ਮਨਪ੍ਰੀਤ ਬਾਦਲ ਨੇ ਆਪਣੀ ਮਾਂ ਦੀਆਂ ਅਸਥੀਆਂ ‘ਤੇ ਲਾਇਆ ਟਾਹਲੀ ਦਾ ਬੂਟਾ

ਬਾਦਲ, 21 ਮਾਰਚ 2020 – ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦੀ ਪਤਨੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮਿੰਦਰ ਕੌਰ ਦੀਆਂ ਅਸਥੀਆਂ ਨੂੰ ਅੱਜ ਧਰਤੀ ਹੇਠ ਦੱਬ ਕੇ ਟਾਹਲੀ ਦਾ ਬੂਟਾ ਲਾਕੇ ਪ੍ਰੀਵਾਰ ਨੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ ਹੈ। ਅੱਜ ਪਿੰਡ ਬਾਦਲ ਦੇ ਸਮਸ਼ਾਨਘਾਟ ਵਿਚ ਮਾਤਾ ਹਰਮਿੰਦਰ ਕੌਰ ਦੀਆਂ  ਅਸਥੀਆਂ ਚੁਗਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸਾਬਕਾ ਮੈਂਬਰ ਪਾਰਲੀਮੈਂਟ  ਗੁਰਦਾਸ ਸਿੰਘ ਬਾਦਲ ਸਮੇਤ ਸਾਰੇ ਬਾਦਲ ਪਰਿਵਾਰ ਤੋਂ ਇਨਾਵਾ ਪੰਜਾਬ ਦੇ ਕਈ ਵਿਧਾਇਕ ਤੇ ਕਾਂਗਰਸੀ ਆਗੂ ਵੀ ਹਾਜ਼ਰ ਰਹੇ। ਪੰਜਾਬ ਅੰਦਰ ਪਹਿਲਾਂ ਹੀ ਵਾਤਾਵਰਣ ਤੇ ਪਾਣੀ ਪਲੀਤ ਹੋਣ ਦੇ ਮੱਦੇਨਜ਼ਰ ਬਾਦਲ ਪਰਿਵਾਰ ਨੇ ਮਾਤਾ ਹਰਮਿੰਦਰ ਕੌਰ ਦੀਆਂ ਅਸਥੀਆਂ ਨੂੰ ਆਪਣੇ ਘਰ ਦੇ ਨਾਲ ਲੱਗਦੇ ਖੇਤ ਵਿਚ ਦੱਬ ਕੇ ਪੌਦਾ ਲਗਾਉਣ ਦਾ ਫ਼ੈਸਲਾ ਕੀਤਾ ਸੀ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਮਾਤਾ ਜੀ ਦੀਆਂ ਅਸਥੀਆਂ ਨੂੰ ਖੇਤ ਵਿਚ ਦਬਾਉਣ ਤੋਂ ਬਾਅਦ ਉਸ ਉੱਪਰ ਟਾਹਲੀ ਦਾ ਪੌਦਾ ਲਗਾਇਆ। ਇਸ  ਦਰੱਖਤ ਦੀ ਦੇਖਭਾਲ ਖੁਦ ਮਨਪ੍ਰੀਤ ਸਿੰਘ ਬਾਦਲ ਤੇ ਉਨਾਂ ਦੇ ਪਰਿਵਾਰ ਵੱਲੋਂ  ਕੀਤੀ ਜਾਵੇਗੀ। ਪਰਿਵਾਰ ਦਾ ਮੰਨਣਾ ਹੈ ਕਿ ਟਾਹਲੀ ਦਾ ਦਰੱਖਤ ਹਮੇਸ਼ਾਂ  ਮਾਤਾ ਹਰਮਿੰਦਰ ਕੌਰ ਜੀ ਦੀ ਯਾਦ ਦਿਵਾਉਦਾ ਰਹੇਗਾ। ਇਸ ਤਰਾਂ ਕਰਕੇ ਬਾਦਲ ਪਰਿਵਾਰ ਨੇ ਵਾਤਾਵਰਣ ਤੇ ਪਾਣੀ ਨੂੰ ਪਲੀਤ ਨਾ ਕਰਨ ਦਾ ਵੱਡਾ ਸੁਨੇਹਾ ਦਿੱਤਾ ਹੈ।

Previous articleਬਾਲੀਵੁਡ ਸਿੰਗਰ ਕਨਿਕਾ ਕਪੂਰ ‘ਤੇ ਕੇਸ ਦਰਜ -ਕਰੋਨਾ ਪਾਜ਼ਿਟਿਵ ਹੋਣ ਦੇ ਬਾਵਜੂਦ ਡਿਨਰ ਪਾਰਟੀਆਂ ‘ਚ ਘੁੰਮਦੀ ਰਹੀ
Next articleMP ex-rebel Cong MLAs leaving Bengaluru for Bhopal