ਮਨੁੱਖੀ ਅਧਿਕਾਰਾਂ ਲਈ ਸੰਵਿਧਾਨ ਨੂੰ ਬਚਾਉਣਾ ਅਤਿ ਜਰੂਰੀ

 

ਜਲੰਧਰ (ਸਮਾਜ ਵੀਕਲੀ): 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਵੱਲੋਂ ਅੰਬੇਡਕਰ ਭਵਨ ਜਲੰਧਰ ਵਿਖੇ ‘ਗਣਤੰਤਰ ਅਤੇ ਮਨੁੱਖੀ ਅਧਿਕਾਰ’ ਵਿਸ਼ੇ ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ. ਗੋਸ਼ਟੀ ਵਿਚ ਐਡਵੋਕੇਟ ਹਰਭਜਨ ਸਾਂਪਲਾ ਮੁਖ ਬੁਲਾਰੇ ਵਜੋਂ ਸ਼ਾਮਲ ਹੋਏ. ਐਡਵੋਕੇਟ  ਕੁਲਦੀਪ ਭੱਟੀ ਨੇ ਐਡਵੋਕੇਟ ਸਾਂਪਲਾ ਬਾਰੇ ਜਾਣਕਾਰੀ ਕਰਾਈ.  ਸਾਂਪਲਾ ਜੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਜਿੱਥੇ ਰਾਜਭਾਗ ਜਾਂ ਸਰਕਾਰ ਨੂੰ ਚਲਾਉਣ ਦੀ ਸਾਰੀ ਸ਼ਕਤੀ ਲੋਕਾਂ ਕੋਲ ਹੋਵੇ ਉਸਨੂੰ ਗਣਤੰਤਰ ਕਹਿੰਦੇ ਹਨ. ਲੋਕਤੰਤਰੀ ਗਣਰਾਜ ਤੋਂ ਭਾਵ ਉਸ ਰਾਜ ਤੋਂ ਹੈ ਜਿਸ ਵਿਚ ਰਾਜ ਦੀ ਸ਼ਕਤੀ ਲੋਕਾਂ ਦੇ ਹੱਥਾਂ ਵਿਚ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੁੰਦੇ ਹਨ. ਨਾਗਰਿਕ ਚੋਣਾਂ ਦੁਆਰਾ ਆਪਣੇ ਪ੍ਰਤੀਨਿਧੀ ਆਪ ਚੁਣਦੇ ਹਨ ਜਿਹੜੇ ਉਨ੍ਹਾਂ ਤੇ ਰਾਜ ਕਰਦੇ ਹਨ ਅਤੇ ਲੋਕਾਂ ਨੂੰ ਜਾਬਾਵਦੇਹ ਹੁੰਦੇ ਹਨ.

ਸਮਾਗਮ ਵਿੱਚ ਸ਼ਰੋਤਿਆਂ ਦਾ ਦਰਿਸ਼.

ਜਦ 26 ਜਨਵਰੀ 1950 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ ਲਿਖਿਆ ਸੰਵਿਧਾਨ ਲਾਗੂ ਹੋ ਗਿਆ ਸੀ ਤਾਂ ਸਾਡਾ ਦੇਸ਼ ਭਾਰਤ ਗਣਰਾਜ ਬਣ ਗਿਆ ਸੀ. ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਵਿਅਕਤੀ ਨੂੰ ਆਪਣਾ ਵਿਕਾਸ ਕਰਨ ਲਈ ਰਾਜ ਵੱਲੋਂ ਕੁਝ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਇਨ੍ਹਾਂ ਸਹੂਲਤਾਂ ਨੂੰ ਹੀ ਅਧਿਕਾਰ ਕਿਹਾ ਜਾਂਦਾ ਹੈ. ਉਨ੍ਹਾਂ ਨੇ ਸੰਵਿਧਾਨ ਦੇ ਲੇਖਾਂ ਦੇ ਵੇਰਵੇ ਦੇ ਕੇ ਬਰਾਬਰੀ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਧਰਮ ਦੀ ਆਜ਼ਾਦੀ ਦਾ ਅਧਿਕਾਰ, ਸਭਿਆਚਾਰਕ ਤੇ ਵਿਦਿਅਕ ਅਧਿਕਾਰ ਅਤੇ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ‘ਤੇ ਵਿਸ਼ਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਅਤੇ ਕਿਹਾ ਕਿ ਇਨ੍ਹਾਂ ਅਧਿਕਾਰਾਂ ਨੂੰ ਹੀ ਮਨੁੱਖੀ ਅਧਿਕਾਰ ਕਿਹਾ ਜਾਂਦਾ ਹੈ ਜਿਨ੍ਹਾਂ ਨਾਲ ਮਨੁਖਾਂ ਦਾ ਵਿਕਾਸ ਹੁੰਦਾ ਹੈ. ਸਾਂਪਲਾ ਜੀ ਨੇ ਇਹ ਵੀਂ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਸਮੇਤ ਸਾਰੇ ਅਧਿਕਾਰ ਪ੍ਰਾਪਤ ਹਨ ਜੋ ਬਾਬਾ ਸਾਹਿਬ ਡਾ. ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ‘ਚ ਲਿਖ ਦਿੱਤੇ ਹਨ. ਉਨ੍ਹਾਂ ਦੀ ਪ੍ਰਾਪਤੀ ਲਈ ਸਾਨੂੰ ਸੰਘਰਸ਼ਸ਼ੀਲ ਰਹਿਣਾ  ਚਾਹੀਦਾ ਹੈ.

ਉਨ੍ਹਾਂ ਨੇ ਸ਼ਰੋਤਿਆਂ ਦੇ ਸਵਾਲਾਂ ਦੇ ਜਬਾਵ ਤਸੱਲੀਬਖ਼ਸ਼ ਦਿੱਤੇ. ਇੱਕ ਸਵਾਲ ਦੇ ਜਬਾਵ ਵਿਚ ਉਨ੍ਹਾਂ ਨੇ ਦੱਸਿਆ ਕਿ ਸਾਡੇ ਦੇਸ਼ ਦਾ ਨਾਮ ਸੰਵਿਧਾਨ ਦੇ ਅਨੁਸਾਰ ਭਾਰਤ / ਇੰਡੀਆ ਹੈ ਨਾਕਿ ਹਿੰਦੋਸਤਾਨ.  ਸੋਸਾਇਟੀ ਵੱਲੋਂ ਲੋਈ ਦੇ ਕੇ ਐਡਵੋਕੇਟ ਹਰਭਜਨ ਸਾਂਪਲਾ ਦਾ ਸਨਮਾਨ ਕੀਤਾ ਗਿਆ. ਵਿਚਾਰ ਗੋਸ਼ਟੀ ਸਮਾਗਮ ਦੀ ਪ੍ਰਧਾਨਗੀ ਸੀਨੀਅਰ ਸਾਥੀ ਜਸਵਿੰਦਰ ਵਰਿਆਣਾ ਨੇ ਕੀਤੀ. ਸਟੇਜ ਸੰਚਾਲਨ ਐਡਵੋਕੇਟ ਕੁਲਦੀਪ ਭੱਟੀ ਨੇ  ਬਾਖੂਬੀ ਕੀਤਾ. ਇਸ ਮੌਕੇ ਵਰਿੰਦਰ ਕੁਮਾਰ, ਬਲਦੇਵ ਰਾਜ ਭਾਰਦਵਾਜ, ਤਿਲਕ ਰਾਜ, ਚਮਨ ਦਾਸ ਸਾਂਪਲਾ, ਰਾਮ ਲਾਲ ਦਾਸ, ਹਰਮੇਸ਼ ਜੱਸਲ, ਨਿਰਮਲ ਬੇਇੰਜੀ, ਪ੍ਰਿੰਸੀਪਲ ਪਰਮਜੀਤ ਜੱਸਲ, ਡਾ. ਜੀਵਨ ਸਹੋਤਾ, ਰੂਪ ਲਾਲ ਮਿੱਠਾਪੁਰ, ਬੀ ਸੀ ਗਿੱਲ, ਮਲਕੀਤ ਸਿੰਘ , ਅਜੀਤ ਮਸਾਣੀ, ਰੂਪ ਲਾਲ ਨੰਬਰਦਾਰ, ਰਣਵੀਰ ਭੱਟੀ, ਐਡਵੋਕੇਟ ਮੋਹਨ ਲਾਲ ਫਿਲ਼ੌਰੀਆ, ਐਡਵੋਕੇਟ ਰਾਜਿੰਦਰ ਆਜ਼ਾਦ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ. ਇਹ ਜਾਣਕਾਰੀ  ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ.

ਵਰਿੰਦਰ ਕੁਮਾਰ, ਜਨਰਲ ਸਕੱਤਰ

 

Previous articleDemolition of caste system essential for the survival of democracy in India
Next articleमानवाधिकारों के लिए संविधान को बचाना अति आवश्यक