ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਉਪ-ਕੁਲਪਤੀਆਂ ਦੇ ਅਸਤੀਫ਼ਿਆਂ ਬਾਰੇ ਫ਼ੈਸਲੇ ਜਿਹੇ ਮੁੱਦਿਆਂ ’ਤੇ ਸੂਬਾ ਅਤੇ ਰਾਜ ਭਵਨ ਨੂੰ ਇੱਕੇ-ਦੂਜੇ ਦੇ ਖੇਤਰ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ।
ਇੱਥੇ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਵੱਖਰੇ ਤੌਰ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾਈ ਯੂਨੀਵਰਸਿਟੀਆਂ ਦਾ ਚਾਂਸਲਰ ਹੋਣ ਨਾਤੇ ਉਪ-ਕੁਲਪਤੀਆਂ ਦੇ ਅਸਤੀਫ਼ਿਆਂ ਬਾਰੇ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਰਾਜਪਾਲ ’ਤੇ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਅਸਤੀਫ਼ਾ (ਆਰਬੀਯੂ ਦੇ ਵੀਸੀ) ਮਨਜ਼ੂੁਰ ਨਹੀਂ ਕਰੇਗੀ। ਇਹ ਠੀਕ ਨਹੀਂ ਹੈ। ਸੂਬਾ ਸਰਕਾਰ ਅਜਿਹਾ ਫ਼ੈਸਲਾ ਨਹੀਂ ਲੈ ਸਕਦੀ। ਇਹ ਆਪਣੇ ਕੰਮਕਾਜੀ ਖੇਤਰ ਦੀਆਂ ਹੱਦਾਂ ਪਾਰ ਕਰਨਾ ਹੈ। ਸਾਨੂੰ ਇੱਕ-ਦੂਜੇ ਦੇ ਖੇਤਰ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ।’’ ਉਨ੍ਹਾਂ ਅੱਗੇ ਕਿਹਾ, ‘‘ਜੋ ਚਾਂਸਲਰ ਦਾ ਕੰਮ ਹੈ, ਉਹ ਉਸ ਉੱਪਰ ਛੱਡ ਦੇਣਾ ਚਾਹੀਦਾ ਹੈ।’’ ਧਨਖੜ ਨੇ ਕਿਹਾ ਕਿ ਉਨ੍ਹਾਂ ਨੇ ਰਬਿੰਦਰ ਭਾਰਤੀ ਯੂਨੀਵਰਸਿਟੀ (ਆਰਬੀਯੂ) ਦੇ ਵੀਸੀ ਦਾ ਅਸਤੀਫ਼ਾ ਨਹੀਂ ਦੇਖਿਆ ਹੈ।
ਦੱਸਣਯੋਗ ਹੈ ਕਿ ਆਰਬੀਯੂ ਦੇ ਵੀਸੀ ਸੱਬਿਯਾਸਾਚੀ ਬਾਸੂ ਰੇਅ ਚੌਧਰੀ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਕੈਂਪਸ ਵਿੱਚ ਬਸੰਤ ਉਤਸਵ ਸਬੰਧੀ ਵਿਵਾਦ ਦੌਰਾਨ ਉਨ੍ਹਾਂ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਸਿੱਖਿਆ ਮੰਤਰੀ ਪਾਰਥਾ ਚੈਟਰਜੀ ਨਾਲ ਗੱਲਬਾਤ ਮਗਰੋਂ ਉਨ੍ਹਾਂ ਨੇ ਆਪਣਾ ਫ਼ੈਸਲਾ ਬਦਲ ਲਿਆ ਸੀ।
INDIA ਮਮਤਾ ਸਰਕਾਰ ਹੱਦਾਂ ਪਾਰ ਕਰ ਰਹੀ ਹੈ: ਧਨਖੜ