
ਕਪੂਰਥਲਾ (ਹਰਜੀਤ ਸਿੰਘ ਵਿਰਕ)- ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮੀਨਿਸਟ੍ਰੇਸ਼ਨ ਪੰਜਾਬ ਵਲੋਂ ਕਪੂਰਥਲਾ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਲੋਕ ਸੂਚਨਾ ਅਫਸਰਾਂ, ਸਹਾਇਕ ਲੋਕ ਸੂਚਨਾ ਅਫਸਰਾਂ ਤੇ ਆਰ ਟੀ ਆਈ (ਸੂਚਨਾ ਦਾ ਅਧਿਕਾਰ) ਕਲਰਕਾਂ ਦੀ ਦੋ ਰੋਜ਼ਾ ਸਿਖਲਾਈ ਅੱਜ ਸਮਾਪਤ ਹੋ ਗਈ। ਮਗਸੀਪਾ ਵਲੋਂ ਡਾ ਐਸ ਪੀ ਜੋਸ਼ੀ , ਖੇਤਰੀ ਪਾਜੈਕਟ ਡਾਇਰੈਕਟਰ, ਸ਼ਿਵ ਕੁਮਾਰ ਸੋਨਿਕ ਐਡਵੋਕੇਟ, ਊਸ਼ਾ ਕਪੂਰ ਸਾਬਕਾ ਪ੍ਰਿੰਸੀਪਲ ਨੇ ਦੱਸਿਆ ਕਿ ਵਿਭਾਗਾਂ ਵਲੋਂ ਲੋਕ ਸੂਚਨਾ ਅਫਸਰ ਤੇ ਸਹਾਇਕ ਲੋਕ ਸੂਚਨਾ ਅਫਸਰ ਨਾਮਜਦ ਕੀਤੇ ਗਏ ਅਧਿਕਾਰੀਆਂ ਨੂੰ ਆਰ ਟੀ ਆਈ ਪ੍ਰਾਪਤ ਕਰਨ, ਉਸ ਤਹਿਤ ਦਿੱਤੀ ਤੇ ਨਾ ਦਿੱਤੀ ਜਾਣ ਵਾਲੀ ਸੂਚਨਾ, ਸਮਾਂ ਹੱਦ, ਅਪੀਲ ਅਥਾਰਟੀਆਂ, ਸੂਚਨਾ ਕਮਿਸ਼ਨ ਦੇ ਕੰਮਕਾਜ ਅਤੇ ਆਮ ਲੋਕਾਂ ਨੂੰ ਸੂਚਨਾ ਦੇ ਅਧਿਕਾਰ ਐਕਟ ਤਹਿਤ ਪ੍ਰਾਪਤ ਹੱਕਾਂ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਆਰ ਟੀ ਆਈ ਪ੍ਰਾਪਤ ਹੋਣ ’ਤੇ ਮਿੱਥੇ ਸਮੇਂ ਅੰਦਰ ਲੋੜੀਂਦੀ ਯੋਗ ਸੂਚਨਾ ਉਪਲਬਧ ਕਰਵਾਉਣਾ ਯਕੀਨੀ ਬਣਾਉਣ।
ਜਿਲ੍ਹਾ ਮਾਲ ਅਫਸਰ ਪਰਮਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਮਗਸੀਪਾ ਵਲੋਂ ਦੋ ਦਿਨ ਤੱਕ ਦਿੱਤੀ ਗਈ ਸਿਖਲਾਈ ਪ੍ਰਸਾਸ਼ਕੀ ਪੱਖ ਤੋਂ ਵਿਭਾਗੀ ਅਧਿਕਾਰੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ।
ਸਿਖਲਾਈ ਦੌਰਾਨ ਬਾਗਬਾਨੀ, ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ, ਭਾਸ਼ਾ ਵਿਭਾਗ, ਸਿਹਤ, ਲੋਕ ਨਿਰਮਾਣ, ਮਾਲ, ਰੈਡ ਕਰਾਸ, ਸਥਾਨਕ ਸਰਕਾਰਾਂ, ਰੋਜ਼ਗਾਰ ਉਤਪਤੀ ਵਿਭਾਗ, ਖੁਰਾਕ ਤੇ ਸਿਵਲ ਸਪਲਾਈ, ਮੰਡੀ ਬੋਰਡ ਦੇ ਅਧਿਕਾਰੀਆਂ ਨੇ ਭਾਗ ਲਿਆ।