ਭੱਦਰਵਾਹ-ਪਠਾਨਕੋਟ ਮਾਰਗ ’ਤੇ ਪੁਨੇਜਾ ਪੁਲ ਦਾ ਉਦਘਾਟਨ

ਭੱਦਰਵਾਹ (ਸਮਾਜਵੀਕਲੀ):  ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਅੱਜ ਉਸਾਰੀ ਅਧੀਨ ਭੱਦਰਵਾਹ-ਬਛੌਲੀ-ਪਠਾਨਕੋਟ ਕੌਮੀ ਮਾਰਗ ਉਤੇ ਰਣਨੀਤਕ ਪੱਖ ਤੋਂ ਅਹਿਮ ‘ਪੁਨੇਜਾ ਪੁਲ’ ਦਾ ਉਦਘਾਟਨ ਕੀਤਾ ਹੈ। ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਸਥਿਤ ਪੁਲ ਦਾ ਮੰਤਰੀ ਨੇ ਅਾਨਲਾਈਨ ਉਦਘਾਟਨ ਕੀਤਾ ਹੈ। 50 ਮੀਟਰ ਦਾ ਪੁਲ ਪੁਨੇਜਾ ਧਾਰਾ ’ਤੇ ਉਸਾਰਿਆ ਗਿਆ ਹੈ।

ਭੱਦਰਵਾਹ ਕਸਬੇ ਤੋਂ ਇਹ 10 ਕਿਲੋਮੀਟਰ ਦੂਰ ਹੈ। ਪੁਲ ਦਾ ਨਿਰਮਾਣ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੀ 114 ਆਰਸੀਸੀ ਡਿਵੀਜ਼ਨ ਨੇ ਕੀਤਾ ਹੈ। ਅਧਿਕਾਰੀਆਂ ਮੁਤਾਬਕ ਉਸਾਰੀ ਮੁਕੰਮਲ ਹੋਣ ਨਾਲ ਮਾਰਗ ਤੇਜ਼ੀ ਨਾਲ ਚੌੜਾ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਭਾਰੀ ਮਸ਼ੀਨਰੀ ਲਿਜਾਣ ਵਿਚ ਵੀ ਮਦਦ ਮਿਲੇਗੀ ਜੋ ਕਿ ਇਸੇ ਮਾਰਗ ਉਤੇ ਬਣਨ ਵਾਲੀ ਛੱਤਰਗਲਾ ਸੁਰੰਗ ਲਈ ਲਿਜਾਈ ਜਾ ਰਹੀ ਹੈ। ਉਦਘਾਟਨ ਮੌਕੇ ਜੀਤੇਂਦਰ ਸਿੰਘ ਨੇ ਹਾਜ਼ਰ ਲੋਕਾਂ ਨੂੰ ਦਿੱਲੀ ਤੋਂ ਵੀਡੀਓ ਰਾਹੀਂ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੌਕਡਾਊਨ ਦੇ ਬਾਵਜੂਦ ਵਿਕਾਸ ਕਾਰਜ ਪ੍ਰਭਾਵਿਤ ਨਾ ਹੋਣ। ਡੋਡਾ ਦੇਸ਼ ਦਾ ਇਕੋ-ਇਕ ਜ਼ਿਲ੍ਹਾ ਹੈ ਜਿੱਥੇ ਤਿੰਨ ਵੱਡੀਆਂ ਸੁਰੰਗਾਂ ਦਾ ਨਿਰਮਾਣ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਨਿਰਮਾਣ ਮੁਕੰਮਲ ਹੋਣ ਨਾਲ ਪੰਜਾਬ ਤੋਂ ਕਸ਼ਮੀਰ ਨੂੰ ਕਿਸੇ ਵੀ ਮੌਸਮ ਵਿਚ ਜਾਇਆ ਜਾ ਸਕੇਗਾ। 185 ਕਿਲੋਮੀਟਰ ਲੰਮੇ ਭੱਦਰਵਾਹ-ਬਛੌਲੀ-ਪਠਾਨਕੋਟ ਹਾਈਵੇਅ ਦੀ ਰੱਖਿਆ ਦੇ ਲਿਹਾਜ਼ ਨਾਲ ਕਾਫ਼ੀ ਅਹਿਮੀਅਤ ਹੈ। ਇਸ ਤੋਂ ਇਲਾਵਾ ਇਹ ਕਸ਼ਮੀਰ ਨੂੰ ਬਦਲਵੇਂ ਰੂਟ (ਡੋਡਾ, ਕਿਸ਼ਤਵਾੜ ਤੇ ਰਾਮਬਨ) ਰਾਹੀਂ ਬਾਕੀ ਦੇਸ਼ ਨਾਲ ਜੋੜੇਗਾ।

Previous articleਹਰਿਆਣਾ ਪੁਲੀਸ ਵੱਲੋਂ ਜਲੰਧਰ ’ਚੋਂ ਦੋ ਗੈਂਗਸਟਰ ਕਾਬੂ
Next articleਦੋ ਤੋਂ ਵੱਧ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ