- ਮਮਤਾ ਨੇ ਸੇਵਾਮੁਕਤੀ ਮਗਰੋਂ ਅਲਪਨ ਨੂੰ ਤਿੰਨ ਸਾਲ ਲਈ ਮੁੱਖ ਸਲਾਹਕਾਰ ਲਾਇਆ
- ਕੇਂਦਰ ਨੇ ਬੰਦੋਪਾਧਿਆਏ ਨੂੰ ਅੱਜ ਦਿੱਲੀ ਵਿੱਚ ਰਿਪੋਰਟ ਕਰਨ ਲਈ ਕਿਹਾ
ਕੋਲਕਾਤਾ, ਸਮਾਜ ਵੀਕਲੀ: ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਨ੍ਹਾਂ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ ਤਿੰਨ ਸਾਲ ਲਈ ਆਪਣਾ ਮੁੱਖ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ। ਇਹ ਨਵੀਂ ਨਿਯੁਕਤੀ ਭਲਕੇ ਮੰਗਲਵਾਰ ਤੋਂ ਅਮਲ ਵਿੱਚ ਆ ਜਾਵੇਗੀ। ਉਧਰ ਕੇਂਦਰ ਨੇ ਬੰਦੋਪਾਧਿਆਏ ਨੂੰ ਮੰਗਲਵਾਰ ਨੂੰ ਸਵੇਰੇ 10 ਵਜੇ ਿਦੱਲੀ ’ਚ ਪਰਸੋਨਲ ਮੰਤਰਾਲੇ ’ਚ ਰਿਪੋਰਟ ਕਰਨ ਲਈ ਕਿਹਾ ਹੈ। ਕੇਂਦਰ ਮੁਤਾਬਕ ਜੇਕਰ ਉਹ ਹਾਜ਼ਰ ਨਹੀਂ ਹੋਣਗੇ ਤਾਂ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਬੈਨਰਜੀ ਨੇ ਕਿਹਾ ਕਿ ਕੇਂਦਰ, ਸੂਬਾ ਸਰਕਾਰ ਦੀ ਇਜਾਜ਼ਤ ਤੋਂ ਬਗੈਰ ਕਿਸੇ ਵੀ ਅਧਿਕਾਰੀ ’ਤੇ ਜੁਆਇਨ ਕਰਨ ਲਈ ਦਬਾਅ ਨਹੀਂ ਪਾ ਸਕਦਾ।
ਮਮਤਾ ਨੇ ਕਿਹਾ, ‘‘ਮੁੱਖ ਸਕੱਤਰ ਨੂੰ ਕੇਂਦਰ ਤੋਂ ਪੱੱਤਰ ਮਿਲਿਆ ਸੀ, ਜਿਸ ਵਿੱਚ ਭਲਕ ਤੱਕ ਨੌਰਥ ਬਲਾਕ ਵਿੱਚ ਜੁਆਇਨ ਕਰਨ ਲਈ ਕਿਹਾ ਗਿਆ ਸੀ। ਇਹ ਮੇਰੇ ਪੱਤਰ ਦਾ ਨਹੀਂ ਬਲਕਿ ਸੀਐੱਸ ਦੇ ਪੱਤਰ ਦਾ ਜਵਾਬ ਹੈ। ਮੇਰੇ ਵੱਲੋਂ ਲਿਖੇ ਪੱਤਰ ਦਾ ਅਜੇ ਤੱਕ ਜਵਾਬ ਪ੍ਰਾਪਤ ਨਹੀਂ ਹੋਇਆ।’’ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦਾ ਫੈਸਲਾ ਇਕਪਾਸੜ ਅਤੇ ਗੈਰਸੰਵਿਧਾਨਕ ਹੈ। ਉਨ੍ਹਾਂ ਕਿਹਾ, ‘‘ਅਸੀਂ ਉਸ ਨੂੰ ਰਿਲੀਵ ਨਹੀਂ ਕਰ ਰਹੇ। ਉਹ ਅੱਜ ਸੇਵਾਮੁਕਤ ਹੋ ਗਏ ਹਨ, ਪਰ ਉਹ ਅਗਲੇ ਤਿੰਨ ਸਾਲਾਂ ਲਈ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣਗੇ।’’
ਇਸ ਤੋਂ ਪਹਿਲਾਂ ਅੱਜ ਦਿਨੇ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਗੁਜ਼ਾਰਿਸ਼ ਕੀਤੀ ਸੀ ਕਿ ਕੇਂਦਰ ਸਰਕਾਰ ਮੁੱਖ ਸਕੱਤਰ ਨੂੰ ਨਵੀਂ ਦਿੱਲੀ ਵਾਪਸ ਬੁਲਾਉਣ ਸਬੰਧੀ ਪੱਤਰ ਵਾਪਸ ਲਏ। ਮਮਤਾ ਨੇ ਪੱਤਰ ਵਿੱਚ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦੀ ਸਰਕਾਰ ‘ਸਿਖਰਲੇ ਨੌਕਰਸ਼ਾਹ ਨੂੰ ਰਿਲੀਵ ਨਹੀਂ ਕਰ ਸਕਦੀ ਤੇ ਨਾ ਹੀ ਰਿਲੀਵ ਕਰ ਰਹੀ ਹੈ।’ ਚੇਤੇ ਰਹੇ ਕਿ ਕੇਂਦਰ ਸਰਕਾਰ ਨੇ 28 ਮਈ ਦੀ ਰਾਤ ਨੂੰ ਚਾਣਚੱਕ ਬੰਦੋਪਾਧਿਆਏ ਦੀਆਂ ਸੇਵਾਵਾਂ ਦੀ ਮੰਗ ਕਰਦਿਆਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਅਧਿਕਾਰੀ ਨੂੰ ਫੌਰੀ ਰਿਲੀਵ ਕੀਤਾ ਜਾਵੇ। ਬੰਦੋਪਾਧਿਆਏ 1987 ਬੈਚ ਦਾ ਪੱਛਮੀ ਬੰਗਾਲ ਕੇਡਰ ਦਾ ਆਈਏਐੱਸ ਅਧਿਕਾਰੀ ਹੈ। ਉਂਜ ਬੰਦੋਪਾਧਿਆਏ ਨੇ ਅੱਜ ਸੋਮਵਾਰ ਨੂੰ 60 ਸਾਲ ਦਾ ਹੋਣ ’ਤੇ ਸੇਵਾਮੁਕਤ ਹੋ ਜਾਣਾ ਸੀ, ਪਰ ਕੋਵਿਡ ਪ੍ਰਬੰਧਨ ’ਤੇ ਕੰਮ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਵਾਨਗੀ ਨਾਲ ਬੰਦੋਪਾਧਿਆਏ ਦਾ ਕਾਰਜਕਾਲ ਤਿੰਨ ਮਹੀਨੇ ਵਧਾ ਦਿੱਤਾ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly