਰਨ ਜ਼ਿਲ੍ਹੇ ਵਿੱਚ ਧਰਤੇ ਹੇਠਲੇ ਪਾਣੀ ਦਾ ਪੱਧਰ 5.13 ਮੀਟਰ ਵਧ ਗਿਆ, ਜੋ ਕਿ ਖੇਤਰ ’ਚੋਂ ਸਭ ਤੋਂ ਜ਼ਿਆਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸਰਵੇਖਣ ਦੌਰਾਨ ਜ਼ਿਲ੍ਹੇ ਵਿੱਚ 141 ਖੂਹਾਂ ’ਚ ਪਾਣੀ ਦਾ ਪੱਧਰ ਮਾਪਿਆ ਗਿਆ ਅਤੇ ਮਰਾਠਵਾੜਾ ਦੇ ਕੁੱਲ ਅੱਠ ਜ਼ਿਲ੍ਹਿਆਂ ਵਿੱਚ 875 ਖੂਹਾਂ ਦੇ ਪਾਣੀ ਦਾ ਪੱਧਰ ਮਾਪਿਆ ਗਿਆ। ਏਜੰਸੀ ਦੀ ਰਿਪੋਰਟ ਅਨੁਸਾਰ ਔਰੰਗਾਬਾਦ ਤੋਂ ਇਲਾਵਾ ਬਾਕੀ ਸੱਤ ਜ਼ਿਲ੍ਹਿਆਂ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੈ।
ਜ਼ਿਲ੍ਹਾ ਓਸਮਾਨਾਬਾਦ ਵਿੱਚ 2.88 ਮੀਟਰ, ਬੀੜ ਵਿੱਚ 2.16 ਮੀਟਰ, ਜਲਨਾ ਵਿੱਚ 2.06 ਮੀਟਰ, ਪ੍ਰਭਾਨੀ ਵਿੱਚ 1.89 ਮੀਟਰ, ਹਿੰਗੋਲੀ ਵਿੱਚ 1.40 ਮੀਟਰ, ਨਾਂਦੇੜ ਵਿੱਚ 1.79 ਮੀਟਰ ਅਤੇ ਲਾਤੂਰ ਵਿੱਚ 0.92 ਮੀਟਰ ਜ਼ਮੀਨੀ ਪਾਣੀ ਦਾ ਪੱਧਰ ਊੱਪਰ ਆਇਆ ਹੈ।