ਸ਼ਹਿਰ ਦੇ ਵਾਰਡ ਨੰਬਰ 3 ਵਿੱਚ ਵੀਰਵਾਰ ਦੀ ਰਾਤ ਪਏ ਮੀਂਹ ਕਾਰਨ ਇਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਉਸਦਾ ਪਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਔਰਤ ਦਾ ਚਾਰ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰ. 3 ਵਿੱਚ ਕਾਫੀ ਸਮੇਂ ਤੋਂ ਇਕ ਮਜ਼ਦੂਰ ਪਰਿਵਾਰ ਪਤੀ-ਪਤਨੀ ਰਹਿੰਦੇ ਸਨ। ਵੀਰਵਾਰ ਨੂੰ ਮਾਨਸਾ ’ਚ ਕਰੀਬ ਸਾਰਾ ਦਿਨ ਮੀਂਹ ਪੈਂਦਾ ਰਿਹਾ। ਘਰ ਦੇ ਮੈਂਬਰ ਜਦੋਂ ਸੁੱਤੇ ਪਏ ਸਨ ਤਾਂ ਅਚਾਨਕ ਮੀਂਹ ਕਾਰਨ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਪਈ, ਜਿਸ ਦੇ ਮਲਬੇ ਹੇਠ ਆ ਕੇ ਪਤੀ ਖੇਮਕਰਨ ਤੇ ਉਸਦੀ ਪਤਨੀ ਗੁੱਡੋ (30) ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ। ਹਸਪਤਾਲ ਜਾ ਕੇ ਗੁਡੋ ਦੀ ਮੌਤ ਹੋ ਗਈ, ਜਦੋਂਕਿ ਉਸਦਾ ਪਤੀ ਜ਼ੇਰੇ ਇਲਾਜ ਹੈ। ਥਾਣਾ ਸਿਟੀ -2 ਦੇ ਏਐਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ ਹੈ। ਪੁਲੀਸ ਨੇ ਇਸ ‘ਤੇ ਆਪਣੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਵਾਰਡ ’ਚ ਸੋਗ ਦੀ ਲਹਿਰ ਹੈ। ਸ੍ਰੋਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ ਤੇ ਵਾਰਡ ਨੰ. 3 ਦੇ ਕੌਂਸਲਰ ਗੁਰਮੇਲ ਸਿੰਘ ਠੇਕੇਦਾਰ ਨੇ ਇਸ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਜੀਤਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਵੀਰ ਸਿੰਘ ਨੇ ਇਸ ਲਈ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਪੀੜਤ ਪਰਿਵਾਰ ਦੀ ਸਹਾਇਤਾ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਢਿੱਡ ਪਾਲਦਾ ਸੀ, ਜਿਨ੍ਹਾਂ ਕੋਲ ਆਪਣਾ ਗੁਜ਼ਾਰਾ ਕਰਨ ਅਤੇ ਮਕਾਨ ਬਣਾਉਣ ਦਾ ਵੀ ਕੋਈ ਆਰਥਿਕ ਪ੍ਰਬੰਧ ਆਦਿ ਨਹੀਂ ਹੈ।