ਸਾਬਕਾ ਭਾਰਤੀ ਹਰਫ਼ਨਮੌਲਾ ਮਦਨ ਲਾਲ, ਆਰ ਪੀ ਸਿੰਘ ਅਤੇ ਸੁਲਕਸ਼ਣਾ ਨਾਇਕ ਨੂੰ ਅੱਜ ਬੀਸੀਸੀਆਈ ਦੀ ਤਿੰਨ ਮੈਂਬਰੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਹੈ। ਸੀਏਸੀ ਨੂੰ ਇਸ ਮੌਕੇ ਸੀਨੀਅਰ ਚੋਣ ਕਮੇਟੀ ਵਿੱਚ ਕਾਰਜਕਾਲ ਪੂਰਾ ਕਰ ਚੁੱਕੇ ਦੋ ਮੈਂਬਰਾਂ ਦੀ ਥਾਂ ਲੈਣ ਵਾਲੇ ਚੋਣਕਾਰਾਂ ਨੂੰ ਚੁਣਨਾ ਹੋਵੇਗਾ। ਸੀਏਸੀ ਨੂੰ ਚੋਣ ਕਮੇਟੀ ਦੇ ਮੌਜੂਦਾ ਪ੍ਰਧਾਨ ਐੱਮਐੱਸਕੇ ਪ੍ਰਸਾਦ (ਦੱਖਣੀ ਖੇਤਰ) ਅਤੇ ਗਗਨ ਖੋੜਾ (ਕੇਂਦਰੀ ਖੇਤਰ) ਦਾ ਬਦਲ ਲੱਭਣਾ ਹੋਵੇਗਾ।
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, ‘‘ਸੀਏਸੀ ਦੀ ਨਿਯੁਕਤੀ ਇੱਕ ਸਾਲ ਲਈ ਹੋਵੇਗੀ।’’ ਨਵੀਂ ਸੀਏਸੀ ਵਿੱਚ ਪਹਿਲਾਂ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ੀ ਗੌਤਮ ਗੰਭੀਰ ਨੂੰ ਸ਼ਾਮਲ ਕੀਤਾ ਗਿਆ ਸੀ, ਪਰ ਸੰਸਦ ਮੈਂਬਰ ਹੋਣ ਕਾਰਨ ਉਹ ਇਸ ਦਾ ਹਿੱਸਾ ਨਹੀਂ ਬਣ ਸਕਿਆ। ਉਤਰ ਪ੍ਰਦੇਸ਼ ਦਾ ਆਰਪੀ ਸਿੰਘ ਸੀਏਸੀ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਹੈ। ਉਸ ਦੀ ਉਮਰ 34 ਸਾਲ ਹੈ, ਜਦੋਂਕਿ ਮਦਨ ਲਾਲ 68 ਅਤੇ ਸੁਲੱਕਸ਼ਣਾ ਨਾਇਕ 41 ਸਾਲ ਦੀ ਹੈ।
ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਬੀਤੇ ਦਿਨੀਂ ਕਿਹਾ ਸੀ ਕਿ ਮਦਨ ਲਾਲ ਅਤੇ ਸੁਲੱਕਸ਼ਣਾ ਨਾਇਕ ਸੀਏਸੀ ਵਿੱਚ ਬਰਕਰਾਰ ਰਹਿਣਗੇ, ਜਦੋਕਿ ਗੌਤਮ ਗੰਭੀਰ ਨੂੰ ਬਦਲਿਆ ਜਾ ਰਿਹਾ ਹੈ ਕਿਉਂਕਿ ਉਹ ਸੰਸਦ ਮੈਂਬਰ ਹੋਣ ਕਾਰਨ ਕੋਈ ਅਹੁਦਾ ਨਹੀਂ ਸੰਭਾਲ ਸਕਦੇ। ਬੀਸੀਸੀਆਈ ਦੇ ਨਵੇਂ ਅਹੁਦੇਦਾਰਾਂ ਨੇ 23 ਅਕਤੂਬਰ ਨੂੰ ਅਹੁਦੇ ਸੰਭਾਲੇ ਸਨ ਅਤੇ ਉਨ੍ਹਾਂ ਨੂੰ ਸੀਏਸੀ ਨੂੰ ਨਿਯੁਕਤ ਕਰਨ ਵਿੱਚ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗਿਆ। ਬੋਰਡ ਨੂੰ ਅਜਿਹੇ ਸਾਬਕਾ ਕ੍ਰਿਕਟਰ ਦੀ ਭਾਲ ਸੀ ਜਿਸ ਨਾਲ ਹਿੱਤਾਂ ਦੇ ਟਕਰਾਅ ਦਾ ਮਾਮਲਾ ਨਾ ਜੁੜਿਆ ਹੋਵੇ। ਸੀਏਸੀ ਦਾ ਸਭ ਤੋਂ ਤਜਰਬੇਕਾਰ ਮੈਂਬਰ ਮਦਨ ਲਾਲ ਇਸ ਚੁਣੌਤੀ ਲਈ ਤਿਆਰ ਹੈ। ਕਪਿਲ ਦੇਵ, ਸ਼ਾਂਤਾ ਰੰਗਾਸਵਾਮੀ ਅਤੇ ਅੰਸ਼ੂਮਨ ਗਾਇਕਵਾੜ ਦੀ ਮੌਜੂਦਗੀ ਵਾਲੀ ਸੀਏਸੀ ਨੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲੱਗਣ ਮਗਰੋਂ ਅਹੁਦਾ ਛੱਡ ਦਿੱਤਾ ਸੀ।
Sports ਮਦਨ ਲਾਲ ਤੇ ਆਰਪੀ ਸਿੰਘ ਬੀਸੀਸੀਆਈ ਕ੍ਰਿਕਟ ਸਲਾਹਕਾਰ ਕਮੇਟੀ ’ਚ ਸ਼ਾਮਲ