ਸਮਾਜਕ ਕਾਰਕੁਨ ਅੰਨਾ ਹਜ਼ਾਰੇ ਵੱਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਨੂੰ ਅੱਜ ਪੰਜ ਦਿਨ ਹੋ ਗਏ ਹਨ। ਉਨ੍ਹਾਂ ਦੀ ਹਮਾਇਤ ’ਚ ਪਿੰਡ ਵਾਸੀਆਂ ਨੇ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚਲਾ ਇੱਕ ਮੁੱਖ ਮਾਰਗ ਵੀ ਬੰਦ ਕਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਆਪਣੇ ਵਾਅਦੇ ਵਫ਼ਾ ਨਾ ਕੀਤੇ ਤਾਂ ਉਹ ਪਦਮ ਭੂਸ਼ਨ ਪੁਰਸਕਾਰ ਵਾਪਸ ਕਰ ਦੇਣਗੇ। ਸ੍ਰੀ ਹਜ਼ਾਰੇ ਦੀ ਅੱਜ ਸਿਹਤ ਜਾਂਚ ਕਰਨ ਵਾਲੇ ਡਾ. ਧਨੰਜੈ ਪੋਟੇ ਨੇ ਕਿਹਾ ਕਿ ਲੰਘੇ ਪੰਜ ਦਿਨਾਂ ਅੰਦਰ ਉਨ੍ਹਾਂ ਦਾ ਭਾਰ 3.8 ਕਿਲੋ ਘਟ ਗਿਆ ਹੈ ਜਦਕਿ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ’ਚ ਵਾਧਾ ਹੋ ਗਿਆ ਹੈ। 81 ਸਾਲਾ ਸਮਾਜਕ ਕਾਰਕੁਨ ਦੀਆਂ ਮੰਗਾਂ ਦੇ ਹੱਕ ਵਿੱਚ ਕਿਸਾਨਾਂ ਤੇ ਨੌਜਵਾਨਾਂ ਨੇ ਅੱਜ ਸਵੇਰੇ ਇੱਥੋਂ ਕਰੀਬ 38 ਕਿਲੋਮੀਟਰ ਦੂਰ ਪਾਰਨੇਰ ਤਹਿਸੀਲ ਦੇ ਸੁਪਾ ਪਿੰਡ ’ਚ ਅਹਿਮਦਨਗਰ-ਪੁਣੇ ਮੁੱਖ ਮਾਰਗ ਬੰਦ ਕਰ ਦਿੱਤਾ। ਇਸ ਨਾਲ ਉੱਥੇ ਵੱਡਾ ਜਾਮ ਲੱਗ ਗਿਆ। ਅੰਦੋਲਨ ਦੇ ਪ੍ਰਬੰਧਕ ਸ਼ਾਹਿਰ ਗਾਇਕਵਾੜ ਨੇ ਦੱਸਿਆ ਕਿ ਉਹ ਸ੍ਰੀ ਹਜ਼ਾਰੇ ਦੀਆਂ ਮੰਗਾਂ ਦੀ ਹਮਾਇਤ ਕਰਦੇ ਹਨ। ਸੁਪਾ ਥਾਣੇ ਦੇ ਇੰਚਾਰਜ ਰਾਜਿੰਦਰ ਭੌਂਸਲੇ ਨੇ ਕਿਹਾ ਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਜਾਮ ਖੋਲ੍ਹਣ ਦੀ ਅਪੀਲ ਕੀਤੀ। ਧਰਨੇ ਕਾਰਨ ਸੜਕ ਦੇ ਦੋਵੇਂ ਪਾਸੇ ਤਕਰੀਬਨ ਛੇ ਕਿਲੋਮੀਟਰ ਲੰਮਾ ਜਾਮ ਲੱਗ ਗਿਆ।
INDIA ਮਰਨ ਵਰਤ ’ਤੇ ਬੈਠੇ ਹਜ਼ਾਰੇ ਦਾ ਭਾਰ ਘਟਿਆ, ਸ਼ੂਗਰ ਵਧੀ