(ਸਮਾਜ ਵੀਕਲੀ)
ਜਾਗਦੀ ਠੰਡ ਚ
ਕਿਆ ਕੌਤਕ ਹੈ
ਕਿਆ ਨਜ਼ਾਰਾ
ਕੈਸਾ ਅਲੋਕਾਰ ਵਰਤਾਰਾ
ਇਖ਼ਲਾਕ, ਲਿਆਕਤ ਤੇ
ਜ਼ੁਰਅਤ ਦਾ ਮੁਜੱਸਮਾ
ਹੋਸ਼ ਤੇ ਜੋਸ਼ ਦਾ ਸੁਮੇਲ
ਰਬਾਬ, ਕਿਤਾਬ ਤੇ ਅਲਫਾਜ਼
ਸਹਿਗਾਨ ਗਾਉਂਦੇ।
ਸੱਚੀਆਂ ਸੁੱਚੀਆਂ ਰੂਹਾਂ ਦੇ ਮੇਲੇ
ਸੂਹੇ ਸੂਰਜ ਨਾਲ ਦਗਦਾ ਮੰਜ਼ਰ
ਮੋਰਚੇ ਤੇ ਖੜ੍ਹ
ਮੇਰੀ ਨੰਨ੍ਹੀ ਧੀ ਕਰ ਰਹੀ
ਮੈਨੂੰ ਸਵਾਲ
ਮਾਂ ਕਿੱਥੇ ਹੈ ?
ਵਿਤਕਰਾ
ਧਰਮਾਂ, ਜਾਤਾਂ, ਕੌਮਾਂ ਦਾ ?
ਮੈਂ ਤਾ ਦੇਖੇ ਧਰਮ ਅੱਜ
ਇਸ ਮੁਹਿੰਮ ਤੇ ਇਕ ਸਾਰ
ਨਵੇਂ ਯੁਗ ਦੀ ਇਬਾਰਤ
ਹੋ ਰਿਹਾ ਹਵਨ ਯੱਗ
ਪੰਡਿਤ ਪੜ੍ਹਨ ਸ਼ਲੋਕ
ਆਹੂਤੀ ਪਾਉਣ ਸਰਦਾਰ।
ਜੈਕਾਰੇ ਛੱਡਣ
ਹਿੰਦੂ ਮੁਸਲਿਮ ਅਤੇ ਈਸਾਈ।
ਐਨੀਆਂ ਪੀਡੀਆਂ ਸਾਂਝਾਂ
ਹੁਣ ਤਾਂ ਝੱਖੜ ਵੀ
ਹਿਲਾ ਨਾ ਸਕਣ
ਮੱਤ ਪ੍ਰੇਮ , ਜ਼ਾਤ ਇਨਸਾਨ
ਨਾ ਕੋਈ ਦੁਬਿਧਾ
ਨਾ ਕੋਈ ਸ਼ੰਕਾ
ਨਾ ਕੋਈ ਵੈਰੀ ਨਾ ਬੇਗਾਨਾ
ਸਾਂਝਾ ਦੁਸ਼ਮਣ
ਮੁਨਾਫ਼ਾਖ਼ੋਰ ਸਾਮਰਾਜ
ਨਾ ਝਗੜਾ ਮਾਲਕੀਅਤ ਦਾ
ਨਾ ਕੋਈ ਹਕ਼ ਸ਼ਫ਼ਾ ਦਾ ਦਾਅਵਾ
ਅਣਖ਼,
ਈਮਾਨ ਸਲਾਮਤ ਰੱਖਣਾ।
ਬਿਨਾਂ ਤੇਗ਼ ਹਥਿਆਰ
ਧਰਮ – ਯੁੱਧ ਜਿੱਤਣਾ
ਨਵਜੋਤ ਕੌਰ( ਡਾ:)