ਕੌਮੀ ਪੁਰਸ਼ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਅੱਜ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦਾ ਸਾਲ ਦਾ ਸਰਵੋਤਮ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ। ਇਸ ਤਰ੍ਹਾਂ ਉਸ ਲਈ ਸਾਲ 2019 ਦਾ ਸੈਸ਼ਨ ਯਾਦਗਾਰ ਰਿਹਾ, ਜਿਥੇ ਉਸ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਓਲੰਪਿਕ ਵਿੱਚ ਵੀ ਥਾਂ ਬਣਾਈ।
ਮਿਡਫੀਲਡਰ ਮਨਪ੍ਰੀਤ ਇਸ ਤਰ੍ਹਾਂ 1999 ਵਿੱਚ ਪੁਰਸਕਾਰ ਸ਼ੁਰੂ ਹੋਣ ਮਗਰੋਂ ਇਸ ਨੂੰ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ। ਮਨਪ੍ਰੀਤ ਨੇ ਇਸ ਪੁਰਸਕਾਰ ਦੀ ਦੌੜ ਵਿੱਚ ਬੈਲਜੀਅਮ ਦੇ ਆਰਥਰ ਵਨ ਡੋਰੇਨ ਅਤੇ ਅਰਜਨਟੀਨਾ ਦੇ ਲੁਕਾਸ ਵਿਲਾ ਨੂੰ ਪਛਾੜਿਆ, ਜੋ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਕੌਮੀ ਫੈਡਰੇਸ਼ਨਾਂ, ਮੀਡੀਆ, ਪ੍ਰਸ਼ੰਸਕਾਂ ਅਤੇ ਖਿਡਾਰੀਆਂ ਦੀਆਂ ਸਾਂਝੀਆਂ ਵੋਟਾਂ ਵਿੱਚ ਮਨਪ੍ਰੀਤ ਨੂੰ 35.2 ਫ਼ੀਸਦੀ ਵੋਟਾਂ ਮਿਲੀਆਂ। ਵਨ ਡੋਰੇਨ ਨੇ ਕੁੱਲ 19.7 ਫ਼ੀਸਦੀ, ਜਦਕਿ ਵਿਲਾ ਨੇ 16.5 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਇਸ ਪੁਰਸਕਾਰ ਲਈ ਬੈਲਜੀਅਮ ਦੇ ਵਿਕਟਰ ਵੈਗਨਜ਼ ਅਤੇ ਆਸਟਰੇਲੀਆ ਦੇ ਐਰਨ ਜ਼ਲੇਸਕੀ ਅਤੇ ਐਡੀ ਓਕੈਨਡਨ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਲੰਡਨ 2012 ਅਤੇ ਰੀਓ ਓਲੰਪਿਕ 2016 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ 27 ਸਾਲ ਦੇ ਮਨਪ੍ਰੀਤ ਨੇ ਸਾਲ 2011 ਵਿੱਚ ਸੀਨੀਅਰ ਕੌਮੀ ਟੀਮ ਲਈ ਖੇਡਣਾ ਸ਼ੁਰੂ ਕੀਤਾ ਸੀ। ਉਹ ਹੁਣ ਤੱਕ ਭਾਰਤੀ ਵੱਲੋਂ 260 ਕੌਮਾਂਤਰੀ ਮੈਚ ਖੇਡ ਚੁੱਕਿਆ ਹੈ।
ਪਿਛਲੇ ਸੈਸ਼ਨ ਬਾਰੇ ਮਨਪ੍ਰੀਤ ਨੇ ਕਿਹਾ, ‘‘ਜੇਕਰ ਤੁਸੀਂ ਸਾਲ ਵਿੱਚ ਸਾਡੇ ਪ੍ਰਦਰਸ਼ਨ ਨੂੰ ਵੇਖੋ ਤਾਂ ਅਸੀਂ ਜਿਸ ਵੀ ਟੂਰਨਾਮੈਂਟ ਵਿੱਚ ਹਿੱਸਾ ਲਿਆ, ਉਸ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਇਹ ਜੂਨ ਵਿੱਚ ਐੱਫਆਈਐੱਚ ਸੀਰੀਜ਼ ਫਾਈਨਲ ਹੋਵੇ ਜਾਂ ਬੈਲਜੀਅਮ ਵਿੱਚ ਟੈਸਟ ਲੜੀ, ਜਿਥੇ ਅਸੀਂ ਮੇਜ਼ਬਾਨ ਅਤੇ ਸਪੇਨ ਖ਼ਿਲਾਫ਼ ਖੇਡੇ ਅਤੇ ਉਨ੍ਹਾਂ ਨੂੰ ਹਰਾਇਆ।’’
ਉਸ ਨੇ ਕਿਹਾ, ‘‘ਸਾਲ 2019 ਵਿੱਚ ਸਾਡਾ ਸਭ ਤੋਂ ਵੱਡਾ ਟੀਚਾ ਓਲੰਪਿਕ ਵਿੱਚ ਥਾਂ ਬਣਾਉਣਾ ਸੀ।’’ ਭਾਰਤ ਨੇ ਦੋ ਓਲੰਪਿਕ ਕੁਆਲੀਫਾਇਰ ਮੁਕਾਬਲਿਆਂ ਵਿੱਚ ਰੂਸ ਨੂੰ 4-2 ਅਤੇ 7-2 ਨਾਲ ਹਰਾ ਕੇ ਇਹ ਟੀਚਾ ਹਾਸਲ ਕੀਤਾ ਸੀ।
ਮਨਪ੍ਰੀਤ ਨੇ ਇਸ ਪੁਰਸਕਾਰ ਨੂੰ ਟੀਮ ਦੇ ਆਪਣੇ ਸਾਥੀਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਉਸ ਨੇ ਕਿਹਾ, ‘‘ਇਹ ਪੁਰਸਕਾਰ ਜਿੱਤ ਕੇ ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਅਤੇ ਮੈਂ ਇਸ ਨੂੰ ਆਪਣੀ ਟੀਮ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਸ਼ੁਭਚਿੰਤਕਾਂ ਅਤੇ ਦੁਨੀਆਂ ਭਰ ਦੇ ਹਾਕੀ ਪ੍ਰਸ਼ੰਸਕਾਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ। ਭਾਰਤੀ ਹਾਕੀ ਲਈ ਏਨਾ ਜ਼ਿਆਦਾ ਸਮਰਥਨ ਸ਼ਾਨਦਾਰ ਹੈ।’’
ਐੱਫਆਈਐੱਚ ਸੀਈਓ ਥੀਅਰੀ ਵੀਲ ਨੇ ਮਨਪ੍ਰੀਤ ਸਣੇ ਸਾਰੇ ਜੇਤੂਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ, ‘‘ਮੈਂ ਪੂਰੀ ਹਾਕੀ ਜਗਤ ਦੇ ਨੁਮਾਇੰਦੇ ਵਜੋਂ ਐੱਫਆਈਐੱਚ ਵੱਲੋਂ 2019 ਐੱਫਆਈਐੱਚ ਐਵਾਰਡ ਜੇਤੂਆਂ ਅਤੇ ਇਸ ਦੇ ਲਈ ਨਾਮਜ਼ਦ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ।’’ ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮੁਸ਼ਤਾਕ ਅਹਿਮਦ ਨੇ ਵੀ ਮਨਪ੍ਰੀਤ ਨੂੰ ਵਧਾਈ ਦਿੱਤੀ। ਮਨਪ੍ਰੀਤ ਤੋਂ ਇਲਾਵਾ ਨੌਜਵਾਨ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੇ ਐੱਫਆਈਐੱਚ ਦੇ ਸਾਲ ਦਾ ਉਭਰਦਾ ਪੁਰਸ਼ ਖਿਡਾਰੀ ਸਨਮਾਨ, ਜਦੋਂਕਿ ਸਟਰਾਈਕਰ ਲਾਲਰੇਮਸਿਆਮੀ ਨੇ 2019 ਐੱਫਆਈਐੱਚ ਦੀ ਸਾਲ ਦੀ ਉਭਰਦੀ ਮਹਿਲਾ ਖਿਡਾਰੀ ਦਾ ਐਵਾਰਡ ਜਿੱਤਿਆ ਹੈ।
Sports ਮਨਪ੍ਰੀਤ ਨੂੰ ਐੱਫਆਈਐੱਚ ਦਾ ਸਰਵੋਤਮ ਖਿਡਾਰੀ ਪੁਰਸਕਾਰ