ਅਯੁੱਧਿਆ ਮਾਮਲੇ ’ਚ ਕਾਂਗਰਸ ’ਤੇ ਅੜਿੱਕੇ ਡਾਹੁਣ ਦਾ ਦੋਸ਼ ਲਾਇਆ;
ਸ਼ਾਹ ਵੱਲੋਂ ਪਾਰਟੀ ਵਰਕਰਾਂ ਨੂੰ ਹੌਸਲੇ ਬੁਲੰਦ ਰੱਖਣ ਦੀ ਅਪੀਲ
ਭਾਜਪਾ ਵਿਰੋਧੀ ਮਹਾਂਗੱਠਜੋੜ ਨੂੰ ‘ਨਾਕਾਮ ਤਜਰਬਾ’ ਦਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਇਕਜੁੱਟ ਹੋਣ ਦਾ ਆਸ਼ਾ ‘ਮਜਬੂਰ’ ਸਰਕਾਰ ਬਣਾਉਣਾ ਹੈ ਤਾਂ ਕਿ ਕੁਨਬਾਪ੍ਰਸਤੀ ਤੇ ਭ੍ਰਿਸ਼ਟਾਚਾਰ ਨੂੰ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਭਾਜਪਾ ਸਰਕਾਰ ਹੈ, ਜੋ ਸਰਬਪੱਖੀ ਵਿਕਾਸ ਲਈ ਮਜ਼ਬੂਤ ਸਰਕਾਰ ਚਾਹੁੰਦੀ ਹੈ। ਰਾਮ ਮੰਦਿਰ ਮੁੱਦੇ ਲਈ ਕਾਂਗਰਸ ’ਤੇ ਹੱਲਾ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਨਹੀਂ ਚਾਹੁੰਦੀ ਕਿ ਅਯੁੱਧਿਆ ਵਿਵਾਦ ਦਾ ਕੋਈ ਹੱਲ ਨਿਕਲੇ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਵਕੀਲਾਂ ਰਾਹੀਂ ਇਸ ਮਾਮਲੇ ’ਚ ਅੜਿੱਕੇ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਹੈ। ਭਾਜਪਾ ਦੇ ਸ਼ਾਸਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਬਿਨਾਂ ਵੀ ਚਲਾਇਆ ਜਾ ਸਕਦਾ ਹੈ। ਇਸ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਹਾਲੀਆ ਅਸੈਂਬਲੀ ਚੋਣਾਂ ਦੇ ਨਤੀਜਿਆਂ ਦੇ ਬਾਵਜੂਦ ਹੌਸਲੇ ਬੁਲੰਦ ਰੱਖਣ। ਉਨ੍ਹਾਂ ਕਿਹਾ ਕਿ ਵਿਰੋਧੀ ਜਿੱਤੇ ਜ਼ਰੂਰ ਹਨ, ਪਰ ਭਗਵੀਂ ਪਾਰਟੀ ਨੇ ਅਜੇ ਆਪਣਾ ਆਧਾਰ ਨਹੀਂ ਗੁਆਇਆ।
ਇਥੇ ਭਾਜਪਾ ਦੀ ਕੌਮੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ, ਮੁੱਢਲੇ ਤੌਰ ’ਤੇ ਕਾਂਗਰਸ ਤੇ ਇਸ ਦੇ ਸਭਿਆਚਾਰ ਦਾ ਵਿਰੋਧ ਕਰਨ ਲਈ ਹੋਂਦ ’ਚ ਆਈਆਂ ਸਨ, ਨੇ ਅੱਜ ਉਸੇ ਨਾਲ ਹੱਥ ਮਿਲਾ ਲਏ ਹਨ। ਸ੍ਰੀ ਮੋਦੀ ਨੇ ਕਿਹਾ, ‘ਅਸੀਂ ਇਕ ਮਜ਼ਬੂਤ ਸਰਕਾਰ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਭ੍ਰਿਸ਼ਟਾਚਾਰ ਦਾ ਭੋਗ ਪਾਇਆ ਜਾ ਸਕੇ। ਅੱਜਕੱਲ੍ਹ ਮੁਲਕ ਵਿੱਚ ਨਾਕਾਮ ਤਜਰਬਾ ਚੱਲ ਰਿਹਾ ਹੈ, ਜੋ ਮਹਾਂਗੱਠਜੋੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਸਾਰੇ ਇਕ ਬੇਸਹਾਰਾ ਸਰਕਾਰ ਬਣਾਉਣ ਲਈ ਇਕੱਠੇ ਹੋਏ ਹਨ। ਉਹ ਨਹੀਂ ਚਾਹੁੰਦੇ ਕਿ ਮਜ਼ਬੂਤ ਸਰਕਾਰ ਬਣੇ ਕਿਉਂਕਿ ਜੇਕਰ ਅਜਿਹਾ ਹੋ ਗਿਆ ਤਾਂ ਉਨ੍ਹਾਂ ਦੀਆਂ ਹੱਟੀਆਂ ਬੰਦ ਹੋ ਜਾਣਗੀਆਂ।’ ਉਨ੍ਹਾਂ ਕਿਹਾ, ‘ਉਹ ਬੇਸਹਾਰਾ ਸਰਕਾਰ ਚਾਹੁੰਦੇ ਹਨ ਤਾਂ ਕਿ ਭ੍ਰਿਸ਼ਟਾਚਾਰ ਦਾ ਕਾਰੋਬਾਰ ਚਲਦਾ ਰਹੇ। ਅਸੀਂ ਇਸ ਭ੍ਰਿਸ਼ਟਾਚਾਰ ਦਾ ਭੋਗ ਪਾਉਣ ਲਈ ਮਜ਼ਬੂਤ ਸਰਕਾਰ ਦੇ ਹੱਕ ਵਿੱਚ ਹਾਂ। ਅਸੀਂ ਸਾਰਿਆਂ ਦਾ ਵਿਕਾਸ ਚਾਹੁੰਦੇ ਹਾਂ।’ ਪ੍ਰਧਾਨ ਮੰਤਰੀ ਨੇ ਰਾਜਾਂ ਵਿੱਚ ਸੀਬੀਆਈ ਦੇ ਦਾਖ਼ਲੇ ’ਤੇ ਲਾਈ ਰੋਕ ਲਈ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਸਰਕਾਰ ਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜ ਸਰਕਾਰਾਂ ਨੂੰ ਕਾਹਦਾ ਡਰ ਸਤਾ ਰਿਹਾ ਹੈ ਤੇ ਉਨ੍ਹਾਂ ਕੀ ਗੜਬੜ ਕੀਤੀ ਹੈ। ਸ੍ਰੀ ਮੋਦੀ ਨੇ ਕਿਹਾ, ‘ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਯੂਪੀਏ ਸਰਕਾਰ ਨੇ ਮੈਨੂੰ ਕਈ ਵਾਰ ਪ੍ਰੇਸ਼ਾਨ ਕੀਤਾ, ਪਰ ਅਸੀਂ ਰਾਜ ਵਿੱਚ ਸੀਬੀਆਈ ਦੇ ਦਾਖ਼ਲੇ ’ਤੇ ਪਾਬੰਦੀ ਨਹੀਂ ਲਾਈ।’ ਸਿੱਖਿਆ ਤੇ ਸਰਕਾਰੀ ਨੌਕਰੀਆਂ ’ਚ ਦਸ ਫੀਸਦ ਰਾਖਵਾਂਕਰਨ ਦੇਣ ਦੇ ਸਰਕਾਰ ਦੇ ਫੈਸਲੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ‘ਨਵੇਂ ਭਾਰਤ’ ਦਾ ਯਕੀਨ ਵਧੇਗਾ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਖਵੇਂਕਰਨ ਦੇ ਇਸ ਨਵੇਂ ਪ੍ਰਬੰਧ ਨਾਲ ਹੋਰਨਾਂ ਦੇ ਹੱਕਾਂ ’ਤੇ ਡਾਕਾ ਨਹੀਂ ਵੱਜੇਗਾ।
ਸ੍ਰੀ ਮੋਦੀ ਨੇ ਕਿਹਾ ਪਿਛਲੀ ਸਰਕਾਰਾਂ ਕਿਸਾਨਾਂ ਨੂੰ ਮਹਿਜ਼ ਵੋਟ ਬੈਂਕ ਮੰਨਦੀਆਂ ਰਹੀਆਂ ਹਨ, ਪਰ ਭਾਜਪਾ ਸਰਕਾਰ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸੰਜੀਦਾ ਹੋ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ 2020 ਤਕ ਦੁੱਗਣੀ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਰੋਧੀ ਪਾਰਟੀ ਕਾਂਗਰਸ ਦੇਸ਼ ਵਿੱਚ ਤਿੰਨ ਅਲਸਰਾਂ-ਜਾਤੀਵਾਦ, ਕੁੰਨਬਾਪ੍ਰਸਤੀ ਤੇ ਖ਼ੁਸ਼ ਕਰਨ ਦੀ ਨੀਤੀ ਲਈ ਜ਼ਿੰਮੇਵਾਰ ਹੈ ਤੇ ਇਨ੍ਹਾਂ ਤਿੰਨਾਂ ਦੇ ਦੇਸ਼ ਦੀ ਸਿਆਸਤ ਨੂੰ ਨੁਕਸਾਨ ਪਹੁੰਚਾਇਆ ਹੈ।