ਹਿੰਦੀ ਫਿਲਮ ‘‘ ਮਨਮਰਜ਼ੀਆਂ’’ ਵਿੱਚ ਅਭਿਸ਼ੇਕ ਬੱਚਨ ਨੂੰ ਸਿੱਖ ਦੇ ਕਿਰਦਾਰ ’ਚ ਸਿਗਰਟ ਪੀਂਦਿਆਂ ਦਿਖਾਏ ਜਾਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਕੀਤੇ ਜਾਣ ਤੋਂ ਬਾਅਦ ਨਿਰਮਾਤਾ ਨੇ ਫਿਲਮ ’ਚੋਂ ਤਿੰਨ ਸੀਨ ਹਟਾਉਣ ਦਾ ਐਲਾਨ ਕੀਤਾ ਹੈ। ਫਿਲਮ ਨਿਰਮਾਤਾਵਾਂ ਨੇ ਸੀਨ ਹਟਾਉਣ ਲਈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਕੋਲ ਪਹੁੰਚ ਕੀਤੀ ਹੈ। ਸੈਂਸਰ ਬੋਰਡ ਦੀ ਇਕ ਕਾਪੀ ਮੁਤਾਬਕ ਜਿਹੜੇ ਤਿੰਨ ਸੀਨ ਕੱਢੇ ਗਏ ਹਨ ਉਨ੍ਹਾਂ ਵਿੱਚ ਅਭਿਸ਼ੇਕ ਬੱਚਨ ਵੱਲੋਂ ਸਿਗਰਟਨੋਸ਼ੀ ਦਾ 29 ਸੈਂਕਿੰਡ ਦਾ ਸੀਨ, ਇਕ ਗੁਰਦੁਆਰੇ ’ਚ ਤਾਪਸੀ ਪੰਨੂ ਤੇ ਅਭਿਸ਼ੇਕ ਦੇ ਦਾਖ਼ਲ ਹੋਣ ਦਾ ਇਕ ਮਿੰਟ ਦਾ ਸੀਨ ਤੇ ਤਾਪਸੀ ਦੇ ਸਿਗਰਟਨੋਸ਼ੀ ਦਾ 11 ਸੈਕਿੰਡ ਦਾ ਸੀਨ ਸ਼ਾਮਲ ਹਨ। ਫਿਲਮ ਦੀ ਪ੍ਰੋਡਕਸ਼ਨ ਯੂਨਿਟ ਨਾਲ ਜੁੜੇ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ ‘‘ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਫਿਲਮ ’ਚੋਂ ਤਿੰਨੋ ਸੀਨ ਹਟਾ ਦਿੱਤੇ ਹਨ। ਮਹਾਂਨਗਰਾਂ ਵਿੱਚ ਅੱਜ ਤੋਂ ਹੀ ਇਹ ਤਬਦੀਲੀ ਨਜ਼ਰ ਆ ਜਾਵੇਗੀ ਜਦਕਿ ਵੀਰਵਾਰ-ਸ਼ੁੱਕਰਵਾਰ ਤੱਕ ਸਮੁੱਚੇ ਦੇਸ਼ ਵਿੱਚ ਨਜ਼ਰ ਆਵੇਗੀ।’’ ਫਿਲਮਸਾਜ਼ ਅਨੁਰਾਗ ਕਸ਼ਯਪ ਨੇ ਆਖਿਆ ਕਿ ਭਾਈਚਾਰੇ ਦੇ ਮਨ ਨੂੰ ਠੇਸ ਪਹੁੰਚਾਣ ਦਾ ਕਦੇ ਕੋਈ ਇਰਾਦਾ ਨਹੀਂ ਰਿਹਾ ਤੇ ਜੇ ਕਿਸੇ ਦੀ ਭਾਵਨਾ ਨੂੰ ਵਾਕਈ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦਾ ਹੈ ਪਰ ਇਸ ਮੁੱਦੇ ਨੂੰ ਬੇਵਜ੍ਹਾ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਦਾਅਵਾ ਕੀਤਾ ਕਿ ਦ੍ਰਿਸ਼ਾਂ ਦੇ ਫਿਲਮਾਂਕਣ ਵੇਲੇ ਪੂਰੀ ਇਹਤਿਆਤ ਵਰਤੀ ਗਈ ਸੀ ਤੇ ਗ਼ਲਤ ਪੇਸ਼ਕਾਰੀ ਤੋਂ ਬਚਣ ਲਈ ਸਿੱਖ ਭਾਈਚਾਰੇ ਦੇ ਮੈਂਬਰਾਂ ਤੋਂ ਵੀ ਮਾਰਗ ਦਰਸ਼ਨ ਲਿਆ ਗਿਆ ਸੀ।
Uncategorized ‘ਮਨਮਰਜ਼ੀਆਂ’ ’ਚੋਂ ਸਿਗਰਟਨੋਸ਼ੀ ਦੇ ਦਿ੍ਸ਼ ਹਟਾਏ