ਮਨਰੇਗਾ ਮਾਮਲਾ: ਕੇਂਦਰੀ ਟੀਮ ਨੇ ਪੰਜ ਪਿੰਡਾਂ ’ਚ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

ਭਾਰਤ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਫ਼ਰੀਦਕੋਟ ਜ਼ਿਲ੍ਹੇ ’ਚ ਮਗਨਰੇਗਾ ਤਹਿਤ ਹੋਏ ਕੰਮਾਂ ਦਾ ਜਾਇਜ਼ਾ ਲੈਣ ਲਈ ਅੱਜ ਪੰਜ ਪਿੰਡਾਂ ਦਾ ਦੌਰਾ ਕੀਤਾ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਮਗਨਰੇਗਾ ਤਹਿਤ ਹੋਏ ਕੰਮਾਂ ਸਮੇਂ ਨਿਯਮਾਂ ਦੀ ਵੱਡੇ ਪੱਧਰ ’ਤੇ ਅਣਦੇਖੀ ਹੋਈ ਹੈ ਅਤੇ ਕੁਝ ਖਾਸ ਵਿਅਕਤੀਆਂ ਨੂੰ ਲਾਭ ਦੇਣ ਲਈ ਵਿਸ਼ੇਸ਼ ਤੇ ਗੈਰ-ਲੋੜੀਂਦੇ ਵਿਕਾਸ ਕਾਰਜ ਕਰਵਾਏ ਗਏ ਹਨ। ਕੇਂਦਰੀ ਜਾਂਚ ਟੀਮ ਨੇ ਪਿੰਡਾਂ ਦਾ ਦੌਰਾ ਕਰਨ ਤੋਂ ਪਹਿਲਾਂ ਪੰਚਾਇਤ ਵਿਭਾਗ ਦਾ ਰਿਕਾਰਡ ਚੈੱਕ ਕੀਤਾ। ਉਪਰੰਤ ਪਿੰਡ ਹਰਦਿਆਲੇਆਣਾ, ਪੱਖੀ ਕਲਾਂ, ਗੋਲੇਵਾਲਾ, ਮਚਾਕੀ ਕਲਾਂ ਅਤੇ ਝੋਟੀਵਾਲਾ ਦਾ ਦੌਰਾ ਕੀਤਾ। ਟੀਮ ਦੇ ਸੀਨੀਅਰ ਮੈਂਬਰ ਦੀਪ ਸ਼ੇਖਰ ਸਿੰਘਾਲ ਨੇ ਲੋਕਾਂ ਤੋਂ ਮਗਨਰੇਗਾ ਤਹਿਤ ਹੋਏ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਦੀ ਜਵਾਬ-ਤਲਬੀ ਕੀਤੀ। ਕੇਂਦਰੀ ਟੀਮ ਦੀ ਫੇਰੀ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸੀ ਦੋ ਧੜਿਆਂ ਵਿੱਚ ਵੰਡੇ ਨਜ਼ਰ ਆਏ। ਅਕਾਲੀਆਂ ਤੇ ਕਾਂਗਰਸੀਆਂ ਨੇ ਜਾਂਚ ਟੀਮ ਸਾਹਮਣੇ ਆਪੋ-ਆਪਣੇ ਵਫ਼ਦ ਵੀ ਪੇਸ਼ ਕੀਤੇ। ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਸ਼ਵਿੰਦਰ ਸਿੰਘ ਨੇ ਜਾਂਚ ਟੀਮ ਨੂੰ ਮੰਗ ਪੱਤਰ ਦੇ ਕੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਵੱਲੋਂ ਕੀਤੀ ਸ਼ਿਕਾਇਤ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਜ਼ਿਲ੍ਹੇ ਵਿੱਚ ਕਿਤੇ ਵੀ ਵਿਕਾਸ ਕਾਰਜਾਂ ਦੌਰਾਨ ਨਿਯਮਾਂ ਦੀ ਅਣਦੇਖੀ ਨਹੀਂ ਹੋਈ। ਪਿੰਡ ਪੱਖੀ ਵਿੱਚ ਸਰਪੰਚ ਕੁਲਵਿੰਦਰ ਸਿੰਘ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਵਿੱਚ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਝੂਠੀ ਸ਼ਿਕਾਇਤ ਕਰ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਾਂਚ ਅਧਿਕਾਰੀ ਦੀਪ ਸ਼ੇਖਰ ਸਿੰਘਾਲ ਨੇ ਕਿਹਾ ਕਿ ਪੰਜ ਪਿੰਡਾਂ ਦੀ ਪੜਤਾਲ ਦੌਰਾਨ ਉਨ੍ਹਾਂ ਨੇ ਮਗਨਰੇਗਾ ਤਹਿਤ ਹੋਏ ਕੰਮਾਂ ਦਾ ਬਰੀਕੀ ਨਾਲ ਜਾਇਜ਼ਾ ਲਿਆ ਹੈ ਅਤੇ ਇਸ ਬਾਰੇ ਰਿਪੋਰਟ ਉਹ ਭਾਰਤ ਸਰਕਾਰ ਨੂੰ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਦੌਰਾਨ ਮਗਨਰੇਗਾ ਕੰਮਾਂ ਵਿੱਚ ਕੋਈ ਵੱਡੀ ਘਪਲੇਬਾਜ਼ੀ ਸਾਹਮਣੇ ਨਹੀਂ ਆਈ ਪਰ ਕੁਝ ਥਾਂ ’ਤੇ ਮਗਨਰੇਗਾ ਤਹਿਤ ਪੈਸਾ ਖਰਚਣ ਵੇਲੇ ਨਿਯਮਾਂ ਨੂੰ ਅਣਦੇਖਿਆ ਕੀਤਾ ਗਿਆ ਹੈ। ਜਾਂਚ ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਪਿੰਡਾਂ ਵਿੱਚ ਮਗਨਰੇਗਾ ਮਜ਼ਦੂਰਾਂ ਨੂੰ ਜੌਬ ਕਾਰਡ ਨਾ ਮਿਲਣ ਦੀਆ ਸ਼ਿਕਾਇਤਾਂ ਆਈਆਂ ਸਨ ਅਤੇ ਇਨ੍ਹਾਂ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਹੈ।

Previous articleਵੇਟਲਿਫਟਰ ਦਵਿੰਦਰ ਕੌਰ ਨੇ ਜਿੱਤਿਆ ਸੋਨ ਤਗ਼ਮਾ
Next articleਵਿਸ਼ਵ ਯੂਨੀਵਰਿਸਟੀ ਖੇਡਾਂ ’ਚ ਭਾਰਤ ਨੂੰ ਗੋਲਡ