ਮਨੂ-ਸੌਰਭ ਨੇ ਵਿਸ਼ਵ ਰਿਕਾਰਡ ਨਾਲ ਸੋਨਾ ਫੁੰਡਿਆ

ਨੌਜਵਾਨ ਨਿਸ਼ਾਨੇਬਾਜ਼ ਮਨੁ ਭਾਕਰ ਤੇ ਸੌਰਭ ਚੌਧਰੀ ਦੀ ਜੋੜੀ ਨੇ ਸ਼ੁੱਕਰਵਾਰ ਨੂੰ ਇੱਥੇ 11ਵੀਂ ਏਸ਼ਿਆਈ ਏਅਰਗਨ ਚੈਂਪੀਅਨਸ਼ਿਪ ਦੇ ਦਸ ਮੀਟਰ ਏਅਰ ਪਿਸਟਲ ਮਿਕਸਡ ਡਬਲਜ਼ ਮੁਕਾਬਲੇ ਵਿਚ ਨਵੇਂ ਜੂਨੀਅਰ ਵਿਸ਼ਵ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ ਹੈ।
ਟੂਰਨਾਮੈਂਟ ਦੇ ਆਖ਼ਰੀ ਦਿਨ ਭਾਰਤੀ ਜੋੜੀ ਨੂੰ ਫਾਈਨਲ ਵਿਚ ਵਾਂਗ ਝਿਓਊ ਤੇ ਹਾਂਗ ਸ਼ੁਕੀ ਦੀ ਚੀਨੀ ਜੋੜੀ ਨੂੰ ਹਰਾਇਆ। ਭਾਰਤ ਦੀ ਜੂਨੀਅਰ ਨਿਸ਼ਾਨੇਬਾਜ਼ੀ ਟੀਮ ਨੇ ਚੈਂਪੀਅਨਸ਼ਿਪ ਵਿਚ ਚਾਰ ਸੋਨ ਤਗ਼ਮਿਆਂ ਸਣੇ ਕੁੱਲ 11 ਤਗ਼ਮੇ ਜਿੱਤੇ ਹਨ। ਯੂਥ ਓਲੰਪਿਕ ਖੇਡਾਂ ਦੇ ਚੈਂਪੀਅਨ ਮਨੂ ਤੇ ਸੌਰਭ ਨੇ ਫਾਈਨਲ ਵਿਚ 485.4 ਅੰਕ ਬਣਾਏ ਤੇ ਉਹ ਚੀਨੀ ਜੋੜੀ ਦੇ 477.9 ਅੰਕਾਂ ਦੇ ਮੁਕਾਬਲੇ ਕਾਫ਼ੀ ਅੱਗੇ ਰਹੇ। ਚੀਨ ਦੀ ਇਕ ਹੋਰ ਟੀਮ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਜਦਕਿ ਭਾਰਤ ਦੀ ਇਕ ਹੋਰ ਜੋੜੀ ਅਭਿਦੰਨਿਆ ਪਾਟਿਲ ਤੇ ਅਨਮੋਲ ਜੈਨ ਚੌਥੇ ਸਥਾਨ ’ਤੇ ਰਹੇ।
ਮਨੂ ਤੇ ਸੌਰਭ ਨੇ ਕੁਆਲੀਫਾਇੰਗ ਵਿਚ 800 ਵਿਚੋਂ 762 ਅੰਕ ਫੁੰਡੇ। ਉਨ੍ਹਾਂ ਚੀਨ ਦੇ ਵਾਂਗ ਤੇ ਹਾਂਗ ਤੋਂ ਬਾਅਦ ਦੂਜੇ ਸਥਾਨ ’ਤੇ ਰਹਿ ਕੇ ਕੁਆਲੀਫਾਈ ਕੀਤਾ। ਅਭਿਦੰਨਿਆ ਤੇ ਅਨਮੋਲ 760 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੇ।
ਸੌਰਭ ਦਾ ਇਹ ਦੋ ਦਿਨ ਵਿਚ ਤੀਸਰਾ ਸੋਨ ਤਗ਼ਮਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਦਸ ਮੀਟਰ ਏਅਰ ਪਿਸਟਲ ਦੀ ਟੀਮ ਤੇ ਵਿਅਕਤੀਗਤ ਮੁਕਾਬਲਿਆਂ ਵਿਚ ਸੋਨ ਤਗ਼ਮੇ ਜਿੱਤੇ ਸਨ। ਮਨੂ ਨੇ ਟੀਮ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਦੋਵੇਂ ਕੁਝ ਸਮੇਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

Previous articleਟੈਸਟ ਲੜੀ: ਇੰਗਲੈਂਡ ਨੇ ਸ੍ਰੀਲੰਕਾ ਨੂੰ ਕਰਾਰੀ ਮਾਤ ਦਿੱਤੀ
Next articleਚਾਈਨਾ ਓਪਨ: ਸਿੰਧੂ ਤੇ ਸ੍ਰੀਕਾਂਤ ਕੁਆਰਟਰ ਫਾਈਨਲ ਵਿਚ ਹਾਰੇ