ਫਰੀਦਕੋਟ (ਸਮਾਜ ਵੀਕਲੀ) : ਫਰੀਦਕੋਟ ਨੇੜਲੇ ਪਿੰਡ ਕਲੇਰ ਦੇ ਭੱਠੇ ’ਤੇ ਮੁਨੀਮ ਵਜੋਂ ਕੰਮ ਕਰਦੇ ਰਾਜਸਥਾਨ ਦੇ ਇੱਕ ਵਿਅਕਤੀ ਨੇ ਅੱਜ ਸੁਵੱਖਤੇ ਪਰਿਵਾਰ ਦੇ ਮੈਂਬਰਾਂ ’ਤੇ ਮਿੱਟੀ ਦਾ ਤੇਲ ਪਾ ਕੇ ਉਨ੍ਹਾਂ ਨੂੰ ਅੱਗ ਲਾਉਣ ਮਗਰੋਂ ਆਪ ਵੀ ਖ਼ੁਦਕੁਸ਼ੀ ਕਰ ਲਈ। ਝੁਲਸਣ ਕਾਰਨ ਪਰਿਵਾਰ ਦੇ ਸਾਰੇ ਚਾਰ ਜੀਆਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਸ਼ਨਾਖ਼ਤ ਧਰਮਪਾਲ (40), ਸੀਮਾ (36), ਮੋਨਿਕਾ (15), ਹਿਤੇਸ਼ ਕੁਮਾਰ (10) ਵਾਸੀ ਸੀਕਰ ਵਜੋਂ ਹੋਈ ਹੈ। ਧਰਮਪਾਲ ਪਿਛਲੇ 7-8 ਸਾਲ ਤੋਂ ਇੱਥੇ ਭੱਠੇ ’ਤੇ ਮੁਨੀਮ ਦਾ ਕੰਮ ਕਰ ਰਿਹਾ ਸੀ। ਉਸ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ਕਰੋਨਾਵਾਇਰਸ ਕਾਰਨ ਉਸ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ। ਪੈਸਿਆਂ ਦੇ ਲੈਣ-ਦੇਣ ਦਾ ਸਿਲਸਿਲਾ ਵੀ ਪ੍ਰਭਾਵਿਤ ਹੋਇਆ ਜਿਸ ਤੋਂ ਉਹ ਬੇਹੱਦ ਪ੍ਰੇਸ਼ਾਨ ਸੀ। ਪੁਲੀਸ ਨੂੰ ਘਟਨਾ ਸਥਾਨ ਤੋਂ ਤਿੰਨ ਸਫ਼ਿਆਂ ਦਾ ਖ਼ੁਦਕੁਸ਼ੀ ਨੋਟ ਮਿਲਿਆ ਹੈ।
ਐੱਸਪੀ ਸੇਵਾ ਸਿੰਘ ਮੱਲੀ ਨੇ ਕਿਹਾ ਕਿ ਪੁਲੀਸ ਨੋਟ ਦੀ ਪੜਤਾਲ ਕਰ ਰਹੀ ਹੈ। ਖ਼ੁਦਕੁਸ਼ੀ ਪੱਤਰ ਮੁਤਾਬਕ ਧਰਮਪਾਲ ਸਿਰ ਕਰੀਬ ਦਸ ਲੱਖ ਦੀ ਦੇਣਦਾਰੀ ਸੀ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਕੰਮ ਠੱਪ ਹੋਣ ਕਾਰਨ ਉਹ ਬੇਹੱਦ ਪ੍ਰੇਸ਼ਾਨ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਧਰਮਪਾਲ ਮਿਹਨਤੀ ਵਿਅਕਤੀ ਸੀ ਤੇ ਘਟਨਾ ਤੋਂ ਪਹਿਲਾਂ ਉਸ ਨੇ ਪਿੰਡ ਦੀਆਂ ਦੁਕਾਨਾਂ ਤੋਂ ਉਧਾਰ ਲਈ ਸਮੱਗਰੀ ਦੇ ਪੈਸੇ ਵੀ ਅਦਾ ਕਰ ਦਿੱਤੇ ਸਨ ਜਿਸ ਦਾ ਖ਼ੁਲਾਸਾ ਉਸ ਦੇ ਖ਼ੁਦਕੁਸ਼ੀ ਨੋਟ ਵਿੱਚੋਂ ਹੋਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਰਾਜਸਥਾਨ ਤੋਂ ਫਰੀਦਕੋਟ ਪੁੱਜ ਗਏ ਹਨ।