ਬਠਿੰਡਾ –ਬਲਰਾਜ ਨਗਰ ਵਿੱਚ ਪੁਰਾਣੇ ਮਕਾਨ ਦੇ ਕਬਜ਼ੇ ਨੂੰ ਲੈ ਕੇ ਗੋਲੀਆਂ ਚੱਲਣ ਕਾਰਨ ਇੱਕ ਪਰਿਵਾਰ ਦੇ 4 ਜੀਅ ਜ਼ਖ਼ਮੀ ਹੋ ਗਏ। ਮਕਾਨ ਵਿਚ ਰਹਿ ਰਹੇ ਕਰਾਏਦਾਰਾਂ ਦੀ ਕੁੱਟਮਾਰ ਕੀਤੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ। ਅੱਜ ਦੁਪਹਿਰੇ ਪਿੰਡ ਲੇਲੇ ਵਾਲਾ ਦੇ ਸਾਬਕਾ ਸਰਪੰਚ ਭਗਵਾਨ ਸਿੰਘ ਦੇ ਬਲਰਾਜ ਨਗਰ ਗਲੀ 6 ਵਿਚਲੇ ਮਕਾਨ ’ਤੇ ਕਬਜ਼ੇ ਨੂੰ ਲੈ ਕੇ ਸਰਪੰਚ ਧਿਰ ਅਤੇ ਕਬਜ਼ੇ ਲੈਣ ਵਾਲੀ ਧਿਰ ਵਿਚਕਾਰ ਝਗੜਾ ਹੋਇਆ। ਇਸ ਦੌਰਾਨ ਚੱਲੀ ਗੋਲੀ ਵਿੱਚ 4 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿਚ ਸੂਬਾ ਸਿੰਘ ਤੇ ਉਸ ਦਾ ਪੁੱਤਰ ਵਰਿੰਦਰ ਸਿੰਘ , ਚਚੇਰਾ ਭਰਾ ਗੁਰਵਿੰਦਰ ਸਿੰਘ ਅਤੇ ਭਾਣਜਾ ਹਰਪ੍ਰੀਤ ਸਿੰਘ ਸ਼ਾਮਿਲ ਹਨ ਜੋ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਜ਼ੇਰੇ ਇਲਾਜ ਹਨ। ਸੂਬਾ ਸਿੰਘ ਦੀ ਭੈਣ ਸੁਖਬੀਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਪ੍ਰੀਤ ਸਿੰਘ ਦਾ ਅੱਜ 12 ਵੀਂ ਕਲਾਸ ਦਾ ਪੇਪਰ ਸੀ। ਉਹ ਆਪਣੇ ਭਰਾ ਸੂਬਾ ਸਿੰਘ ਦੇ ਘਰ ਆਈ ਸੀ ਤਾਂ ਮੌਕੇ ’ਤੇ ਹੀ ਗੁਰਇਕਬਾਲ ਸਿੰਘ ਅਤੇ ਉਸ ਦੇ ਦਰਜਨ ਤੋਂ ਵੱਧ ਲੋਕਾਂ ਨੇ ਤੇਜ਼ ਹਥਿਆਰਾਂ ਸਮੇਤ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ ਜਿਸ ਕਾਰਨ ਉਸ ਦਾ ਭਰਾ ਸੂਬਾ ਸਿੰਘ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਪੁਲੀਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਹੈ। ਵਰਧਮਾਨ ਚੌਕੀ ਦੇ ਇੰਚਾਰਜ ਹਰਬੰਸ ਸਿੰਘ ਮਾਨ ਨੇ ਕਿਹਾ ਕਿ ਬਲਰਾਜ ਨਗਰ ਵਿਚਲੀ ਜਗਾ ਵਕਫ਼ ਬੋਰਡ ਦੀ ਹੈ, ਜਿਸ ’ਤੇ ਦੋਹਾਂ ਧਿਰਾਂ ਆਪਣਾ ਆਪਣਾ ਦਾਅਵਾ ਪੇਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
INDIA ਮਕਾਨ ਦੇ ਕਬਜ਼ੇ ਨੂੰ ਲੈ ਕੇ ਗੋਲੀ ਚੱਲੀ, ਚਾਰ ਜ਼ਖ਼ਮੀ