ਨਿਤੀਸ਼ ਨੇ ਰਾਜਪਾਲ ਨੂੰ ਅਸਤੀਫ਼ਾ ਸੌਂਪਿਆ, ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼

ਪਟਨਾ (ਸਮਾਜ ਵੀਕਲੀ) : ਬਿਹਾਰ ’ਚ ਨਵੀਂ ਸਰਕਾਰ ਦੇ ਗਠਨ ਦਾ ਅੱਜ ਉਦੋਂ ਰਾਹ ਪੱਧਰਾ ਹੋ ਗਿਆ ਜਦੋਂ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਰਾਜਪਾਲ ਫਾਗੂ ਚੌਹਾਨ ਨੂੰ ਸੌਂਪਦਿਆਂ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕੀਤੀ। ਰਾਜਪਾਲ ਨੇ ਅਸਤੀਫ਼ਾ ਸਵੀਕਾਰ ਕਰਦਿਆਂ ਨਿਤੀਸ਼ ਨੂੰ ਅਗਲੀ ਸਰਕਾਰ ਬਣਾਉਣ ਤੱਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮਕਾਰ ਦੇਖਣ ਲਈ ਕਿਹਾ।

ਇਸ ਤੋਂ ਪਹਿਲਾਂ ਐੱਨਡੀਏ ਦੇ ਬਿਹਾਰ ’ਚ ਚਾਰ ਭਾਈਵਾਲਾਂ ਜਨਤਾ ਦਲ (ਯੂ), ਭਾਜਪਾ, ਐੱਚਏਐੱਮ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਦੇ ਆਗੂਆਂ ਦੀ ਨਿਤੀਸ਼ ਕੁਮਾਰ ਦੀ ਰਿਹਾਇਸ਼ ’ਤੇ ਗ਼ੈਰ ਰਸਮੀ ਬੈਠਕ ਹੋਈ ਜਿਸ ’ਚ ਫ਼ੈਸਲਾ ਲਿਆ ਗਿਆ ਕਿ ਐਤਵਾਰ ਨੂੰ ਨਿਤੀਸ਼ ਕੁਮਾਰ ਨੂੰ ਐੱਨਡੀਏ ਦੇ ਵਿਧਾਇਕਾਂ ਵੱਲੋਂ ਆਪਣਾ ਆਗੂ ਚੁਣਿਆ ਜਾਵੇਗਾ। ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐੱਨਡੀਏ ਦੇ ਬਿਹਾਰ ’ਚ ਵਿਧਾਇਕਾਂ ਦੀ ਐਤਵਾਰ ਨੂੰ ਸਵੇਰੇ ਸਾਢੇ 12 ਵਜੇ ਬੈਠਕ ਸ਼ੁਰੂ ਹੋਵੇਗੀ। ਮੀਟਿੰਗ ਦੇ ਜ਼ਿਆਦਾ ਵੇਰਵੇ ਤਾਂ ਨਹੀਂ ਮਿਲੇ ਪਰ ਸੂਤਰਾਂ ਮੁਤਾਬਕ ਨਵੀਂ ਕੈਬਨਿਟ ’ਚ ਐੱਨਡੀਏ ’ਚ ਸ਼ਾਮਲ ਹਰ ਪਾਰਟੀ ਨੂੰ ਨੁਮਾਇੰਦਗੀ ਦੇਣ ਅਤੇ ਵਿਧਾਨ ਸਭਾ ਦੇ ਨਵੇਂ ਸਪੀਕਰ ਬਾਰੇ ਵੀ ਚਰਚਾ ਹੋਈ ਹੈ।

ਐੱਨਡੀਏ ’ਚ ਭਾਜਪਾ ਵੱਲੋਂ ਸਭ ਤੋਂ ਜ਼ਿਆਦਾ 74 ਸੀਟਾਂ ਜਿੱਤੇ ਜਾਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਗਵਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੇ ਨਿਤੀਸ਼ ਕੁਮਾਰ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ। ਚਰਚਾ ਇਹ ਵੀ ਹੈ ਕਿ ਭਾਜਪਾ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਦਲਿਤ ਆਗੂ ਦਾ ਨਾਮ ਅੱਗੇ ਕਰ ਸਕਦੀ ਹੈ। ਉਂਜ ਪਾਰਟੀ ਆਗੂ ਸੁਸ਼ੀਲ ਕੁਮਾਰ ਮੋਦੀ 2005 ਤੋਂ ਅਹੁਦੇ ’ਤੇ ਕਾਬਜ਼ ਹਨ।

Previous articleAhead of NDA meet, Nitish tenders resignation to Governor
Next articleਮਰਾਠਵਾੜਾ ਦੇ ਅੱਠ ਜ਼ਿਲ੍ਹਿਆਂ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਿਆ