ਵੱਡੇ ਕਾਫ਼ਲੇ ਦੇ ਰੂਪ ਵਿੱਚ ਅੱਜ ਲਿਜਾਇਆ ਜਾਵੇਗਾ ਪਿੰਡ
ਬਰਨਾਲਾ ਜੇਲ੍ਹ ਪ੍ਰਸ਼ਾਸਨ ਨੇ ਖੱਬੇ ਪੱਖੀ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਅੱਜ ਰਾਤ ਸਾਢੇ ਅੱਠ ਵਜੇ ਦੇ ਕਰੀਬ ਰਿਹਾਅ ਕਰ ਦਿੱਤਾ। ਰਾਜਪਾਲ ਵੀ.ਪੀ.ਸਿੰਘ ਬਦਨੌਰ ਦੀ ਰਸਮੀ ਪ੍ਰਵਾਨਗੀ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਧਨੇਰ ਦੀ ਰਿਹਾਈ ਸਬੰਧੀ ਹੁਕਮ ਦੇਰ ਸ਼ਾਮ ਹੀ ਜਾਰੀ ਕਰ ਦਿੱਤੇ ਸਨ। ਉਂਜ ਰਿਹਾਈ ਤੋਂ ਐਨ ਪਹਿਲਾਂ ਬਰਨਾਲਾ ਜੇਲ੍ਹ ਪ੍ਰਸ਼ਾਸਨ ਨੇ ਪੂਰਾ ਸਸਪੈਂਸ ਬਣਾਈ ਰੱਖਿਆ। ਰਾਤ ਸਵਾ ਅੱਠ ਵਜੇ ਦੇ ਕਰੀਬ ਜੇਲ੍ਹ ਦੇ ਬਾਹਰ ਪਿਛਲੇ 46 ਦਿਨਾਂ ਤੋਂ ਡੇਰਾ ਲਾਈ ਬੈਠੇ ਮੋਰਚੇ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਸਮੇਤ ਪੰਜ ਮੈਂਬਰ ਜੇਲ੍ਹ ਅੰਦਰ ਗਏ ਤੇ ਦਸ ਪੰਦਰਾਂ ਮਿੰਟ ਦੀ ਕਾਗਜ਼ੀ ਕਾਰਵਾਈ ਮਗਰੋਂ ਮਨਜੀਤ ਸਿੰਘ ਧਨੇਰ ਨਾਲ ਬਾਹਰ ਆ ਗਏ। ਜੇਲ੍ਹ ਵਿੱਚ ਗਏ ਮੋਰਚੇ ਦੇ ਹੋਰਨਾਂ ਮੈਂਬਰਾਂ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ, ਗੁਰਦੀਪ ਸਿੰਘ ਰਾਮਪੁਰਾ ਤੇ ਮਾਸਟਰ ਪ੍ਰੇਮ ਕੁਮਾਰ ਸ਼ਾਮਲ ਸਨ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਮਨਜੀਤ ਸਿੰਘ ਧਨੇਰ ਸਿੱਧੇ ਮੋਰਚੇ ਵਿੱਚ ਗਏ। ਉਨ੍ਹਾਂ ਆਪਣੀ ਰਿਹਾਈ ਨੂੰ ਲੋਕਾਂ ਦੇ ਏਕੇ ਤੇ ਸਿਰੜੀ ਸੰਘਰਸ਼ ਦੀ ਜਿੱਤ ਦੱਸਿਆ। ਸ੍ਰੀ ਧਨੇਰ ਨੇ ਕਿਹਾ ਕਿ ਉਹ ਅੱਜ ਦੀ ਰਾਤ ਆਪਣੇ ਸੰਘਰਸ਼ਸ਼ੀਲ ਸਾਥੀਆਂ ਨਾਲ ਮੋਰਚੇ ਵਿੱਚ ਹੀ ਕੱਟਣਗੇ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਕਿਸਾਨ ਆਗੂ ਧਨੇਰ ਨੂੰ ਭਲਕੇ 11 ਵਜੇ ਵੱਡੇ ਕਾਫ਼ਲੇ ਦੇ ਰੂਪ ਵਿੱਚ ਪੂਰੇ ਮਾਣ ਸਤਿਕਾਰ ਨਾਲ ਮਹਿਲ ਕਲਾਂ ਨਜ਼ਦੀਕ ਉਨ੍ਹਾਂ ਦੇ ਪਿੰਡ ਧਨੇਰ ਲੈ ਕੇ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਸਬੰਧੀ ਰਸਮੀ ਹੁਕਮ ਜਾਰੀ ਕਰ ਦਿੱਤਾ ਸੀ। ਰਾਜਪਾਲ ਵੀ.ਪੀ. ਬਦਨੌਰ ਵੱਲੋਂ ਸਜ਼ਾ ਮੁਆਫ਼ੀ ਨੂੰ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਜੇਲ੍ਹ ਵਿਭਾਗ ਨੇ ਵੀ ਅੱਜ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਉਧਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜਾ ਮੁਆਫ਼ੀ ਨੂੰ ਲੋਕਾਂ ਦੇ ਇੱਕਜੁੱਟ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬਰਨਾਲਾ ਤੋਂ ਵਿਧਾਇਕ ਮੀਤ ਹੇਅਰ, ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸੂਬਾ ਜਨਰਲ ਸਕੱਤਰ ਮਾਸਟਰ ਪ੍ਰੇਮ ਕੁਮਾਰ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਲੋਕਾਂ ਦੇ ਸੰਘਰਸ਼ ਅਤੇ ਸੱਚ ਦੀ ਜਿੱਤ ਹੋਈ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਚ ਅਤੇ ਇਨਸਾਫ਼ ਲਈ ਸੂਬੇ ਦੋ ਲੋਕਾਂ ਅਤੇ ਖ਼ਾਸਕਰ ਕਿਸਾਨਾਂ ਦਾ ਇਮਤਿਹਾਨ ਲੈਣ ਦੀ ਥਾਂ ਸੂਬਾ ਸਰਕਾਰ ਨੂੰ ਇਹ ਫ਼ੈਸਲਾ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ। ਚੀਮਾ ਨੇ ਮਨਜੀਤ ਸਿੰਘ ਧਨੇਰ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਨ ਵਾਲੇ ਸਾਰੇ ਲੋਕਾਂ, ਕਿਸਾਨ ਸੰਗਠਨਾਂ ਅਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਕਸੁਰਤਾ ਅਤੇ ਇਕਜੁੱਟਤਾ ਨਾਲ ਬੇਇਨਸਾਫ਼ੀਆਂ ਵਿਰੁੱਧ ਸੰਘਰਸ਼ ਕੀਤਾ ਜਾਵੇ ਤਾਂ ਆਖ਼ਰ ਸੱਚ ਅਤੇ ਲੋਕਾਂ ਦੀ ਜਿੱਤ ਹੁੰਦੀ ਹੈ। ਇਸ ਤੋਂ ਪਹਿਲਾਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਸਬੰਧੀ ਕਨਸੋਅ ਲਗਦਿਆਂ ਹੀ ਬਰਨਾਲਾ ਜੇਲ੍ਹ ਦੇ ਬਾਹਰ ਸੰਘਰਸ਼ਸ਼ੀਲ ਤੇ ਇਨਸਾਫ਼ਪਸੰਦ ਲੋਕਾਂ ਦਾ ਸੈਲਾਬ ਉਮੜ ਆਇਆ।