ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ’ਚ ਘਿਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀਰਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਕਰੀਬ ਤਿੰਨ ਮਹੀਨੇ ਪਹਿਲਾਂ ਕਰਾਉਣ ਦਾ ਐਲਾਨ ਵੀ ਕਰ ਦਿੱਤਾ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਬਾਦਲ ਧੜੇ ਦੇ 14 ਮੈਂਬਰਾਂ ਨੇ ਆਪਣੇ ਅਸਤੀਫ਼ੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤੇ ਹਨ। ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ’ਤੇ ਸਿਰਸਾ ਨੇ ਕਾਰਜਕਾਰਨੀ ਬੋਰਡ ਦੀ ਬੈਠਕ ਸੱਦੀ ਸੀ। ਦਿੱਲੀ ਕਮੇਟੀ ਦੇ ਕਾਨਫਰੰਸ ਹਾਲ ਵਿਖੇ ਬੈਠਕ ਦੌਰਾਨ ਮੈਂਬਰਾਂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹ ਆਪਣੇ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਹੋਣ ਤਕ ਕਮੇਟੀ ਵਿੱਚ ਕੋਈ ਅਹੁਦਾ ਨਹੀਂ ਲੈਣਗੇ। ਉਨ੍ਹਾਂ ਐਲਾਨ ਕੀਤਾ ਕਿ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਤੈਅ ਸਮੇਂ ਤੋਂ ਪਹਿਲਾਂ 27-29 ਦਸੰਬਰ ਜਾਂ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਨਿਰਧਾਰਤ ਕੀਤੀ ਜਾਣ ਵਾਲੀ ਤਰੀਕ ਨੂੰ ਕਰਵਾਈਆਂ ਜਾਣਗੀਆਂ। ਇਸ ਦੌਰਾਨ ਗੁਰਦੁਆਰਾ ਚੋਣ ਬੋਰਡ ਨੂੰ ਚਿੱਠੀ ਲਿਖ ਦਿੱਤੀ ਗਈ ਹੈ। ਉਂਜ ਮੌਜੂਦਾ ਕਾਰਜਕਾਰਨੀ ਦੀ ਮਿਆਦ 29 ਮਾਰਚ 2019 ਤਕ ਹੈ। ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਮੇਟੀ ਵਿੱਚ ਤਾਕਤਾਂ ਨੂੰ ਲੈ ਕੇ ਜੀਕੇ ਨਾਲ ਕੋਈ ਟਕਰਾਅ ਨਹੀਂ ਹੈ। ਗਹਿਮਾ-ਗਹਿਮੀ ਦੌਰਾਨ ਗੀਤਾ ਕਾਲੋਨੀ ਤੋਂ ਕਮੇਟੀ ਮੈਂਬਰ ਹਰਿੰਦਰਪਾਲ ਸਿੰਘ ਬੈਠਕ ਵਿਚੋਂ ਬਾਈਕਾਟ ਕਰਕੇ ਬਾਹਰ ਚਲੇ ਗਏ ਤੇ ਉਨ੍ਹਾਂ ਬਾਹਰ ਆ ਕੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਸ੍ਰੀ ਸਿਰਸਾ, ਕੁਲਵੰਤ ਸਿੰਘ ਬਾਠ ਤੇ ਹੋਰ ਆਗੂ ਉਨ੍ਹਾਂ ਨੂੰ ਮਨਾ ਕੇ ਮੀਟਿੰਗ ਹਾਲ ਵਿਚ ਲੈ ਗਏ।
HOME ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ