ਲੋਕ ਸਭਾ ਹਲਕਾ ਸੰਗਰੂੁਰ ਦੇ ਮੂਨਕ ਇਲਾਕੇ ਦੇ ਪਿੰਡ ਬੁਸ਼ੈਹਰਾ ਵਿਚ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਇੱਕ ਨੌਜਵਾਨ ਦੇ ਮੂੰਹ ’ਤੇ ਥੱਪੜ ਜੜ ਦਿੱਤਾ। ਨੌਜਵਾਨ ਦਾ ਕਸੂਰ ਇਹ ਸੀ ਕਿ ਉਹ ਬੀਬੀ ਭੱਠਲ ਨੂੰ ਸਵਾਲ ਪੁੱਛ ਰਿਹਾ ਸੀ। ਜਾਣਕਾਰੀ ਅਨੁਸਾਰ ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅੱਜ ਪਿੰਡ ਬੁਸ਼ੈਹਰਾ ਵਿਚ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਮੇਤ ਚੋਣ ਪ੍ਰਚਾਰ ਕਰਨ ਪੁੱਜੇ ਸੀ। ਸ੍ਰੀ ਢਿੱਲੋਂ ਜਦੋਂ ਸੰਬੋਧਨ ਕਰਨ ਲੱਗੇ ਤਾਂ ਪਿੰਡ ਦੇ ਨੌਜਵਾਨ ਕੁਲਦੀਪ ਸਿੰਘ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਕਾਂਗਰਸੀ ਆਗੂਆਂ ਨੇ ਨੌਜਵਾਨ ਨੂੰ ਬੈਠਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਸ਼ਣ ਤੋਂ ਬਾਅਦ ਸਵਾਲ ਪੁੱਛੇ ਜਾਣ। ਭਾਸ਼ਣ ਖ਼ਤਮ ਹੋਣ ਤੋਂ ਬਾਅਦ ਸ੍ਰੀ ਢਿੱਲੋਂ ਸਭ ਤੋਂ ਪਹਿਲਾਂ ਸਭਾ ਵਿਚੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਜਦੋਂ ਬੀਬੀ ਭੱਠਲ ਸਟੇਜ ਤੋਂ ਉਤਰ ਕੇ ਜਾਣ ਲੱਗੇ ਤਾਂ ਕੁਲਦੀਪ ਸਿੰਘ ਨੇ ਸਵਾਲ ਪੁੱਛਿਆ ਕਿ ਕਾਂਗਰਸ ਸਰਕਾਰ ਨੇ 25 ਸਾਲਾਂ ਵਿਚ ਕੀ ਕੀਤਾ ਹੈ। ਇਸ ਤੋਂ ਰੋਹ ਵਿਚ ਆਈ ਬੀਬੀ ਭੱਠਲ ਨੇ ਨੌਜਵਾਨ ਨੇ ਮੂੰਹ ਉਪਰ ਥੱਪੜ ਮਾਰ ਦਿੱਤਾ। ਇਸ ਮਗਰੋਂ ਸੁਰੱਖਿਆ ਕਰਮਚਾਰੀਆਂ ਦੇ ਘੇਰੇ ਵਿਚ ਬੀਬੀ ਭੱਠਲ ਉਥੋਂ ਚਲੇ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਘਟਨਾ ਬਾਰੇ ਕੁਲਦੀਪ ਸਿੰਘ ਨੇ ਕਿਹਾ ਕਿ ਉਸ ਵਲੋਂ ਵਿਕਾਸ ਕਾਰਜਾਂ ਬਾਰੇ ਸਵਾਲ ਕੀਤੇ ਜਾਣ ’ਤੇ ਬੀਬੀ ਭੱਠਲ ਨੇ ਉਸਦੇ ਥੱਪੜ ਮਾਰ ਦਿੱਤਾ। ਉਸ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਸ ਨੇ ਅਜਿਹਾ ਕੀ ਆਖ ਦਿੱਤਾ ਕਿ ਉਸਨੂੰ ਜ਼ਿੰਮੇਵਾਰ ਆਗੂ ਨੇ ਥੱਪੜ ਮਾਰਿਆ। ਉਸ ਨੇ ਤਾਂ ਪਿੰਡ ਦੇ ਵਿਕਾਸ ਲਈ ਸਵਾਲ ਕੀਤਾ ਸੀ। ਇਸ ਸਬੰਧੀ ਬੀਬੀ ਭੱਠਲ ਦਾ ਕਹਿਣਾ ਹੈ ਕਿ ਸਵਾਲ ਪੁੱਛਣਾ ਹਰੇਕ ਦਾ ਹੱਕ ਹੈ ਪ੍ਰੰਤੂ ਕੁਝ ਲੋਕ ਜਾਣਬੁੱਝ ਕੇ ਸਮਾਗਮ ਵਿਚ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਪਿੰਡਾਂ ਦੇ ਨੌਜਵਾਨ ਉਨ੍ਹਾਂ ਦੇ ਬੱਚਿਆਂ ਵਰਗੇ ਹਨ ਅਤੇ ਕਦੇ ਵੀ ਉਨ੍ਹਾਂ ਨੂੰ ਸਵਾਲ ਪੁੱਛ ਸਕਦੇ ਹਨ ਪ੍ਰੰਤੂ ਆਮ ਆਦਮੀ ਪਾਰਟੀ ਬੌਖਲਾਹਟ ਵਿਚ ਆ ਕੇ ਨੌਜਵਾਨਾਂ ਤੋਂ ਅਜਿਹੀਆਂ ਘਟੀਆ ਹਰਕਤਾਂ ਕਰਵਾ ਰਹੀ ਹੈ। ਉਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਹੱਥਾਂ ਦੀ ਕਠਪੁਤਲੀ ਨਾ ਬਣਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇਸ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਹੈ ਕਿ ਥੱਪੜ ਮਾਰਨ ਦੀ ਬਜਾਏ ਬੀਬੀ ਭੱਠਲ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ। ‘ਆਪ’ ਨੇ ਲੋਕਾਂ ਨੂੰ ਰਾਜਨੀਤਕ ਆਗੂਆਂ ਤੋਂ ਸਵਾਲ ਪੁੱਛਣ ਦੀ ਪ੍ਰੇਰਨਾ ਜਗਾਈ ਹੈ। ਸਵਾਲਾਂ ਤੋਂ ਘਬਰਾ ਕੇ ਭੱਜਣਾ ਚੰਗੀ ਗੱਲ ਨਹੀਂ ਹੈ।
HOME ਭੱਠਲ ਨੇ ਸਵਾਲ ਪੁੱਛਣ ਵਾਲੇ ਦੇ ਥੱਪੜ ਜੜਿਆ