ਪੱਛਮੀ ਬੰਗਾਲ ਵਿਚ ਵੀ ਮੋਦੀ ਲਹਿਰ ਦਾ ਜਾਦੂ ਚੱਲ ਗਿਆ ਲੱਗਦਾ ਹੈ ਤੇ ਪਾਰਟੀ ਨੇ 19 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਜਦਕਿ ਤ੍ਰਿਣਮੂਲ ਕਾਂਗਰਸ ਨੂੰ 22 ਸੀਟਾਂ ’ਤੇ ਸਫ਼ਲਤਾ ਮਿਲੀ ਹੈ। ਦੋ ਸੀਟਾਂ ਕਾਂਗਰਸ ਦੇ ਖ਼ਾਤੇ ਵਿਚ ਗਈ ਹੈ। ਦੱਸਣਯੋਗ ਹੈ ਕਿ 16ਵੀਂ ਲੋਕ ਸਭਾ ਵਿਚ ਤ੍ਰਿਣਮੂਲ ਕਾਂਗਰਸ ਕੋਲ 34 ਸੀਟਾਂ ਸਨ ਜਦਕਿ ਭਾਜਪਾ ਕੋਲ ਕੇਵਲ ਦੋ ਸੀਟਾਂ। ਤ੍ਰਿਣਮੂਲ ਕਾਂਗਰਸ ਮੁਖੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਵਿਚ ਜਿੱਤੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਿਣਤੀ ਮੁਕੰਮਲ ਹੋਣ ਤੇ ਵੀਵੀਪੈਟ ਦਾ ਮਿਲਾਣ ਹੋਣ ਤੋਂ ਬਾਅਦ ਉਹ ਆਪਣੇ ਵਿਚਾਰ ਰੱਖਣਗੇ। ਆਸਨਸੋਲ ਵਿਚ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਨੇ ਤ੍ਰਿਣਮੂਲ ਉਮੀਦਵਾਰ ਮੁਨਮੁਨ ਸੇਨ ਨੂੰ ਪੰਜਾਹ ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਹੈ। ਕੇਂਦਰੀ ਮੰਤਰੀ ਤੇ ਬਰਧਮਾਨ-ਦੁਰਗਾਪੁਰ ਵਿਚ ਭਾਜਪਾ ਉਮੀਦਵਾਰ ਐੱਸਐੱਸ ਆਹਲੂਵਾਲੀਆ ਨੇ ਵੀ ਜਿੱਤ ਹਾਸਲ ਕੀਤੀ ਹੈ। ਡਾਇਮੰਡ ਹਾਰਬਰ ਸੀਟ ਤੋਂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਇਕ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਦਾਰਜੀਲਿੰਗ ਤੋਂ ਭਾਜਪਾ ਦੇ ਰਾਜੂ ਬਿਸਤਾ ਨੇ ਕਰੀਬ ਡੇਢ ਲੱਖ ਵੋਟਾਂ ਦੇ ਫ਼ਰਕ ਨਾਲ ਤ੍ਰਿਣਮੂਲ ਕਾਂਗਰਸ ਦੇ ਅਮਰ ਸਿੰਘ ਨੂੰ ਹਰਾ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਦੇ ਦੋ ਵਾਰ ਦੇ ਸੰਸਦ ਮੈਂਬਰ ਸੁਦੀਪ ਬੰਧੋਪਾਧਿਆਏ ਨੇ ਕੋਲਕਾਤਾ ਉੱਤਰੀ ਤੋਂ ਭਾਜਪਾ ਦੇ ਰਾਹੁਲ ਸਿਨਹਾ ਨੂੰ ਹਰਾ ਦਿੱਤਾ ਹੈ। ਜੰਗੀਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਮਫੁਜ਼ਾ ਖ਼ਾਤੂਨ, ਤ੍ਰਿਣਮੂਲ ਕਾਂਗਰਸ ਦੇ ਖ਼ਲੀਲੁਰ ਰਹਿਮਾਨ ਤੋਂ ਹਾਰ ਗਏ ਹਨ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਵੀ ਚੋਣ ਹਾਰ ਗਏ ਹਨ। ਘਾਟਾਲ ਲੋਕ ਸਭਾ ਸੀਟ ਤੋਂ ਤ੍ਰਿਣਮੂਲ ਉਮੀਦਵਾਰ ਤੇ ਉੱਘੇ ਅਦਾਕਾਰ ਦੀਪਕ ਅਧਿਕਾਰੀ ਭਾਜਪਾ ਉਮੀਦਵਾਰ ਤੇ ਸਾਬਕਾ ਆਈਪੀਐੱਸ ਅਧਿਕਾਰੀ ਭਾਰਤੀ ਘੋਸ਼ ਨੂੰ ਹਰਾਉਣ ਵਿਚ ਕਾਮਯਾਬ ਹੋਏ ਹਨ। ਵੱਕਾਰੀ ਕੋਲਕਾਤਾ ਦੱਖਣੀ ਸੀਟ ਤੋਂ ਤ੍ਰਿਣਮੂਲ ਉਮੀਦਵਾਰ ਮਾਲਾ ਰਾਏ ਨੂੰ ਭਾਜਪਾ ਦੇ ਚੰਦਰ ਕੁਮਾਰ ਬੋਸ ’ਤੇ ਚਾਰ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਨਸੀਬ ਹੋਈ ਹੈ। ਹੁਗਲੀ ਤੋਂ ਭਾਜਪਾ ਉਮੀਦਵਾਰ ਲਾਕੇਟ ਚੈਟਰਜੀ, ਪੁਰੂਲੀਆ ਤੋਂ ਭਾਜਪਾ ਉਮੀਦਵਾਰ ਜਿਯੋਤਿਰਮਯ ਮਹਤੋ ਵੀ ਜਿੱਤ ਗਏ ਹਨ। ਦਮਦਮ ਤੋਂ ਤ੍ਰਿਣਮੂਲ ਉਮੀਦਵਾਰ ਸੌਗਤ ਰਾਏ ਵੀ ਜਿੱਤ ਗਏ ਹਨ।
HOME ਮਮਤਾ ਦੇ ਬੰਗਾਲ ’ਚ ਭਾਜਪਾ ਨੂੰ 19 ਸੀਟਾਂ, ਤ੍ਰਿਣਮੂਲ ਨੂੰ 22