- – ਹਰਮੇਸ਼ ਜੱਸਲ
- 91-94644-83080
- (ਸਮਾਜਵੀਕਲੀ)
ਸਿਕੰਦਰ ਛੇਵੇਂ ਦੇ ਪੁੱਤਰ ਚਿਜਾਰੇ ਬਰੋਜਿਆ, ਜਿਸ ਨੂੰ ਆਮ ਤੌਰ `ਤੇ ਡਿਯੂਕ ਵਾਲੈਨਤਾਵਿਨ ਵੀ ਕਿਹਾ ਜਾਂਦਾ ਹੈ, ਇਕ ਚੰਗੀ ਉਦਾਹਰਣ ਹੈ, ਜੇ ਇਹ ਸਾਰਾ ਕੁਝ ਸਿੱਖਣਾ ਹੋਵੇ:
1. ਨਵੀਂ ਜਿੱਤੀ ਰਿਆਸਤ ਵਿਚ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਹੋਵੇ, ਮਿੱਤਰ ਬਣਾਉਣੇ ਹੋਣ, ਜਬਰਦਸਤੀ ਜਾਂ ਧੋਖੇ ਰਾਹੀਂ ਜਿੱਤ ਪ੍ਰਾਪਤ ਕਰਨੀ ਹੋਵੇ, ਲੋਕਾਂ ਵਿਚ ਆਪਣਾ ਪਿਆਰ ਜਾਂ ਰੋਹਬ ਵਧਾਉਣਾ ਹੋਵੇ, ਫੌਜੀਆਂ ਨੂੰ ਆਪਣੇ ਮਗਰ ਲਾਣ ਦੀ ਜਾਚ ਸਿੱਖਣੀ ਹੋਵੇ, ਨੁਕਸਾਨ ਪਹੁੰਚਾਉਣ ਵਾਲੇ ਸ਼ਤਰੂਆਂ ਦਾ ਨਾਸ਼ ਲੋੜੀਂਦਾ ਹੋਵੇ, ਪੁਰਾਣੇ ਰੀਤੀ-ਰਿਵਾਜਾਂ ਵਿਚ ਸੁਧਾਰ ਲਿਆਉਣਾ ਹੋਵੇ, ਸਖ਼ਤੀ ਕਰਦਿਆਂ ਹੋਇਆਂ ਦਿਆਲੂ ਹੋਣ ਦਾ ਤਰੀਕਾ ਸਿੱਖਣਾ ਹੋਵੇ, ਦਰਿਆ ਦਿਲ ਅਤੇ ਖੁੱਲ੍ਹੇ ਡੁੱਲ੍ਹੇ ਵਿਚਾਰਾਂ ਵਾਲਾ ਹੋ ਕੇ ਦੱਸਣਾ ਹੋਵੇ, ਪੁਰਾਣੀ ਫੌਜ ਦੀ ਥਾਂ ਨਵੀਂ ਫੌਜ ਸਿਰਜਣੀ ਹੋਵੇ, ਰਾਜਿਆਂ-ਮਹਾਰਾਜਿਆਂ ਨੂੰ ਆਪਣੇ ਹੱਥ ਵਿਚ ਇਵੇਂ ਰੱਖਣਾ ਹੋਵੇ ਕਿ ਉਸਦੇ ਪ੍ਰਤੀ ਬੁਰਾ ਕਰਨ ਤੋਂ ਡਰਨ ਅਤੇ ਸਦਾ ਭਲਾ ਕਰਨ ਦਾ ਸੋਚਣਾ ਹੋਵੇ।
2. (ਰਾਜਾ) ਨਵੀਆਂ ਸਮੱਸਿਆਵਾਂ ਆ ਜਾਣ ਤੇ ਸਮਾਂ ਤਾੜੂ ਨੀਤੀ ਦੀ ਵਰਤੋਂ ਕਰੇ।
3. ਜਦੋਂ ਤੱਕ ਰਾਜੇ ਵਿਚ ਕੋਈ ਵੱਡਾ ਐਬ ਨਾ ਆ ਜਾਵੇ, ਪਰਜਾ ਉਸਦੀ ਸ਼ੁਭਚਿੰਤਕ ਬਣੀ ਰਹਿੰਦੀ ਹੈ।
4. ਸਾਰੇ ਲੋਕ, ਜਿਹਨਾਂ ਨੂੰ ਤੁਹਾਡੀ ਜਿੱਤ ਰਾਹੀਂ ਨੁਕਸਾਨ ਪਹੁੰਚਦਾ ਹੈ, ਤੁਹਾਡੇ ਦੁਸ਼ਮਣ ਬਣ ਜਾਂਦੇ ਹਨ।
5. ਬਗਾਵਤ ਦੇ ਬਹਾਨੇ ਨਵਾਂ ਰਾਜਾ ਬਾਗੀਆਂ ਉੱਤੇ ਸਖ਼ਤੀ ਕਰ ਸਕਦਾ ਹੈ, ਸ਼ੈਤਾਨਾਂ ਨੂੰ ਠਿਕਾਣੇ ਲਾ ਸਕਦਾ ਹੈ।
6. ਨਵਾਂ ਰਾਜਾ ਆਪਣੀ ਰਿਹਾਇਸ਼ ਨਵੀਂ ਜਿੱਤੀ ਰਿਆਸਤ ਵਿਚ ਹੀ ਰੱਖੇ। ਇਸ ਤਰ੍ਹਾਂ ਸ਼ਾਸਨ ਦ੍ਰਿੜ੍ਹ ਅਤੇ ਚਿਰਕਾਲੀ ਹੋ ਸਕਦਾ ਹੈ। ਨੇੜੇ ਹੁੰਦੇ ਹੋਏ ਪੁੰਗਰਦੇ ਉਪਦ੍ਰਵਾਂ ਦਾ ਝੱਟ ਪਤਾ ਲੱਗ ਸਕਦਾ ਹੈ। ਜਿਉਂ ਹੀ ਉਪਦ੍ਰਵ ਉੱਠਣ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਲੋਕਾਂ ਦੀ ਪਹੁੰਚ ਸਿੱਧੀ ਆਪਣੇ ਰਾਜੇ ਤੱਕ ਹੋਣ ਕਾਰਨ ਨਵਾਂ ਜਿੱਤਿਆ ਇਲਾਕਾ ਅਫਸਰਾਂ ਦੀ ਮਨਮਾਨੀ, ਲੁੱਟ-ਖਸੁੱਟ ਤੋਂ ਬਚ ਜਾਂਦਾ ਹੈ। ਪਰਜਾ ਆਪਣਾ ਦੁੱਖ-ਸੁਖ ਰਾਜੇ ਨੂੰ ਸੁਣਾ ਕੇ ਨਿਆਂ ਕਰਵਾ ਸਕਦੀ ਹੈ। ਇਸ ਤਰ੍ਹਾਂ ਰਾਜੇ ਪ੍ਰਤੀ ਲੋਕਾਂ ਦਾ ਪ੍ਰੇਮ ਅਤੇ ਸਦਭਾਵਨਾ ਬਣੀ ਰਹਿੰਦੀ ਹੈ। ਸੋ ਵਿਚ ਰਹਿੰਦੇ ਰਾਜੇ ਨੂੰ ਰਿਆਸਤ ਤੋਂ ਕੱਢਣਾ ਆਸਾਨ ਨਹੀਂ।
7. ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਇੰਨਾ ਵੱਡਾ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਅਗਲਾ ਉੱਠ ਨਾ ਸਕੇ।
8. ਅਜਨਬੀ ਰਿਆਸਤ ਦੇ ਰਾਜੇ ਨੂੰ ਆਪਣੇ ਤੋਂ ਘੱਟ ਸ਼ਕਤੀ ਵਾਲਿਆਂ ਗੁਆਂਢੀਆਂ ਦਾ ਆਗੂ ਅਤੇ ਰਾਖਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਵੱਧ ਸ਼ਕਤੀ ਵਾਲੇ ਗੁਆਂਢੀਆਂ ਦੀ ਸ਼ਕਤੀ ਨੂੰ ਹਰ ਹੀਲੇ ਕਮਜ਼ੋਰ ਕਰਨਾ ਚਾਹੀਦਾ ਹੈ।
9. ਜਿਹੜਾ ਰਾਜਾ ਰਾਜ ਚਲਾਉਣ ਲਈ ਚਾਲੇ ਨਹੀਂ ਫੜਦਾ, ਉਹ ਜਿੱਤੀਆਂ ਹੋਈਆਂ ਰਿਆਸਤਾਂ ਵੀ ਗੁਆ ਬੈਠਦਾ ਹੈ ਜਾਂ ਜਿੰਨਾ ਚਿਰ ਵੀ ਰਾਜ ਕਰਦਾ ਹੈ, ਸੰਕਟਾਂ ਵਿਚ ਵੀ ਫਸਿਆ ਰਹਿੰਦਾ ਹੈ।
10. ਗੰਭੀਰ ਰੋਗ ਸ਼ੁਰੂ-ਸ਼ੁਰੂ ਵਿਚ ਤਾਂ ਹਕੀਮਾਂ ਦੇ ਕਾਬੂ ਆ ਸਕਦੇ ਹਨ, ਭਾਵੇਂ ਉਹਨਾਂ ਦੀਆਂ ਨਿਸ਼ਾਨੀਆਂ ਸਾਫ-ਸਾਫ ਪ੍ਰਗਟ ਨਾ ਵੀ ਹੋਣ ਪਰ ਸਮਾਂ ਪਾ ਕੇ ਇਹੀ ਰੋਗ ਨਿਸ਼ਾਨੀਆਂ ਪਤਾ ਲੱਗਣ ਉੱਤੇ ਵੀ ਠੀਕ ਨਹੀਂ ਹੋ ਸਕਦੇ। ਇਹ ਗੱਲ ਰਾਜਸੀ ਮਾਮਲਿਆਂ ਉੱਤੇ ਵੀ ਢੁੱਕਦੀ ਹੈ। ਲੰਮੀ ਸੂਝ ਵਾਲਾ ਰਾਜਾ ਭਵਿੱਖ ਦੇ ਸੰਕਟਾਂ ਨੂੰ ਛੇਤੀ ਹੀ ਭਾਂਪ ਲੈਂਦਾ ਹੈ ਅਤੇ ਉਹਨਾਂ ਦਾ ਇਲਾਜ ਵੀ ਛੇਤੀ ਹੀ ਹੋ ਜਾਂਦਾ ਹੈ।
11. ਲੜਾਈ ਕਦੀ ਵੀ ਪੂਰੀ ਤਰ੍ਹਾਂ ਟਾਲੀ ਨਹੀਂ ਜਾ ਸਕਦੀ, ਸਗੋਂ ਉਸ ਨੂੰ ਅਗਾਂਹ ਪਾਉਣ ਨਾਲ ਜੇ ਕਿਸੇ ਦਾ ਫਾਇਦਾ ਹੋ ਸਕਦਾ ਹੈ ਤਾਂ ਕੇਵਲ ਦੁਸ਼ਮਣ ਦਾ।
12. ਇਕ ਭੁੱਲ ਕਈਆਂ ਹੋਰ ਭੁੱਲਾਂ ਦਾ ਕਾਰਨ ਬਣ ਸਕਦੀ ਹੈ।
13. ਕਦੀ ਵੀ ਲੜਾਈ ਦੇ ਡਰ ਤੋਂ ਉਪੱਦਰਾਂ ਨੂੰ ਢਿੱਲ ਨਹੀਂ ਦੇਣੀ ਚਾਹੀਦੀ। ਇਸ ਤਰ੍ਹਾਂ ਲੜਾਈ ਤਾਂ ਰੁਕ ਨਹੀਂ ਸਕਦੀ ਸਗੋਂ ਦੇਰ ਕਰਨ ਨਾਲ ਤੁਸੀਂ ਆਪਣਾ ਨੁਕਸਾਨ ਭਾਵੇਂ ਕਰ ਲਵੋ।
14. ਜੇਕਰ ਕੋਈ ਕਿਸੇ ਹੋਰ ਦੀ ਤਾਕਤ ਵਧਾਉਂਦਾ ਹੈ, ਉਹ ਆਪਣੇ ਪੈਰ ਆਪ ਕੁਹਾੜਾ ਮਾਰਦਾ ਹੈ।
15. ਰਾਜੇ ਅਤੇ ਉਸਦੀ ਨੌਕਰਸ਼ਾਹੀ ਰਾਹੀਂ ਸ਼ਾਸਨ ਵਾਲੀ ਰਿਆਸਤ ਵਿਚ ਰਾਜੇ ਦੀ ਵਧੇਰੇ ਚਲਦੀ ਹੈ। ਰਿਆਸਤ ਵਿਚ ਉਹ ਸਭ ਕੁਝ ਆਪਣੇ-ਆਪ ਹੁੰਦਾ ਹੈ। ਜੇ ਨੌਕਰਸ਼ਾਹੀ ਦੀ ਚਲਦੀ ਵੀ ਹੈ ਤਾਂ ਕੇਵਲ ਰਾਜੇ ਦੇ ਨੁਮਾਇੰਦੇ ਹੋਣ ਦੇ ਨਾਤੇ।
16. ਜਿਹੜਾ ਵੀ ਕੋਈ (ਰਾਜਾ) ਕਿਸੇ ਸੁਤੰਤਰ ਸ਼ਹਿਰ ਦਾ ਹਾਕਮ ਬਣ ਕੇ ਸ਼ਹਿਰ ਨੂੰ ਮਲੀਆਮੇਟ ਨਹੀਂ ਕਰਦਾ, ਉਸਨੂੰ ਆਪ ਤਬਾਹ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸ਼ਹਿਰ ਦੇ ਵਾਸੀ ਆਜ਼ਾਦੀ ਜਾਂ ਪ੍ਰਾਚੀਨ ਪ੍ਰੰਪਰਾ ਦੇ ਨਾਂ ਉੱਤੇ ਬਗਾਵਤ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੇ ਹਨ।
17. ਆਮ ਤੌਰ ਤੇ ਲੋਕੀ ਪੁਰਾਣੀਆਂ ਲੀਹਾਂ ਉੱਤੇ ਤੁਰਦੇ ਹੋਏ, ਵੱਡਿਆਂ ਮਗਰ ਹੀ ਚਲਦੇ ਹਨ।
18. ਸ਼ਿਕਾਰੀ ਲੋਕ ਵੀ ਆਪਣੇ ਨਿਸ਼ਾਨੇ ਤੋਂ ਦੂਰ ਕਿਸੇ ਚੀਜ਼ ਦੀ ਸੇਧ ਰੱਖ ਕੇ ਤੀਰ ਚਲਾਉਂਦੇ ਹਨ ਤਾਂ ਜੋ ਤੀਰ ਠੀਕ ਨਿਸ਼ਾਨੇ ਉੱਤੇ ਲੱਗੇ।
19. ਇਕ ਆਮ ਮਨੁੱਖ ਤੋਂ ਰਾਜਾ ਬਣਨਾ ਤਦ ਹੀ ਸੰਭਵ ਹੈ, ਜਦਕਿ ਕਿਸੇ ਵਿਚ ਅਸਧਾਰਨ ਗੁਣ ਜਾਂ ਚੰਗੇ ਭਾਗ ਹੋਣ। ਫਿਰ ਵੀ ਚੰਗੇ ਭਾਗਾਂ ਦੀ ਬਜਾਏ ਨਿੱਜੀ ਲਿਆਕਤ ਰਾਹੀਂ ਬਣੇ ਰਾਜੇ ਆਪਣੇ ਆਪ ਨੂੰ ਵਧੇਰੇ ਸੰਭਾਲ ਸਕੇ ਹਨ।
20. ਲੋਕੀ ਸਥਿਰ ਸੁਭਾਅ ਦੇ ਨਹੀਂ ਹੁੰਦੇ। ਆਮ ਲੋਕਾਂ ਨੂੰ ਉਂਗਲੀ ਲਾ ਕੇ ਤੋਰਨਾ ਤਾਂ ਅਸਾਨ ਹੈ ਪਰ ਉਹਨਾਂ ਨੂੰ ਆਪਣੇ ਮਗਰ ਤੋਰੀ ਰੱਖਣਾ ਔਖਾ ਹੈ।
21. ਜਿਹੜੀਆਂ ਚੀਜ਼ਾਂ ਕਾਹਲੀ-ਕਾਹਲੀ ਆਰੰਭੀਆਂ ਜਾਂਦੀਆਂ ਹਨ, ਕਾਹਲੀ-ਕਾਹਲੀ ਵਧਦੀਆਂ ਹਨ, ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਜਾਂਦੀਆਂ ਅਤੇ ਪਹਿਲੇ ਝੱਖੜ ਨਾਲ਼ ਬਾਹਰ ਆ ਜਾਂਦੀਆਂ ਹਨ।
22. ਜਿਹੜਾ ਆਦਮੀ ਨੀਂਹਾਂ ਪੱਕੀਆਂ ਕਰਨ ਦਾ ਪਹਿਲਾਂ ਤੋਂ ਪ੍ਰਬੰਧ ਨਹੀਂ ਕਰਦਾ, ਉਹ ਭਾਵੇਂ ਮਗਰੋਂ ਆਪਣੀ ਲਿਆਕਤ ਰਾਹੀਂ ਰਾਜ ਦਾ ਮਹਿਲ ਉਸਾਰ ਵੀ ਲਵੇ, ਫਿਰ ਵੀ ਖ਼ਤਰੇ ਤੋਂ ਖਾਲੀ ਨਹੀਂ ਰਹਿ ਸਕਦਾ।
23. ਆਦਮੀ ਬਹੁਤ ਕਰਕੇ ਜਾਂ ਤਾਂ ਡਰ ਮਾਰੇ ਅਤੇ ਨਫ਼ਰਤ ਕਾਰਨ ਨੁਕਸਾਨ ਕਰਨ ਉੱਤੇ ਉਤਰ ਆਉਂਦਾ ਹੈ।
24. ਜਿਹੜੇ ਲੋਕ ਇਹ ਖ਼ਿਆਲ ਕਰਦੇ ਹਨ ਕਿ ਵੱਡੇ ਆਦਮੀ ਰਿਆਇਤਾਂ ਪ੍ਰਾਪਤ ਕਰਕੇ ਪੁਰਾਣੀਆਂ ਖਾਰਾਂ ਭੁਲਾ ਦਿੰਦੇ ਹਨ, ਉਹ ਵੱਡੀ ਭੁੱਲ ਦੇ ਸ਼ਿਕਾਰ ਹਨ।
25. ਰਾਜਾ ਬਣ ਕੇ ਰਾਜ ਨੂੰ ਕਾਇਮ ਰੱਖਣ ਲਈ, ਆਪਣੇ ਸ਼ਹਿਰੀ ਭਰਾਵਾਂ ਨੂੰ ਮਾਰ ਮੁਕਾਉਣਾ, ਮਿੱਤਰਾਂ ਨਾਲ਼ ਧਰੋਅ, ਅਧਰਮ ਅਤੇ ਜ਼ੁਲਮ ਚੰਗਿਆਈ ਵਿਚ ਸ਼ਾਮਲ ਨਹੀਂ ਹਨ। ਹਥਕੰਡਿਆਂ ਰਾਹੀਂ ਤਾਕਤਵਰ ਹੋਣਾ ਵੀ ਕੋਈ ਵਡਿਆਈ ਨਹੀਂ।
26. ਕੋਈ ਆਪਣੀ ਤਾਕਤ ਨੂੰ ਮਜਬੂਤ ਕਰਨ ਲਈ ਇਕ ਵਾਰੀ ਹੀ ਰੱਜ ਕੇ ਅੱਤਿਆਚਾਰ ਕਰ ਲਵੇ ਤਾਂ ਜੋ ਵਾਰ-ਵਾਰ ਇੰਝ ਕਰਨ ਦੀ ਲੋੜ ਹੀ ਨਾ ਪਵੇ ਅਤੇ ਇਕ ਵਾਰੀ ਦੇ ਅੱਤਿਆਚਾਰ ਦੇ ਮਗਰੋਂ ਪਰਜਾ ਦੀ ਭਲਾਈ ਦੇ ਕੰਮਾਂ ਵੱਲ ਸ਼ਕਤੀ ਅਨੁਸਾਰ ਕਦਮ ਉਠਾ ਸਕੇ।
27. ਅੱਤਿਆਚਾਰ ਕਰਨਾ ਹੋਵੇ ਇਕ ਵਾਰੀ ਹੀ ਕਰਨਾ ਚਾਹੀਦਾ ਹੈ। ਭਲਾ ਕੰਮ ਹੌਲੀ-ਹੌਲੀ ਕਰਨਾ ਚਾਹੀਦਾ ਹੈ ਤਾਂ ਜੋ ਭਲਾਈ ਦਾ ਰਸ ਆਵੇ।
28. ਹਰ ਸ਼ਹਿਰ ਵਿਚ ਇਕ-ਦੂਜੇ ਦੇ ਵਿਰੋਧੀ ਧੜੇ ਮੌਜੂਦ ਹੁੰਦੇ ਹਨ। ਆਮ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਅਮੀਰਾਂ ਦੇ ਜ਼ੁਲਮ ਤੋਂ ਬਚੇ ਰਹਿਣ ਅਤੇ ਅਮੀਰਾਂ ਦੀ ਰੁਚੀ ਹੁੰਦੀ ਹੈ ਕਿ ਆਮ ਲੋਕਾਂ ਉੱਤੇ ਕਾਠੀ ਪਾਈ ਰੱਖਣ।
29. ਅਮੀਰ ਪਾਰਟੀ (ਲੋਕ) ਵੱਧ ਦੂਰਦਰਸ਼ੀ ਅਤੇ ਚਲਾਕ ਹੁੰਦੀ ਹੈ, ਉਹ ਵੇਲੇ ਸਿਰ ਆਪਣਾ ਬਚਾਅ ਕਰਕੇ ਜਿਸ ਪਾਰਟੀ ਦੇ ਜਿੱਤਣ ਦੀ ਆਸ ਹੋਵੇ, ਉਸ ਨਾਲ਼ ਹੀ ਜਾ ਰਲਦੀ ਹੈ।
30. ਜਿਹੜੇ ਕਿਸੇ ਖਾਸ ਮਤਲਬ ਲਈ ਜਾਂ ਸਵਾਰਥ ਲਈ ਰਾਜੇ ਤੋਂ ਮੂੰਹ ਮੋੜੀ ਬੈਠੇ ਰਹਿੰਦੇ ਹੋਣ, ਉਹਨਾਂ ਤੋਂ ਰਾਜੇ ਨੂੰ ਬਚ ਕੇ ਰਹਿਣਾ ਚਾਹੀਦਾ ਹੈ। ਉਹ ਗੁੱਝੇ ਦੁਸ਼ਮਣ ਹਨ। ਉਹਨਾਂ ਨੂੰ ਰਾਜੇ ਦੇ ਹਿੱਤਾਂ ਦਾ ਇੰਨਾ ਖ਼ਿਆਲ ਨਹੀਂ ਹੁੰਦਾ, ਜਿੰਨਾ ਕਿ ਆਪਣੇ ਹਿੱਤਾਂ ਦਾ। ਭੀੜ ਪੈਣ ਉੱਤੇ ਉਹ ਰਾਜੇ ਦਾ ਸੱਤਿਅਨਾਸ ਕਰਕੇ ਰੱਖ ਦਿੰਦੇ ਹਨ।
31. ਆਮ ਤੌਰ `ਤੇ ਕਿਸੇ ਰਾਜੇ ਦਾ ਸਧਾਰਨ ਰਾਜੇ ਤੋਂ ਡਿਕਟੇਟਰ ਬਣ ਜਾਣਾ ਰਾਜ ਲਈ ਖ਼ਤਰੇ ਤੋਂ ਖਾਲੀ ਨਹੀਂ।
32. ਸਿਆਣਾ ਰਾਜਾ ਉਹੀ ਕਿਹਾ ਜਾ ਸਕਦਾ ਹੈ, ਜਿਹੜਾ ਕਿ ਅਜਿਹੇ ਤਰੀਕੇ ਅਪਣਾਵੇ ਕਿ ਔਖੀ-ਸੌਖੀ ਹਰ ਘੜੀ, ਲੋਕਾਂ ਨੂੰ ਉਸਦੇ ਸ਼ਾਸਨ ਦੀ ਲੋੜ ਬਣੀ ਰਹੇ। ਫਿਰ ਲੋਕੀ ਸਦਾ ਉਸਦਾ ਪੱਖ ਪੂਰਨਗੇ।
33. ਦੁੱਖ-ਸੁੱਖ ਦਾ ਸਾਥੀ ਹੋਣਾ ਮਨੁੱਖੀ ਸੁਭਾਅ ਦਾ ਇਕ ਹਿੱਸਾ ਹੈ। ਕਿਸੇ ਨੂੰ ਲਾਭ ਪਹੁੰਚਾ ਕੇ ਜਾਂ ਆਪ ਲਾਭ ਦਾ ਪਾਤਰ ਬਣ ਕੇ ਮਨੁੱਖ, ਦੂਜਿਆਂ ਦਾ ਰਿਣੀ ਹੋ ਜਾਂਦਾ ਹੈ।
34. ਅਜਿਹੀਆਂ ਯਾਨੀ ਧਾਰਮਿਕ ਰਿਆਸਤਾਂ ਤਾਂ ਧਾਰਮਿਕ ਪ੍ਰੰਪਰਾ ਦੇ ਆਸਰੇ ਖਲੋਤੀਆਂ ਹਨ ਅਤੇ ਧਾਰਮਿਕ ਰੀਤੀ-ਰਿਵਾਜ਼ ਇੰਨੇ ਪੱਕੇ ਅਤੇ ਇਸ ਕਿਸਮ ਦੇ ਹੁੰਦੇ ਹਨ ਕਿ ਰਾਜਾ ਭਾਵੇਂ ਕੁਝ ਵੀ ਚੰਗਾ-ਮੰਦਾ ਕਰੇ, ਉਸਦੀ ਗੱਦੀ ਕਾਇਮ ਰਹਿੰਦੀ ਹੈ।
35. ਭਾੜੇ ਦੇ ਸਿਪਾਹੀ ਆਪਸ ਵਿਚ ਲੜਨ-ਭਿੜਨ ਵਾਲ਼ੇ ਲਾਲ਼ਚੀ, ਬੇ-ਅਸੂਲੇ, ਗੱਦਾਰ, ਮਿੱਤਰਾਂ ਅੱਗੇ ਆਕੜ ਖਾਂ ਅਤੇ ਸ਼ਤਰੂ ਅੱਗੇ ਕਾਇਰ ਸਾਬਤ ਹੁੰਦੇ ਹਨ।
36. ਭਾੜੇ ਦੇ ਕਪਤਾਨ ਜਾਂ ਤਾਂ ਬਹੁਤ ਲਾਇਕ ਹੁੰਦੇ ਨੇ ਜਾਂ ਉੱਕੇ ਨਹੀਂ। ਜੇਕਰ ਉਹ ਲਾਇਕ ਹਨ ਤਾਂ ਉਹਨਾਂ ਦਾ ਵਸਾਹ ਨਹੀਂ ਖਾਧਾ ਜਾ ਸਕਦਾ। ਉਹ ਤਾਂ ਨਿੱਜੀ ਉਨਤੀ ਵਿਚ ਮਗਨ ਰਹਿਣਗੇ। ਕਪਤਾਨ ਜੇ ਨਲਾਇਕ ਹੈ ਤਾਂ ਰਾਜੇ ਦਾ ਭੱਠਾ ਬਿਠਾ ਕੇ ਛੱਡੇਗਾ।
37. ਚਤੁਰ ਰਾਜਾ, ਹਮਾਇਤੀ ਫੌਜ ਕੋਲੋਂ ਸਦਾ ਦੂਰ ਰਹਿੰਦਾ ਹੋਇਆ ਆਪਣੀਆਂ ਨਿੱਜੀ ਫੌਜਾਂ ਦਾ ਆਸਰਾ ਲੈਂਦਾ ਹੈ। ਹਮਾਇਤੀਆਂ ਦੀ ਸਹਾਇਤਾ ਨਾਲ਼ ਜਿੱਤਣ ਨਾਲ਼ੋਂ ਆਪਣੀ ਫੌਜ ਰਾਹੀਂ ਹਾਰਨ ਨੂੰ ਵਧੇਰੇ ਚੰਗੇ ਸਮਝਦਾ ਹੈ।
38. ਇਸਾਈਆਂ ਦੇ ਪੁਰਾਣੇ ਧਾਰਮਿਕ ਗ੍ਰੰਥ `ਓਲਡ ਟੈਸਟਾਮੈਂਟ` ਦੇ ਡੇਵਿਡ ਦੇ ਬਿਆਨ ਦਾ ਹਵਾਲਾ ਦਿੱਤਾ ਹੈ, ਜਿਸ ਵਿਚ ਡੇਵਿਡ ਨੇ ਕਿਸੇ ਦੂਸਰੇ ਦੇ ਹਥਿਆਰਾਂ ਨਾਲ਼ ਲੜਨ ਦੀ ਬਜਾਏ, ਕਿਹਾ, “ਇਹਨਾਂ ਹਥਿਆਰਾਂ ਨਾਲ਼ (ਦੂਸਰੇ ਦੇ ਹਥਿਆਰਾਂ) ਮੈਂ ਚੰਗੀ ਤਰ੍ਹਾਂ ਨਹੀਂ ਲੜ ਸਕਾਂਗਾ। ਲੜਾਈ ਵਿਚ ਕੇਵਲ ਆਪਣਾ ਚਾਕੂ ਅਤੇ ਗੁਲੇਲੇ ਵਰਤਣਾ ਵਧੇਰੇ ਚੰਗਾ ਸਮਝਾਂਗਾ।”
39. ਕੋਈ ਵੀ ਰਾਜਾ ਨਿੱਜੀ ਫੌਜਾਂ ਬਿਨਾਂ ਸੁਰੱਖਿਅਤ ਨਹੀਂ।
40. ਦੂਜਿਆਂ ਦੇ ਆਸਰੇ ਕੋਈ ਤਕੜਾ ਨਹੀਂ ਬਣ ਸਕਦਾ।
41. ਜੇਕਰ ਕੋਈ ਰਾਜਾ ਐਸ਼ੋ-ਆਰਾਮ ਵਿਚ ਪੈ ਕੇ ਹਥਿਆਰਬੰਦੀ ਦਾ ਖ਼ਿਆਲ ਛੱਡ ਦੇਵੇ, ਉਸਦੀ ਰਿਆਸਤ ਕਾਇਮ ਨਹੀਂ ਰਹਿ ਸਕਦੀ।
42. ਜਿੱਥੇ ਤਾਂਈ ਬੁੱਧੀ ਤੇਜ਼ ਕਰਨ ਦਾ ਸਵਾਲ ਹੈ, ਰਾਜੇ ਨੂੰ ਇਤਿਹਾਸ ਦੀ ਪੜ੍ਹਾਈ ਲੋੜੀਂਦੀ ਹੈ ਅਤੇ ਵੱਡੇ-ਵੱਡੇ ਆਦਮੀਆਂ ਦੇ ਕਾਰਨਾਮਿਆਂ ਦੀ ਜਾਣਕਾਰੀ ਵੀ।
43. ਜੇ ਕੋਈ ਅਸਲੀਅਤ ਨੂੰ ਛੱਡ ਕੇ, ਇਸ ਗੱਲ ਵੱਲ ਤੁਰ ਪਵੇ ਕਿ ਅਸਲੀਅਤ ਹੋਣੀ ਕੀ ਚਾਹੀਦੀ ਹੈ, ਫਿਰ ਨਾਸ਼ ਦੇ ਸਿਵਾ ਹੋਰ ਕੀ ਆਸ ਕੀਤੀ ਜਾ ਸਕਦੀ ਹੈ।
44. ਰਾਜੇ ਨੂੰ ਇੰਨੀ ਸਮਝ ਜ਼ਰੂਰ ਚਾਹੀਦੀ ਹੈ ਕਿ ਘੱਟੋ-ਘੱਟ ਉਹਨਾਂ ਐਬਾਂ ਦੀ ਵਰਤੋਂ ਨਾ ਕਰੇ, ਜਿਹਨਾਂ ਕਾਰਨ ਉਸਦੀ ਰਿਆਸਤ ਖੁਸ ਜਾਣ ਦਾ ਡਰ ਹੋਵੇ।
45. ਉਹ ਆਪਣੀ ਉਦਾਰਤਾ ਦਾ ਖੂਬ ਵਿਖਾਵਾ ਕਰੇ। ਦੂਜਿਆਂ ਦੇ ਮਾਲ ਰਾਹੀਂ ਉਦਾਰਤਾ ਦੀ ਧਾਂਕ ਬਿਠਾਉਣੀ ਠੀਕ ਹੈ। ਸਗੋਂ ਪਰਾਏ ਮਾਲ ਰਾਹੀਂ ਆਪਣੇ ਆਪ ਨੂੰ ਉਦਾਰਚਿੱਤ ਜ਼ਾਹਿਰ ਕਰਨਾ ਚੰਗਾ ਹੈ।
46. ਨਿਰਧਨਤਾ ਦੂਰ ਕਰਨ ਦਾ ਯਤਨ ਆਦਮੀ ਨੂੰ ਲਾਲ਼ਚ ਅਤੇ ਨਫ਼ਰਤ ਦੀ ਦਲਦਲ ਵਿਚ ਫਸਾ ਦਿੰਦਾ ਹੈ। ਬਦਨਾਮ ਹੋਣਾ ਇੰਨਾ ਭੈੜਾ ਨਹੀਂ ਜਿੰਨਾ ਕਿ ਲਾਲਚੀ ਅਖਵਾਉਣ ਦਾ ਤਾਹਨਾ ਕਿਉਂਕਿ ਇਸ ਨਾਲ਼ ਬਦਨਾਮੀ ਤੋਂ ਛੁੱਟ ਨਫ਼ਰਤ ਵੀ ਪੈਦਾ ਹੁੰਦੀ ਹੈ।
47. ਹਰ ਇਕ ਰਾਜੇ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਲੋਕਾਂ ਵਿਚ ਉਸਦੀ ਮਸ਼ਹੂਰੀ ਰਹਿਮਦਿਲੀ ਦੀ ਹੋਵੇ ਨਾ ਕਿ ਕਠੋਰਤਾ ਦੀ। ਤਾਂ ਵੀ ਲੋੜ ਨਾਲ਼ੋਂ ਵੱਧ ਨਰਮਦਿਲੀ ਹੋਣ ਕਾਰਨ ਗੜਬੜਾਂ ਨੂੰ ਰੋਕ ਨਹੀਂ ਸਕਦੇ, ਜਿਸ ਕਰਕੇ ਦੇਸ਼ ਵਿਚ ਖੂਨ ਖਰਾਬੇ ਅਤੇ ਉਪੱਦਰ ਪੈਦਾ ਹੁੰਦੇ ਹਨ।
48. ਉਸਨੂੰ (ਰਾਜੇ ਨੂੰ) ਇੰਨਾ ਵਹਿਮੀ ਵੀ ਨਹੀਂ ਹੋਣਾ ਚਾਹੀਦਾ ਕਿ ਆਪਣੇ ਪਰਛਾਵੇਂ ਤੋਂ ਹੀ ਡਰਦਾ ਫਿਰੇ। ਸਗੋਂ ਧੀਰਜ, ਅਕਲ ਅਤੇ ਇਨਸਾਨੀਅਤ ਨੂੰ ਸਾਹਮਣੇ ਰੱਖ ਕੇ ਪੈਰ ਪੁੱਟਣੇ ਚਾਹੀਦੇ ਹਨ।
49. ਆਮ ਤੌਰ ਤੇ ਲੋਕੀ ਆਪਣੇ ਪਿਓ ਦੀ ਮੌਤ ਨੂੰ ਤਾਂ ਭੁੱਲ ਜਾਂਦੇ ਨੇ ਪਰ ਜਾਇਦਾਦ ਦੇ ਨੁਕਸਾਨ ਨੂੰ ਨਹੀਂ ਭੁੱਲਦੇ।
50. ਪਿਆਰ ਨਾਲ਼ੋਂ ਲੋਕਾਂ ਦੇ ਦਿਲਾਂ ਵਿਚ ਭੈਅ (ਡਰ) ਰਾਜੇ ਲਈ ਵਧੇਰੇ ਚੰਗਾ ਹੈ ਕਿਉਂਕਿ ਇਹ ਆਮ ਦੇਖਿਆ ਗਿਆ ਹੈ ਕਿ ਸਧਾਰਨ ਆਦਮੀ ਕ੍ਰਿਤਘਣ, ਗਾਲੜੀ, ਗਿਰਗਿਟ ਵਾਂਗ ਰੰਗ ਬਦਲਣ ਵਾਲ਼ਾ, ਖ਼ਤਰੇ ਤੋਂ ਕੰਨੀ ਕਤਰਾਉਣ ਵਾਲ਼ਾ ਲੋਭੀ ਅਤੇ ਮਤਲਬੀ ਯਾਰ ਹੁੰਦਾ ਹੈ। ਜਿੰਨਾ ਚਿਰ ਮਤਲਬ ਨਿਕਲਣ ਦੀ ਆਸ ਹੁੰਦੀ ਹੈ, ਉਹ ਤੁਹਾਡੇ ਤੋਂ ਜਿੰਦ, ਮਾਲ ਅਤੇ ਔਲਾਦ ਤਾਈਂ ਵਾਰਨ ਨੂੰ ਤਿਆਰ ਹੁੰਦਾ ਹੈ। ਜਦ ਤੱਕ ਕਿ ਅਜਿਹੀ ਕੁਰਬਾਨੀ ਦੀ ਲੋੜ ਨਹੀਂ ਪੈਂਦੀ। ਪਰ ਸਮਾਂ ਆਉਣ ਉੱਤੇ ਉਹ ਪਿੱਠ ਦਿਖਾ ਦਿੰਦਾ ਹੈ। ਜਿਹੜਾ ਰਾਜ ਅਜਿਹੇ ਲੋਕਾਂ ਤੇ ਵਿਸ਼ਵਾਸ ਕਰਕੇ ਬਾਕੀ ਸਾਰੀਆਂ ਤਿਆਰੀਆਂ ਛੱਡਦਾ ਹੈ, ਉਸਦਾ ਨਾਸ਼ ਹੋਣਾ ਅਟੱਲ ਹੈ।
51. ਲੋਕ ਆਪਣੇ ਪਿਆਰਿਆਂ ਨੂੰ ਧੋਖਾ ਦੇਣ ਤੋਂ ਰਤਾ ਨਹੀਂ ਝਿਜਕਦੇ। ਸਗੋਂ ਜਿਸ ਤੋਂ ਭੈਅ ਖਾਂਦੇ ਹੋਣ, ਉਸਨੂੰ ਧੋਖਾ ਦਿੰਦਿਆਂ ਘਬਰਾਉਂਦੇ ਹਨ। ਆਦਮੀ ਹੈ ਅਖੀਰ ਵਿਚ ਸੁਆਰਥੀ।
52. ਰਾਜਾ ਲੂੰਬੜੀ ਅਤੇ ਸ਼ੇਰ ਦੀ ਨਕਲ ਕਰੇ ਕਿਉਂਕਿ ਸ਼ੇਰ ਨੂੰ ਜਾਲ ਤੋਂ ਅਤੇ ਲੂੰਬੜੀ ਨੂੰ ਬਘਿਆੜਾਂ ਤੋਂ ਅਪਣਾ ਬਚਾਅ ਕਰਨ ਦੀ ਜਾਂਚ ਨਹੀਂ ਆਉਂਦੀ। ਸੋ ਜਾਲ ਤੋਂ ਬਚਣ ਲਈ ਰਾਜੇ ਨੂੰ ਲੂੰਬੜ ਬਣਨਾ ਚਾਹੀਦਾ ਹੈ ਅਤੇ ਬਘਿਆੜ ਨੂੰ ਡਰਾਉਣ ਲਈ ਸ਼ੇਰ।
53. ਰਾਜਾ ਲੋਕਾਂ ਦੀਆਂ ਨਜ਼ਰਾਂ ਵਿਚ ਦਿਆਲ਼ੂ, ਵਫ਼ਾਦਾਰ, ਰਹਿਮਦਿਲ, ਇਮਾਨਦਾਰ ਅਤੇ ਧਾਰਮਿਕ ਜ਼ਾਹਿਰ ਹੋਣਾ ਠੀਕ ਹੈ। ਉਸਦੇ ਮੂੰਹੋਂ ਕੋਈ ਗੱਲ ਨਾ ਨਿਕਲੇ, ਜਿਹੜੀ ਇਹਨਾਂ ਗੁਣਾਂ ਦੇ ਵਿਰੁੱਧ ਹੋਵੇ। ਵੇਖਣ, ਸੁਣਨ ਨੂੰ ਉਹ ਦਿਆਲ਼ੂ, ਵਿਸ਼ਵਾਸ ਕਰਨ ਲਾਇਕ, ਸੱਚਾ, ਮਾਨਵਤਾ ਨਾਲ਼ ਭਰਪੂਰ ਅਤੇ ਧਰਮਾਤਮਾ ਲੱਗੇ ਕਿਉਂਕਿ ਆਮ ਲੋਕੀ ਠੋਕ ਵਜਾ ਕੇ ਨਹੀਂ ਕੇਵਲ ਅੱਖਾਂ ਰਾਹੀਂ ਹੀ ਦੂਜਿਆਂ ਬਾਰੇ ਆਪਣੀ ਰਾਏ ਬਣਾ ਲੈਂਦੇ ਹਨ। ਹਰ ਕੋਈ ਦਿਖਾਵੇ ਪਿੱਛੇ ਜਾਂਦਾ ਹੈ। ਬੜੇ ਘੱਟ ਲੋਕ ਤੁਹਾਡੀ ਅਸਲੀਅਤ ਜਾਣਦੇ ਹਨ। ਪਰ ਸੁਭਾਅ ਅਜਿਹਾ ਲਚਕਦਾਰ ਹੋਣਾ ਚਾਹੀਦਾ ਹੈ ਕਿ ਜ਼ਰੂਰਤ ਵੇਲੇ ਆਦਮੀ ਪੈਂਤਰਾ ਵੀ ਬਦਲ ਸਕੇ।
54. ਖਾਸ ਕਰਕੇ ਨਵਾਂ ਰਾਜਾ, ਚੰਗਿਆਈ ਉੱਤੇ ਕਾਇਮ ਨਹੀਂ ਰਹਿ ਸਕਦਾ, ਕਿਉਂਕਿ ਆਪਣੀ ਰਿਆਸਤ ਦੀ ਸੁਰੱਖਿਆ ਲਈ, ਉਸਨੂੰ ਵਿਸ਼ਵਾਸਘਾਤੀ, ਜਾਲਮ, ਨਾਸਤਕ ਅਤੇ ਹੋਰ ਕਈ ਕੁਝ ਬਣਨਾ ਪੈਂਦਾ ਹੈ। ਚੰਗਿਆਈ ਤੋਂ ਵਾਂਝਾ ਨਹੀਂ ਹੋਣਾ ਚਾਹੀਦਾ ਪਰ ਜੇ ਬੁਰਾਈ ਕਰਨੀ ਪੈ ਹੀ ਜਾਵੇ ਤਾਂ ਪਿੱਛੇ ਨਹੀਂ ਹਟਣਾ ਚਾਹੀਦਾ। ਇਕੋ ਆਦਰਸ਼ ਹੈ, ਮਨੋਰਥ ਸਾਧਣਾ, ਸਾਧਨ ਚੰਗੇ ਹੋਣ ਜਾਂ ਮੰਦੇ।
55. ਰਾਜੇ ਨੂੰ ਉਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ ਜਿਹੜੀਆਂ ਉਸਦੇ ਪ੍ਰਤੀ ਪਰਜਾ ਵਿਚ ਘ੍ਰਿਣਾ ਅਤੇ ਨਫ਼ਰਤ ਫੈਲਾਉਂਦੀਆਂ ਹਨ। ਘ੍ਰਿਣਾ ਪੈਦਾ ਕਰਨ ਵਾਲੀ ਸਭ ਤੋਂ ਵੱਡੀ ਚੀਜ਼ ਹੈ ਲਾਲ਼ਚ, ਪਰਜਾ ਦੀ ਜਾਇਦਾਦ ਅਤੇ ਇਸਤਰੀਆਂ ਨੂੰ ਹੱਥ ਪਾਉਣਾ। ਜੇਕਰ ਕੋਈ ਰਾਜਾ ਲੋਕਾਂ ਦੀ ਜਾਇਦਾਦ ਅਤੇ ਇੱਜਤ ਉੱਤੇ ਛਾਪਾ ਨਾ ਮਾਰੇ ਤਾਂ ਸੁੱਖ ਦੇ ਦਿਨ ਬਿਤਾ ਸਕਦਾ ਹੈ। ਜਿਹੜੀ ਚੀਜ਼ ਰਾਜੇ ਦੇ ਪ੍ਰਤੀ ਘ੍ਰਿਣਾ ਉਤਪੰਨ ਕਰਦੀ ਹੈ, ਉਹ ਹੈ ਲੋਕਾਂ ਦੀ ਰਾਏ ਵਿਚ ਉਸਦਾ ਪੈਂਤਰੇਬਾਜ਼, ਛੁਰਛੁਰਾ, ਜਨਾਨੜਾ, ਡਰਪੋਕ ਅਤੇ ਦੋ-ਚਿੱਤਾ ਹੋਣਾ। ਉਸਦੀ ਹਰ ਗੱਲ ਪੱਥਰ ਉੱਤੇ ਲਕੀਰ ਹੋਣੀ ਚਾਹੀਦੀ ਹੈ। ਉਸਨੂੰ ਆਪਣੇ ਫੈਸਲੇ ਕਦੀ ਵੀ ਨਹੀਂ ਬਦਲਣੇ ਚਾਹੀਦੇ। ਰਾਜਿਆਂ ਦੀ ਤਬਾਹੀ ਦਾ ਕਾਰਨ ਉਹਨਾਂ ਪ੍ਰਤੀ ਨਫ਼ਰਤ ਅਤੇ ਘ੍ਰਿਣਾ ਹੀ ਸੀ।
56. ਜੇਕਰ ਕੋਈ ਬੰਦਾ ਆਪਣੀ ਜਾਨ ਤਲੀ ਉੱਤੇ ਧਰ ਕੇ ਦੂਜੇ ਨੂੰ ਮਾਰਨ ਨਿਕਲ ਤੁਰੇ ਤਾਂ ਫਿਰ ਬਚਾਅ ਨਹੀਂ ਹੋ ਸਕਦਾ। ਪਰ ਰਾਜੇ ਨੂੰ ਇਸ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਆਪਣੇ ਸਿਰ ਉੱਤੇ ਕਫ਼ਨ ਬੰਨ੍ਹ ਕੇ ਨਿਕਲਣ ਵਾਲਿਆਂ ਦੀ ਗਿਣਤੀ, ਇਸ ਸੰਸਾਰ ਵਿਚ ਬਹੁਤ ਹੀ ਘੱਟ ਹੈ।
57. ਚਤੁਰ ਰਾਜਾ ਉਹੀ ਹੈ, ਜਿਹੜਾ ਜਾਣ-ਬੁੱਝ ਕੇ ਦੁਸ਼ਮਣਾਂ ਨੂੰ ਉਕਸਾਵੇ ਤਾਂ ਜੋ ਉਹਨਾਂ ਉੱਤੇ ਜਿੱਤ ਪਾ ਕੇ ਆਪਣੇ ਆਪ ਨੂੰ ਵੱਡਾ ਅਖਵਾ ਸਕੇ।
58. ਬਾਦਸ਼ਾਹ ਨੂੰ ਕਿਲੇ ਤਾਂ ਲੋਕਾਂ ਦੇ ਦਿਲਾਂ ਉੱਤੇ ਉਸਾਰਨੇ ਚਾਹੀਦੇ ਹਨ। ਜੇ ਲੋਕੀ ਰਾਜੇ ਦੇ ਵਿਰੁੱਧ ਹਨ ਤਾਂ ਭਾਵੇਂ ਕਿੰਨੇ ਕਿਲੇ ਹੋਣ ਤਾਂ ਵੀ ਉਸਦਾ ਬਚਾਅ ਨਹੀਂ ਹੋ ਸਕਦਾ। ਲੋਕਾਂ ਦੇ ਦਿਲਾਂ ਨੂੰ ਜਿੱਤਣਾ ਕਿਲਿਆਂ ਉੱਤੇ ਭਰੋਸਾ ਰੱਖਣ ਨਾਲ਼ੋਂ ਵਧੇਰੇ ਚੰਗਾ ਹੈ।
59. ਰਾਜੇ ਦਾ ਆਦਰ ਇੰਨਾ ਹੋਰ ਕਿਸੇ ਤਰ੍ਹਾਂ ਨਹੀਂ ਵਧਦਾ, ਜਿੰਨਾ ਕਿ ਵੱਡੇ ਵੱਡੇ ਕਾਰਨਾਮਿਆਂ ਅਤੇ ਆਪਣੀ ਸੱਤਾ ਦਾ ਪ੍ਰਮਾਣ ਦੇਣ ਨਾਲ਼। ਹਰ ਕੰਮ ਵਿਚ ਜਸ ਖੱਟਣ ਦਾ ਯਤਨ ਕਰੇ।
60. ਰਾਜੇ ਦੀ ਇੱਜ਼ਤ ਹੋਰ ਵੀ ਵਧਦੀ ਹੈ, ਜੇਕਰ ਉਹ ਆਪਣੇ ਆਪ ਨੂੰ ਯਾਰਾਂ ਦਾ ਯਾਰ ਅਤੇ ਵੈਰੀਆਂ ਦਾ ਵੈਰੀ ਸਿੱਧ ਕਰੇ। ਜੇ ਹਮਾਇਤ ਕਰੇ ਤਾਂ ਛਾਤੀ ਠੋਕ ਕੇ ਅਤੇ ਜੇ ਵੈਰ ਕਮਾਵੇ ਤਾਂ ਵੀ ਤੋੜ ਤਾਈ। ਨਿਰਪੱਖਤਾ ਦੀ ਨੀਤੀ ਨਾਲ਼ੋਂ ਇਹ ਨੀਤੀ ਕਿਤੇ ਚੰਗੀ ਹੈ। ਤੁਸੀਂ ਆਪਣੇ ਪੱਖ ਦਾ ਖੁੱਲ੍ਹਮ-ਖੁੱਲ੍ਹਾ ਐਲਾਨ ਕਰਕੇ ਲੜਾਈ ਵਿਚ ਸ਼ਾਮਲ ਹੋ ਜਾਵੋ।
61. ਥਿੜਕੇ ਹੋਏ ਰਾਜੇ, ਵਰਤਮਾਨ ਦੇ ਖ਼ਤਰੇ ਤੋਂ ਬਚਣ ਲਈ, ਨਿਰਪੱਖਤਾ ਦਾ ਰਸਤਾ ਫੜਦੇ ਨੇ ਅਤੇ ਅਖੀਰ ਵਿਚ ਤਬਾਹ ਹੋ ਕੇ ਰਹਿੰਦੇ ਹਨ।
62. ਮਨੁੱਖਾਂ ਵਿਚ ਅਜਿਹੇ ਬੇਈਮਾਨ ਘੱਟ ਹੀ ਹੁੰਦੇ ਹਨ, ਜਿਹੜੇ ਆਪਣੇ ਆਪ ਨੂੰ ਸਾਫ ਤੌਰ `ਤੇ ਕ੍ਰਿਤਘਣ ਜ਼ਾਹਿਰ ਕਰਨ।
63. ਰਾਜੇ ਨੂੰ ਆਪਣੇ ਨਾਲ਼ੋਂ ਬਲਵਾਨ ਨਾਲ਼ ਰਲ ਕੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ, ਜਦ ਤੱਕ ਕਿ ਇੰਝ ਕਰਨ ਉੱਤੇ ਮਜਬੂਰ ਹੀ ਨਾ ਹੋ ਜਾਵੇ।
64. ਰਾਜੇ ਨੂੰ ਜਿੱਥੇ ਤਾਈਂ ਹੋ ਸਕੇ, ਕਿਸੇ ਦਾ ਮੁਹਤਾਜ ਨਹੀਂ ਹੋਣਾ ਚਾਹੀਦਾ।
65. ਕਿਸੇ ਰਿਆਸਤ ਨੂੰ ਬਚ ਬਚ ਕੇ ਰਹਿਣ ਦੀ ਨੀਤੀ ਨਹੀਂ ਵਰਤਣੀ ਚਾਹੀਦੀ, ਸਗੋਂ ਦੂਜਿਆਂ ਤੋਂ ਖ਼ਬਰਦਾਰ ਰਹਿ ਕੇ ਲੋੜੀਂਦਾ ਬੰਦੋਬਸਤ ਕਰਨਾ ਚਾਹੀਦਾ ਹੈ।
66. ਬੰਦਾ ਇਕ ਔਕੜ ਤੋਂ ਬਚਣ ਦਾ ਯਤਨ ਕਰਦਿਆਂ ਹੋਇਆਂ ਕਈਆਂ ਔਕੜਾਂ ਵਿਚ ਫਸ ਜਾਂਦਾ ਹੈ। ਫਿਰ ਸਿਆਣਪ ਤਾਂ ਇਸ ਗੱਲ ਵਿਚ ਹੈ ਕਿ ਔਕੜਾਂ ਦੀ ਤਹਿ ਤੱਕ ਜਾਇਆ ਜਾਵੇ, ਉਹਨਾਂ ਨੂੰ ਸਮਝਣ ਦਾ ਯਤਨ ਕੀਤਾ ਜਾਵੇ ਅਤੇ ਘੱਟ ਨੁਕਸਾਨਦੇਹ ਔਕੜਾਂ ਨੂੰ ਚੰਗਾ ਸਮਝ ਕੇ ਅਪਣਾਇਆ ਜਾਵੇ।
67. ਰਾਜੇ ਨੂੰ ਦੂਜਿਆਂ ਦੇ ਗੁਣਾਂ ਦਾ ਮੁੱਲ ਪਾਉਣਾ ਵੀ ਆਉਣਾ ਚਾਹੀਦਾ ਹੈ। ਯੋਗ ਬੰਦਿਆਂ ਨੂੰ ਤਰੱਕੀ ਦੇਣੀ ਚਾਹੀਦੀ ਹੈ ਅਤੇ ਜੋ ਵੀ ਕੋਈ ਕਿਸੇ ਕਲਾ ਵਿਚ ਨਿਪੁੰਨ ਹੋਵੇ, ਉਸਦਾ ਮਾਣ ਕਰਨਾ ਚਾਹੀਦਾ ਹੈ।
68. ਵਰ੍ਹੇ ਵਿਚ ਕੁਝ ਦਿਨ ਅਜਿਹੇ ਨਿਯਤ ਕਰ ਦੇਣੇ ਚਾਹੀਦੇ ਹਨ, ਜਦ ਲੋਕੀ ਮੇਲਿਆਂ-ਗੇਲਿਆਂ ਵਿਚ ਰੁੱਝੇ ਰਹਿਣ।
69. ਹਰੇਕ ਸ਼ਹਿਰ ਵਿਚ ਜਾਂ ਤਾਂ ਕਿਰਤੀ-ਕਾਮਿਆਂ ਅਤੇ ਵਪਾਰੀਆਂ ਦੇ ਸੰਗਠਨ ਹੁੰਦੇ ਹਨ ਜਾਂ ਲੋਕੀ ਜਾਤ-ਪਾਤ ਵਿਚ ਵੰਡੇ ਹੋਏ ਹੁੰਦੇ ਹਨ। ਰਾਜੇ ਨੂੰ ਅਜਿਹੀ ਹਰ ਸ਼੍ਰੇਣੀ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਉਹਨਾਂ ਅੱਗੇ ਆਪਣੀ ਮਨੁੱਖਤਾ ਅਤੇ ਦਰਿਆਦਿਲੀ ਦੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ।
70. ਰਾਜੇ ਦੀ ਸ਼ਾਨ ਹਰ ਹਾਲਤ ਵਿਚ ਕਾਇਮ ਰਹਿਣੀ ਚਾਹੀਦੀ ਹੈ।
71. ਰਾਜੇ ਦੀ ਅਕਲ ਬਾਰੇ ਸਭ ਨਾਲ਼ੋਂ ਪਹਿਲਾ ਪ੍ਰਭਾਵ, ਇਸ ਗੱਲ ਦਾ ਪੈਂਦਾ ਹੈ ਕਿ ਉਸਨੇ ਆਪਣੇ ਆਲੇ-ਦੁਆਲੇ, ਕਿਸ ਤਰ੍ਹਾਂ ਦੇ ਸਲਾਹਕਾਰ ਇਕੱਠੇ ਕੀਤੇ ਹਨ।
72. ਜੇਕਰ ਰਾਜੇ ਦੇ ਸਲਾਹਕਾਰ, ਲਾਇਕ ਅਤੇ ਵਫ਼ਾਦਾਰ ਹਨ ਤਾਂ ਰਾਜੇ ਨੂੰ ਸਮਝਦਾਰ ਸਮਝਿਆ ਜਾਣਾ ਚਾਹੀਦਾ ਹੈ।
73. ਜੇਕਰ ਸਲਾਹਕਾਰ ਨਲਾਇਕ ਹਨ ਤਾਂ ਫਿਰ ਰਾਜੇ ਬਾਰੇ ਵੀ ਭੈੜੀ ਰਾਇ ਕਾਇਮ ਹੋ ਜਾਂਦੀ ਹੈ।
74. ਬੁੱਧੀ ਤਿੰਨ ਤਰ੍ਹਾਂ ਦੀ ਹੁੰਦੀ ਹੈ, ਕਿਸੇ ਦੀ ਸਹਾਇਤਾ ਨਾਲ਼ ਗੱਲ ਸਮਝਣ ਵਾਲੀ ਅਤੇ ਨਾ ਆਪਣੇ-ਆਪ ਤੇ ਨਾ ਕਿਸੇ ਹੋਰ ਦੇ ਸਮਝਾਉਣ ਉੱਤੇ ਗੱਲ ਨੂੰ ਭਾਂਪਣ ਵਾਲੀ ਸਮਝਣ ਵਾਲੀ। ਪਹਿਲੀ ਤਰ੍ਹਾਂ ਦੀ ਬੁੱਧੀ ਉੱਤਮ, ਦੂਜੀ ਚੰਗੀ ਪਰ ਤੀਜੀ ਉੱਕਾ ਨਿਕੰਮੀ ਹੁੰਦੀ ਹੈ।
75. ਰਾਜੇ ਨੂੰ, ਜੇ ਚੰਗੇ ਮੰਦੇ ਦੀ ਪਰਖ ਹੈ ਤਾਂ ਫਿਰ ਉਹ ਬਹੁਤ ਅਕਲਮੰਦ ਨਾ ਵੀ ਹੋਵੇ, ਆਪਣੇ ਮੰਤਰੀ ਦੇ ਕੰਮਾਂ ਦੀ ਪਰਖ ਕਰ ਸਕਦਾ ਹੈ। ਮੰਤਰੀ ਲਈ ਵੀ ਅਜਿਹੇ ਰਾਜੇ ਦੀਆਂ ਅੱਖਾਂ ਵਿਚ ਧੂੜ ਪਾਉਣੀ ਆਸਾਨ ਨਹੀਂ।
76. ਜਿਹੜਾ ਆਪਣੇ ਆਪ ਨੂੰ ਰਾਜੇ ਨਾਲ਼ੋਂ ਵਧੇਰੇ ਅਕਲਮੰਦ ਸਮਝੇ ਜਾਂ ਹਰ ਕੰਮ ਵਿਚ ਆਪਣਾ ਉੱਲੂ ਸਿੱਧਾ ਕਰਨ ਦੀ ਕਰੇ, ਉਹ ਕਦੀ ਵੀ ਚੰਗਾ ਮੰਤਰੀ ਸਿੱਧ ਨਹੀਂ ਹੋ ਸਕਦਾ। ਉਸ ਉੱਤੇ ਇਤਬਾਰ ਕਰਨਾ ਮੂਰਖਤਾ ਹੈ।
77. ਰਾਜੇ ਨੂੰ ਵੀ ਆਪਣੇ ਮੰਤਰੀ ਨੂੰ ਵਫ਼ਾਦਾਰ ਬਣਾਈ ਰੱਖਣ ਲਈ ਉਸਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ। ਉਸਦੀ ਇੱਜਤ ਕਰਨੀ ਚਾਹੀਦੀ ਹੈ ਅਤੇ ਮੌਕਾ ਆਉਣ `ਤੇ ਉਸਨੂੰ ਮਾਲੋਮਾਲ ਵੀ ਕਰ ਦੇਣਾ ਚਾਹੀਦਾ ਹੈ।
78. ਆਦਮੀ ਸੁਭਾਵਿਕ ਤੌਰ `ਤੇ ਆਪਣੀਆਂ ਚੀਜ਼ਾਂ ਦੀ ਪ੍ਰਸੰਸਾ ਚਾਹੁੰਦਾ ਹੈ ਅਤੇ ਖੁਸ਼ਾਮਦੀਆਂ ਦੀਆਂ ਗੱਲਾਂ ਵਿਚ ਝੱਟ ਆ ਜਾਂਦਾ ਹੈ। ਇਸ ਬਿਮਾਰੀ ਤੋਂ ਬਚਣਾ ਸੌਖਾ ਨਹੀਂ।
79. ਇਕ ਚਤੁਰ ਰਾਜਾ, ਅਕਲਮੰਦ ਸਲਾਹਕਾਰ ਚੁਣੇ, ਉਹਨਾਂ ਨੂੰ ਮੂੰਹ ਤੇ ਸੱਚੀ ਗੱਲ ਆਖਣ ਦੀ ਛੁੱਟੀ ਦੇਵੇ। ਜੇ ਰਾਜੇ ਵਿਚ ਆਪਣੀ ਅਕਲ ਨਹੀਂ ਤਾਂ ਉਸਨੂੰ ਸਲਾਹ ਵੀ ਠੀਕ ਨਹੀਂ ਮਿਲ ਸਕਦੀ। ਸਲਾਹਕਾਰ ਆਪਣੇ-ਆਪਣੇ ਲਾਭ ਅਨੁਸਾਰ ਸਲਾਹ ਦੇਣਗੇ।
80. ਜੇ ਕੋਈ ਬਿਨਾਂ ਪੁੱਛੇ, ਉਸਨੂੰ ਸਲਾਹ ਦੇਣ ਦਾ ਯਤਨ ਕਰੇ ਤਾਂ ਉਸਨੂੰ ਝਾੜ ਪਾ ਦੇਣੀ ਚਾਹੀਦੀ ਹੈ। ਜੇ ਕੋਈ ਸੱਚ ਦੱਸਣ ਤੋਂ ਕਤਰਾਵੇ ਤਾਂ ਰਾਜੇ ਨੂੰ ਰੋਸ ਪ੍ਰਗਟ ਕਰਨਾ ਚਾਹੀਦਾ ਹੈ।
81. ਜੇ ਕੋਈ ਬੁੱਧੂ ਰਾਜਾ ਹਰ ਕਿਸੇ ਦੇ ਆਖੇ ਲੱਗਣ ਲੱਗ ਪਵੇ ਤਾਂ ਉਹ ਕਦੀ ਵੀ ਕਿਸੇ ਇਕ ਫੈਸਲੇ `ਤੇ ਨਹੀਂ ਪੁੱਜ ਸਕੇਗਾ।
82. ਲੋਕ ਆਮ ਤੌਰ `ਤੇ ਕਿਸੇ ਦੇ ਮਿੱਤ ਨਹੀਂ ਬਣਦੇ, ਜਦ ਤਾਈਂ ਕਿ ਉਹਨਾਂ ਨੂੰ ਕੋਈ ਮਜਬੂਰੀ ਨਾ ਹੋਵੇ।
83. ਕੇਵਲ ਨਿੱਜੀ ਸ਼ਕਤੀ ਅਤੇ ਨਿੱਜੀ ਲਿਆਕਤ ਰਾਹੀਂ ਹੀ ਚੰਗਾ, ਚਿਰਕਾਲੀ ਅਤੇ ਨਿੱਗਰ ਬਚਾਓ ਸੰਭਵ ਹੈ।
84. ਕਿਸਮਤ ਦੀ ਵਾਹ ਵੀ ਉਥੇ ਹੀ ਚਲਦੀ ਹੈ, ਜਿੱਥੇ ਮਨੁੱਖ ਨੇ ਉਸ ਨਾਲ਼ ਟੱਕਰ ਲੈਣ ਦਾ ਕੋਈ ਪ੍ਰਬੰਧ ਨਹੀਂ ਕੀਤਾ, ਉਸਦਾ ਜ਼ੋਰ ਵੀ ਉਥੇ ਹੀ ਲੱਗਦਾ ਹੈ, ਜਿੱਥੇ ਉਸਨੂੰ ਡੱਕਣ ਲਈ ਕੋਈ ਬੰਨ੍ਹ ਨਹੀਂ ਬੰਨ੍ਹੇ ਹੁੰਦੇ।
85. ਜਿਸਦੇ ਕੰਮ ਕਰਨ ਦੇ ਢੰਗ ਸਮੇਂ ਦੇ ਅਨੁਸਾਰ ਹਨ, ਉਹ ਸੁਖੀ ਹੈ ਅਤੇ ਜਿਸ ਦੇ ਸਮੇਂ ਦੇ ਵਿਰੁੱਧ ਉਹ ਦੁਖੀ।
86. ਨਿਸ਼ਾਨਾ ਸਾਰਿਆਂ ਦਾ ਹੁੰਦਾ ਹੈ, ਜਨ ਅਤੇ ਧਨ ਦੀ ਪ੍ਰਾਪਤੀ। ਕੋਈ ਆਪਣਾ ਮਨੋਰਥ ਪੂਰਾ ਕਰਨ ਲਈ ਸਹਿਜ਼ ਸੁਭਾਅ, ਕੋਈ ਕਾਹਲਾਪਣ, ਕੋਈ ਹਿੰਸਾ ਅਤੇ ਕੋਈ ਫਰੇਬ ਦਾ ਰਾਹ ਫੜਦਾ ਹੈ।
87. ਫੂਕ-ਫੂਕ ਕੇ ਪੈਰ ਪੱਟਣ ਵਾਲ਼ੇ ਦੋ ਆਦਮੀਆਂ ਵਿਚੋਂ ਇਕ ਸਫਲ ਹੁੰਦਾ ਹੈ ਅਤੇ ਦੂਜਾ ਅਸਫਲ। ਦੋ ਆਦਮੀ ਵੱਖੋ-ਵੱਖ ਰਾਹ ਫੜ ਕੇ ਸਫਲਤਾ ਪ੍ਰਾਪਤ ਕਰਦੇ ਹਨ, ਉਹਨਾਂ ਵਿਚ ਇਕ ਸਬਰ ਵਾਲ਼ਾ ਅਤੇ ਦੂਜਾ ਬੇਸਬਰਾ। ਇਸਦਾ ਕਾਰਨ ਸਮੇਂ ਅਨੁਸਾਰ ਜਾਂ ਸਮੇਂ ਦੇ ਵਿਰੁੱਧ ਕਾਰਜ ਕਰਨ ਵਿਚ ਹੈ।
88. ਜੇ ਸਮਾਂ ਅਤੇ ਹਾਲਾਤ ਕੰਮ ਕਰਨ ਵਾਲ਼ੇ ਦੇ ਹੱਕ ਵਿਚ ਹਨ ਤਾਂ ਉਹ ਖੁਸ਼ਹਾਲੀ ਪ੍ਰਾਪਤ ਕਰੇਗਾ। ਸਮਾਂ ਅਤੇ ਹਾਲਾਤ ਬਦਲਣ ਉੱਤੇ ਉਹ ਤਬਾਹ ਹੋ ਜਾਵੇਗਾ, ਜੇ ਉਹ ਆਪਣੇ ਕੰਮ ਕਰਨ ਦਾ ਢੰਗ ਵੀ ਸਮੇਂ ਅਤੇ ਹਾਲਾਤ ਅਨੁਸਾਰ ਨਹੀਂ ਬਦਲਦਾ।
89. ਸਿਆਣੇ ਤੋਂ ਸਿਆਣਾ ਆਦਮੀ ਵੀ ਆਪਣੇ ਕੰਮ ਕਰਨ ਦਾ ਤਰੀਕਾ ਛੇਤੀ ਨਹੀਂ ਬਦਲ ਸਕਦਾ ਕਿਉਂਕਿ ਜਾਂ ਤਾਂ ਆਦਤ ਪੱਕ ਜਾਣ ਕਰਕੇ ਆਦਮੀ ਆਪਣੇ ਆਪ ਵਿਚ ਝਟਪਟ ਤਬਦੀਲੀ ਨਹੀਂ ਲਿਆ ਸਕਦਾ ਜਾਂ ਉਸਦਾ ਸੁਭਾਅ ਹੀ ਤਬਦੀਲੀ ਦੇ ਵਿਰੁੱਧ ਹੁੰਦਾ ਹੈ।
90. ਸਹਿਜ ਸੁਭਾਅ ਵਾਲ਼ੇ ਆਦਮੀ ਨੂੰ ਜਦ ਇੱਕਦਮ ਕੋਈ ਕੰਮ ਕਰਨਾ ਪੈਂਦਾ ਹੈ, ਉਸਨੂੰ ਪਤਾ ਨਹੀਂ ਲੱਗਦਾ ਕਿ ਕੀ ਕਰੇ ਅਤੇ ਉਹ ਜੱਕੋ-ਤੱਕੀ ਵਿਚ ਹੀ ਮਾਰਿਆ ਜਾਂਦਾ ਹੈ। 91. ਜੇ ਕੋਈ ਸਮੇਂ ਅਤੇ ਹਾਲਾਤ ਅਨੁਸਾਰ ਆਪਣੇ ਸੁਭਾਅ ਵਿਚ ਵੀ ਤਬਦੀਲੀ ਲਿਆ ਸਕੇ ਤਾਂ ਕਿਸਮਤ ਕਦੇ ਨਾ ਬਦਲੇ।
92. ਫੂਕ-ਫੂਕ ਕੇ ਪੈਰ ਪੁੱਟਣ ਨਾਲ਼ੋਂ ਝਟਪਟ ਕੰਮ ਕਰਨਾ ਚੰਗਾ ਹੈ ਕਿਉਂਕਿ ਕਿਸਮਤ ਇਕ ਜ਼ਨਾਨੀ ਵਾਂਗ ਹੈ। ਜੇ ਤੁਸੀਂ ਉਸ ਉੱਤੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਧੱਕੇ-ਜੋਰੀ ਨਾਲ਼ ਹੀ ਹੋ ਸਕਦੀ ਹੈ।
93. ਤੀਤੋਲਿਵਿਊ ਦੇ ਕਥਨ ਅਨੁਸਾਰ ਲੜਾਈ ਉਹਨਾਂ ਲਈ ਠੀਕ ਹੈ, ਜਿਹਨਾਂ ਦਾ ਇਸ ਬਿਨਾਂ ਗੁਜ਼ਾਰਾ ਨਹੀਂ। ਜਦ ਹਥਿਆਰ ਤੋਂ ਸਿਵਾ ਹੋਰ ਕਿਸੇ ਤਰੀਕੇ ਨਾਲ਼ ਕੰਮ ਨਹੀਂ ਸਰਦਾ ਤਾਂ ਹਥਿਆਰ ਚੁੱਕ ਲੈਣੇ ਠੀਕ ਹਨ।
94. ਜੇ ਕਿਸੇ ਨਵੇਂ ਹਾਕਮ ਨੇ ਜੱਸ ਖੱਟਣਾ ਹੋਵੇ ਤਾਂ ਨਵੇਂ ਕਾਨੂੰਨ ਅਤੇ ਤਰੀਕੇ ਵਰਤਣ ਨਾਲ਼ੋਂ ਵੱਧ ਕੇ ਹੋਰ ਕੋਈ ਚੰਗਾ ਰਾਹ ਨਹੀਂ।
95. ਰਾਜਾ ਕੰਮਾਂ ਨੂੰ ਸੋਚ ਵਿਚਾਰ ਕੇ ਕਰੇ ਅਤੇ ਆਪਣਿਆਂ ਫੈਸਲਿਆਂ ਤੇ ਕਾਇਮ ਰਹੇ। ਜੋ ਦੋ-ਚਿੱਤਾ ਹੋਣ ਕਾਰਨ ਆਪਣੇ ਫੈਸਲੇ ਬਦਲਦਾ ਰਹਿੰਦਾ ਹੈ, ਉਹ ਆਪਣੀ ਕਦਰ ਗਵਾ ਬੈਠਦਾ ਹੈ।
96. ਛੜਯੰਤਰ ਕਰਨ ਵਾਲ਼ਾ ਸ਼ੁਰੂ ਵਿਚ ਇਕੱਲਾ ਹੁੰਦਾ ਹੈ। ਉਸਨੂੰ ਆਪਣੇ ਸਾਥੀ ਲੱਭਣ ਲਈ, ਲੋਕਾਂ ਦੀ ਲੋੜ ਪੈਂਦੀ ਹੈ, ਜਿਹੜੇ ਰਾਜੇ ਤੋਂ ਬਿਗੜੇ ਬੈਠੇ ਹੋਣ। ਪਰ ਛੜਯੰਤਰ ਕਰਨ ਵਾਲ਼ੇ ਨੇ ਆਪਣਾ ਭੇਦ ਕਿਸੇ ਦੂਜੇ ਕੋਲ ਖੋਲਿ੍ਹਆ ਨਹੀਂ ਕਿ ਦੂਜੇ ਦਾ ਕੰਮ ਬਣਿਆ ਨਹੀਂ।
97. ਚਿੱਤਰਕਾਰਾਂ ਨੇ ਜਦ ਉੱਚੀਆਂ ਥਾਵਾਂ ਅਤੇ ਪਰਬਤਾਂ ਦੀ ਤਸਵੀਰ ਖਿੱਚਣੀ ਹੁੰਦੀ ਹੈ ਤਾਂ ਉਹ ਨੀਵੀਆਂ ਘਾਟੀਆਂ `ਚ ਬੈਠ ਕੇ ਚਿੱਤਰਕਾਰੀ ਕਰਦੇ ਹਨ ਅਤੇ ਜਦ ਨੀਵੀਆਂ ਥਾਵਾਂ ਜਾਂ ਮੈਦਾਨ ਦੀ ਤਸਵੀਰ ਵਾਹੁਣੀ ਹੁੰਦੀ ਹੈ ਤਾਂ ਟਿੱਲੇ-ਟਿੱਬਿਆਂ ਉੱਤੇ ਜਾ ਬੈਠਦੇ ਹਨ।
98. ਦੁਨੀਆਂ ਉਸ ਤਰ੍ਹਾਂ ਦੀ ਹੀ ਬਣਦੀ ਹੈ ਜਿਸ ਤਰ੍ਹਾਂ ਦੀ ਅਸੀਂ ਆਪ ਬਣਾਉਂਦੇ ਹਾਂ ਅਤੇ ਸਾਡੇ ਵਿਚੋਂ ਹਰ ਇਕ ਆਪਣੀ ਕਿਸਮਤ ਦਾ ਮਾਲਕ ਹੈ ਅਤੇ ਆਪਣੀ ਸ਼ਕਤੀ ਆਪ ਹੈ।
99. ਆਦਮੀ ਕਦੀ ਬਦਲਦਾ ਨਹੀਂ, ਉਹ ਸਦਾ ਆਪਣੀਆਂ ਸੁਭਾਵਿਕ ਪ੍ਰਵਿਰਤੀਆਂ ਦਾ ਗੁਲਾਮ ਹੈ ਅਤੇ ਉਹਨਾਂ ਤੋਂ ਉਤਾਂਹ ਨਹੀਂ ਉੱਠ ਸਕਦਾ।
100. ਵੀਰਾਂ ਦੇ ਨਾਲ਼ ਟੱਕਰ ਲੈਣਗੇ, ਜਦ ਜਦ ਵੀ ਹੰਕਾਰੀ, ਨਿਕਲ ਪਵੇਗਾ ਸਿੱਟਾ ਕੋਈ, ਉਸ ਯੁੱਧ ਦਾ ਆਖਰ, ਵੀਰਤਾ ਹਾਲੇ ਦੇਸ਼ ਵਾਸੀਆਂ ਵਿਚ ਪੁਰਾਣੀ ਜੀਵੇ, ਜਿਸ ਆਸਰੇ ਲੜਦੇ ਆਏ, ਉਹ ਨੇ ਜੁਗਾਂ ਜੁਗੰਤਰ, ਮਕਿਆਵੈਲੀ ‘ਸਮਰਾਟ` ਸਤਕ।
ਨੋਟ: ਮਕਿਆਵਲੀ ਦੇ ਵਿਚਾਰਾਂ ਦਾ ਇਹ ਸੰਗ੍ਰਹਿ ਉਹਨਾਂ ਦੀ ਪੁਸਤਕ `ਸਮਰਾਟ` ਉੱਤੇ ਆਧਾਰਿਤ ਹੈ, ਜਿਸਦਾ ਅਨੁਵਾਦ ਆਰ. ਐਸ. ਆਹਲੂਵਾਲੀਆ ਜੀ ਨੇ ਕੀਤਾ ਹੈ ਅਤੇ ਸਾਹਿਤ ਅਕਾਦਮੀ ਦਿੱਲੀ ਨੇ ਦੂਜੀ ਵਾਰ 1983 ਵਿਚ ਛਾਪਿਆ ਹੈ।
ਮਕਿਆਵਲੀ ਦਾ ਜਨਮ 3 ਮਈ 1467 ਨੂੰ ਅਤੇ ਦੇਹਾਂਤ 20 ਜੂਨ 1527 ਨੂੰ ਹੋਇਆ। ਉਸਨੂੰ ਰਾਜਨੀਤੀ ਸਾਇੰਸ ਦਾ ਜਨਮਦਾਤਾ ਆਖਿਆ ਜਾਂਦਾ ਹੈ। ਉਸ ਨੇ ਇਤਿਹਾਸਕ ਘਟਨਾਵਾਂ ਦਾ ਵਿਸ਼ਲੇਸ਼ਣ ਕਰਕੇ ਦੱਸਿਆ ਹੈ ਕਿ ਇਕ ਰਾਜੇ, ਨਵੇਂ ਰਾਜੇ ਅਤੇ ਹੋਣ ਵਾਲ਼ੇ ਰਾਜੇ ਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ। ਉਸਦੇ ਵਿਚਾਰਾਂ ਦੀ ਤਹਿ ਹੇਠ ਇਕ ਆਮ ਸ਼ਹਿਰੀ ਅਤੇ ਰਾਜਸੀ ਜੀਵਨ ਵਿਚ ਫਸੇ ਮਨੁੱਖ ਦਾ ਠੋਸ ਤਜਰਬਾ ਹੈ।
ਸੋਲਵੀਂ ਸਦੀ ਦੇ ਸ਼ੁਰੂ (1513 ਈਸਵੀ) ਵਿਚ ਲਿਖੀ `ਦਾ ਪ੍ਰਿੰਸ` ਸਮਰਾਟ ਵਿਚ ਪ੍ਰਗਟ ਕੀਤੇ ਵਿਚਾਰ, ਅੱਜ ਵੀ ਨਰੋਏ ਲੱਗਦੇ ਹਨ। ਹੋ ਸਕਦਾ ਹੈ ਕਿ ਕਿਸੇ ਪਾਠਕ ਨੂੰ ਕੁਝ ਚੰਗਾ ਮਿਲ ਜਾਵੇ, ਵੈਸੇ ਕਿਹਾ ਇਹ ਜਾਂਦਾ ਹੈ ਕਿ ਮਕਿਆਵੈਲੀ ਨੇ ਆਪਣੀਆਂ ਰਚਨਾਵਾਂ ਦੁਆਰਾ ਜਾਲਮ ਰਾਜਿਆਂ ਨੂੰ ਕੁਮੱਤ ਦੇ ਕੇ ਉਹਨਾਂ ਨੂੰ ਨਾਸ਼ ਕਰਨ ਦਾ ਯਤਨ ਕੀਤਾ ਹੈ।
ਮੇਰੇ ਖ਼ਿਆਲ ਵਿਚ ਤਾਂ ਇਹ ਪੁਸਤਕ ਜਾਣਕਾਰੀ ਲਈ ਜ਼ਰੂਰ ਪੜ੍ਹਨੀ ਚਾਹੀਦੀ ਹੈ, ਮੈਂ ਇਸੇ ਕਿਤਾਬ ਵਿਚੋਂ 100 ਨੁਕਤੇ ਇਕੱਠੇ ਕੀਤੇ ਹਨ ਤਾਂ ਕਿ ਦੂਜਿਆਂ ਨੂੰ ਮੁੜ ਕੇ, ਮੇਰੇ ਜਿੰਨੀ ਮਿਹਨਤ ਦੁਬਾਰਾ ਨਾ ਕਰਨੀ ਪਵੇ। ਇਸ ਵਿਚ ਵਿਚਾਰ ਦੀ ਕੋਈ ਤਬਦੀਲੀ ਨਹੀਂ ਕੀਤੀ ਗਈ, ਸਿਰਫ ਕੰਨਾ-ਬਿੰਦੀ ਦਾ ਫਰਕ ਹੋ ਸਕਦਾ ਹੈ। – ਹਰਮੇਸ਼ ਜੱਸਲ