ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਡੇਰਾ ਬਾਬਾ ਨਾਨਕ ਵਿਚ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦਾ ਬੇਰਹਿਮੀ ਨਾਲ ਕਤਲ ਦਰਅਸਲ ਇਕ ਮੰਤਰੀ, ਗੈਂਗਸਟਰ ਅਤੇ ਪੁਲਿਸ ਦੇ ਗਿਰੋਹ ਵੱਲੋਂ ਮਿਲ ਕੇ ਕੀਤਾ ਗਿਆ ਹੈ।
ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ 2004 ਦੀਆਂ ਸੰਸਦੀ ਚੋਣਾਂ ਦੌਰਾਨ ਢਿੱਲਵਾਂ ਪਿੰਡ ਵਿਚ ਬੂਥਾਂ ‘ਤੇ ਕਬਜ਼ੇ ਹੋਣ ਦੀਆਂ ਰਿਪੋਰਟਾਂ ਆਈਆਂ ਸਨ ਅਤੇ ਸੁਖਜਿੰਦਰ ਰੰਧਾਵਾ ਵੱਲੋਂ ਕੀਤੇ ਗਏ ਪਿੰਡ ਦੇ ਦੌਰੇ ਦੌਰਾਨ ਦਲਬੀਰ ਢਿੱਲਵਾਂ ਦੇ ਪਰਿਵਾਰਕ ਮੈਂਬਰਾਂ ਨਾਲ ਹੋਈ ਹੱਥੋਪਾਈ ਵਿਚ ਰੰਧਾਵਾ ਦੀ ਪੱਗ ਲਹਿ ਗਈ ਸੀ।
ਰੰਧਾਵਾ ਉਸ ਸਮੇਂ ਕਾਂਗਰਸ ਦੀ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਸੀ ਤੇ ਉਸ ਨੇ ਇਸ ਘਟਨਾ ਲਈ ਦਲਬੀਰ ਸਿੰਘ ਅਤੇ ਉਸ ਦੇ ਪਿਤਾ ਸੰਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਸੰਤ ਸਿੰਘ ਨੂੰ ਧਮਕੀ ਦਿੱਤੀ ਸੀ ਕਿ ਉਹ ਆਪਣੇ ਦੋ ਪੁੱਤ ਮਰਵਾ ਚੁੱਕਿਆ ਹੈ ਅਤੇ ਹੁਣ ਤੀਜਾ ਵੀ ਮਰਵਾਏਗਾ। ਮਜੀਠੀਆ ਨੇ ਮੰਤਰੀ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ।
ਮਜੀਠੀਆ ਨੇ ਕਿਹਾ ਕਿ ਇਸ ਤੋਂ ਬਾਅਦ 2004 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ ਦਲਬੀਰ ਦੇ ਪਰਿਵਾਰ ਦੇ 10 ਮੈਂਬਰਾਂ ਨੂੰ ਮਨਘੜਤ ਦੋਸ਼ਾਂ ਹੇਠ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਦਲਬੀਰ ‘ਤੇ ਤਸ਼ੱਦਦ ਵੀ ਢਾਹਿਆ ਗਿਆ ਸੀ। ਅਗਲੇ ਦਸ ਸਾਲ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਕੁਝ ਨਹੀਂ ਵਾਪਰਿਆ ਪਰ ਹੁਣ ਕਾਂਗਰਸੀ ਹਕੂਮਤ ਦੌਰਾਨ ਬਦਲਾ ਲੈਣ ਲਈ ਹਮਲਾਵਰਾਂ ਵੱਲੋਂ ਬੇਰਹਿਮੀ ਨਾਲ ਲੱਤਾਂ ਵੱਢਣ ਅਤੇ 15 ਗੋਲੀਆਂ ਮਾਰਨ ਕਰ ਕੇ ਅਕਾਲੀ ਆਗੂ ਦਲਬੀਰ ਦੀ ਮੌਤ ਹੋ ਗਈ। ਇਹ ਕਤਲ ਪੱਗ ਲਹਿਣ ਦੇ ਮਾਮਲੇ ਦਾ ਬਦਲਾ ਲੈਣ ਲਈ ਕੀਤਾ ਗਿਆ।
ਮਜੀਠੀਆ ਨੇ ਕਿਹਾ ਕਿ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਜੇਲ੍ਹ ਮੰਤਰੀ ਦੀ ਹਮਾਇਤ ਸਦਕਾ ਡੇਰਾ ਬਾਬਾ ਨਾਨਕ ਵਿਚ ਪੈਂਦੇ ਪਿੰਡ ਭਗਵਾਨਪੁਰਾ ਦੀ ਪੰਚਾਇਤ ਮੈਂਬਰ ਬਣ ਚੁੱਕੀ ਹੈ। ਉਨ੍ਹਾਂ ਨੇ ਕੁਝ ਮੀਡੀਆ ਰਿਪੋਰਟਾਂ ਵਿਖਾਈਆਂ, ਜਿਨ੍ਹਾਂ ਵਿਚ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਹ ਖ਼ੁਲਾਸਾ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਜੱਗੂ ਭਗਵਾਨਪੁਰੀਆ ਜੇਲ੍ਹ ਅੰਦਰ ਫੋਨ ਦੀ ਵਰਤੋਂ ਕਰ ਰਿਹਾ ਹੈ ਅਤੇ ਆਪਣੇ 33 ਸਾਥੀਆਂ ਦੀ ਮਦਦ ਨਾਲ ਜੇਲ੍ਹ ਅੰਦਰ ਬੈਠਾ ਇਕ ਫਿਰੌਤੀ ਗਿਰੋਹ ਚਲਾ ਰਿਹਾ ਹੈ।
ਮਜੀਠੀਆ ਨੇ ਦੋਸ਼ ਲਾਇਆ ਕਿ ਗੁਰਦਾਸਪੁਰ ਦਾ ਐੱਸਐੱਸਪੀ ਉਪਿੰਦਰਜੀਤ ਘੁੰਮਣ ਇਕ ਕਾਂਗਰਸੀ ਬੁਲਾਰੇ ਵਾਂਗ ਕੰਮ ਕਰ ਰਿਹਾ ਹੈ।
ਕਤਲ ਹੋਣ ਤੋਂ 15 ਮਿੰਟ ਬਾਅਦ ਹੀ ਉਸ ਨੇ ਐਲਾਨ ਕਰ ਦਿੱਤਾ ਸੀ ਕਿ ਇਸ ਕਤਲ ਪਿੱਛੇ ਕੋਈ ਵੀ ਸਿਆਸੀ ਸਾਜ਼ਿਸ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਐੱਸਐੱਸਪੀ ਇਹ ਕਹਿ ਕੇ ਕਿ ਇਹ ਕਤਲ ਜ਼ਮੀਨੀ ਝਗੜੇ ਕਰ ਕੇ ਹੋਇਆ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਕਾਲੀ ਆਗੂ ਨੇ ਇਹ ਸਾਬਤ ਕਰਨ ਲਈ ਕਿ ਕਾਤਲਾਂ ਅਤੇ ਦਲਬੀਰ ਢਿੱਲਵਾਂ ਦੀਆਂ ਜ਼ਮੀਨਾਂ ਦੀ ਆਪਸ ਵਿਚ ਵੱਟ ਨਹੀਂ ਸੀ ਲੱਗਦੀ, ਮਾਲ ਵਿਭਾਗ ਦੇ ਰਿਕਾਰਡ ਵਿਖਾਏ।
ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਐੱਸਐੱਸਪੀ ਅਤੇ ਸਥਾਨਕ ਪੁਲਿਸ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਨ ਲਈ ਵੀ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਢਿੱਲਵਾਂ ਦੇ ਸਪੁੱਤਰ ਸੰਦੀਪ ਨੇ ਹੁਣ ਡੀਜੀਪੀ ਨੂੰ ਲਿਖਿਆ ਹੈ।ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਸਾਰੇ ਕਤਲ ਇੱਕੋ ਹੀ ਢੰਗ ਨਾਲ ਹੋਏ ਹਨ। ਕਾਂਗਰਸੀਆਂ ਨੂੰ ਬਚਾਉਣ ਲਈ ਪੁੁਲਿਸ ਨੇ ਮਾਮਲੇ ‘ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਸੂਬੇ ‘ਚ ਹੋਏ ਹਰੇਕ ਕਤਲ ਦਾ ਲੋਕਾਂ ਸਾਹਮਣੇ ਕਰਾਂਗੇ ਪਰਦਾਫਾਸ਼
ਉਨ੍ਹਾਂ ਕਿਹਾ ਕਿ ਦਲਬੀਰ ਢਿੱਲਵਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਕਾਲੀ ਦਲ ਹਾਈ ਕੋਰਟ ਜਾਣ ਸਮੇਤ ਸਾਰੇ ਵਸੀਲਿਆਂ ਦਾ ਇਸਤੇਮਾਲ ਕਰੇਗਾ। ਇਸ ਤੋਂ ਇਲਾਵਾ ਸੰਗਰੂਰ ਵਿਚ ਜਗਮੇਲ ਸਿੰਘ, ਮੁਹਾਲੀ ਵਿਚ ਨੇਹਾ ਸ਼ੋਰੀ ਅਤੇ ਗੁਰਦਾਸਪੁਰ ਵਿਚ ਗੁਰਬਚਨ ਸਿੰਘ ਦੇ ਕਤਲਾਂ ਸਮੇਤ ਸੂਬੇ ਅੰਦਰ ਹੋਏ ਸਾਰੇ ਕਤਲਾਂ ਦਾ ਅਕਾਲੀ ਦਲ ਲੋਕਾਂ ਵਿਚ ਜਾ ਕੇ ਪਰਦਾਫਾਸ਼ ਕਰੇਗਾ।