ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲਾਂ ਦੇ ਖ਼ਾਸਮਖਾਸ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ਇੱਥੋਂ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬੀਤੀ 16 ਫਰਵਰੀ ਨੂੰ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਨੇ ਅਕਾਲੀ ਆਗੂ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ।ਵਿਜੀਲੈਂਸ ਨੇ ਹੁਣ ਨਵੇਂ ਸਿਰਿਓਂ ਦਿਆਲ ਸਿੰਘ ਕੋਲਿਆਂਵਾਲੀ ਖ਼ਿਲਾਫ਼ ਦਰਜ ਕੇਸ ਵਿੱਚ ਆਈਪੀਸੀ ਦੀ ਧਾਰਾ 120ਬੀ, 465,467, 468 ਅਤੇ 471 ਦੇ ਜੁਰਮ ਦਾ ਵਾਧਾ ਕਰਕੇ ‘ਜਥੇਦਾਰ’ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਕਾਰਵਾਈ ਦੀ ਭਿਣਕ ਪੈਂਦਿਆਂ ਹੀ ਕੋਲਿਆਂਵਾਲੀ ਨੇ ਚੁੱਪ ਚੁਪੀਤੇ ਆਪਣੇ ਵਕੀਲਾਂ ਰਾਹੀਂ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਨਵੇਂ ਸਿਰਿਓਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਅੱਜ ਅਰਜ਼ੀ ’ਤੇ ਸੁਣਵਾਈ ਦੌਰਾਨ ਜੱਜ ਨੇ ਵੱਖ ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਉਧਰ, ਇਸ ਸਬੰਧੀ ਵਿਜੀਲੈਂਸ ਦੇ ਐੱਸਐੱਸਪੀ ਅਸ਼ੋਕ ਬਾਠ ਨੇ ਦੱਸਿਆ ਕਿ ਕੋਲਿਆਂਵਾਲੀ ਦੇ ਖ਼ਿਲਾਫ਼ ਜੁਰਮ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਲਿਆਂਵਾਲੀ ਨੇ ਜ਼ਮੀਨ ਦੇ ਤਬਾਦਲੇ ਸਬੰਧੀ ਦੂਜੀ ਧਿਰ ਨਾਲ ਧੋਖਾਧੜੀ ਕੀਤੀ ਹੈ। ਅਕਾਲੀ ਆਗੂ ਨੇ ਜ਼ਮੀਨ ਤਬਾਦਲੇ ਸਬੰਧੀ ਦੂਜੀ ਧਿਰ ਤੋਂ ਤਾਂ ਲੋੜੀਂਦੀ ਜ਼ਮੀਨ ਆਪਣੇ ਨਾਂ ਕਰਵਾ ਲਈ ਪ੍ਰੰਤੂ ਬਦਲੇ ਵਿੱਚ ਜਿਹੜੀ ਜ਼ਮੀਨ ਦੂਜੀ ਧਿਰ ਨੂੰ ਦਿੱਤੀ ਗਈ, ਉਹ ਉਸ ਦੀ ਮਲਕੀਅਤ ਨਹੀਂ ਸੀ। ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕੋਲਿਆਂਵਾਲੀ ਦੀ ਗ੍ਰਿਫ਼ਤਾਰੀ ਲਈ ਅੱਜ ਸ਼ਾਮ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਕੋਲਿਆਂਵਾਲੀ ਅਤੇ ਹੋਰ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜੱਦੀ ਪਿੰਡ ਕੋਲਿਆਂਵਾਲੀ ਵਿੱਚ ਸਥਿਤ ਮਹਿਲਨੁਮਾ ਆਲੀਸ਼ਾਨ ਕੋਠੀ ਦੀ ਪੈਮਾਇਸ਼ ਬਾਰੇ ਜਾਂਚ ਰਿਪੋਰਟ ਮਿਲ ਗਈ ਹੈ ਅਤੇ ਵਿਜੀਲੈਂਸ ਵੱਲੋਂ ਜਾਂਚ ਵਿੱਚ ਲਾਏ ਦੋਸ਼ ਸਹੀ ਸਾਬਤ ਹੋਏ ਹਨ।
INDIA ਭ੍ਰਿਸ਼ਟਾਚਾਰ ਮਾਮਲਾ: ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ਰੱਦ