ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਪਾਵਰਕਾਮ ਦੇ ਦੋ ਅਧਿਕਾਰੀ ਮੁਅੱਤਲ, ਇਕ ਨੂੰ ਬਦਲਿਆ

ਪਟਿਆਲਾ : ਪਾਵਰਕਾਮ ਨੇ ਭ੍ਰਿਸ਼ਟਾਚਾਰ ਦੋਸ਼ਾਂ ਤਹਿਤ ਦੋ ਅਧਿਕਾਰੀਆਂ ਨੂੰ ਮੁਅੱਤਲ ਤੇ ਇਕ ਦਾ ਤਬਦਲਾ ਕੀਤਾ ਹੈ। ਅਧਿਕਾਰੀਆਂ ਖ਼ਿਲਾਫ਼ ਟਰਾਂਸਫਾਰਮਰ ਲਗਾਉਣ ਤੇ ਖੇਤੀਬਾੜੀ ਪੰਪ ਸੈੱਟ ਸਬੰਧੀ ਰਿਸ਼ਵਤ ਲੈਣ ਤੇ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਦੇ ਦੋਸ਼ ਲੱਗੇ ਸਨ ਜਿਸਦੀ ਜਾਂਚ ਤੋਂ ਬਾਅਦ ਸੀਐੱਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਦੋਵਾਂ ਅਧਿਕਾਰੀਆਂ ਦੇ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ ਜਦੋਂਕਿ ਅਜਿਹੇ ਹੀ ਇਕ ਮਾਮਲੇ ਵਿਚ ਜੂਨੀਅਰ ਇੰਜੀਨੀਅਰ ਦੀ ਬਦਲੀ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ, ਮਾਛੀਵਾੜਾ ਸਬ ਡਵੀਜ਼ਨ ਵਿਚ ਤਾਇਨਾਤ ਇੰਜੀਨੀਅਰ ਸਤਿੰਦਰ ਸਿੰਘ ਖਿਲਾਫ ਬਿਜਲੀ ਦੇ ਲੋਡ ਦੇ ਵਾਧੇ, ਟਰਾਂਸਫਾਰਮਰਾਂ ਦੀ ਸਥਾਪਨਾ ਤੇ ਖੇਤੀਬਾੜੀ ਪੰਪ ਸੈੱਟ ਸਬੰਧੀ 85 ਹਜ਼ਾਰ ਰੁਪਏ ਰਿਸ਼ਵਤ ਲੈਣ ਸਬੰਧੀ ਪਾਵਰਕਾਮ ਕੋਲ ਸ਼ਿਕਾਇਤ ਪੁੱਜੀ ਸੀ ਜਿਸਦੀ ਇਨਫੋਰਸਮੈਂਟ ਵੱਲੋਂ ਕੀਤੀ ਗਈ। ਪੜਤਾਲ ਦੇ ਆਧਾਰ ‘ਤੇ ਇੰਜੀਨੀਅਰ ਸਤਿੰਦਰ ਸਿੰਘ ਨੂੰ ਮੁਅੱਤਲ ਕਰਦਿਆਂ ਲੁਧਿਆਣਾ ਹੈੱਡ ਕੁਆਰਟਰ ਵਿਖੇ ਰਿਪੋਰਟ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਇਕ ਹੋਰ ਕੇਸ ਵਿਚ ਇੰਜੀਨੀਅਰ ਮੁਹੰਮਦ ਰਾਸ਼ਿਦ ਏਈਈ ਸਿਵਲ ਜੋ ਗਰਿੱਡ ਉਸਾਰੀ ਅਤੇ ਸੰਭਾਲ ਲੁਧਿਆਣਾ ਵਿਖੇ ਤਾਇਨਾਤ ਸੀ ‘ਤੇ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਤੇ ਪਾਵਰਕਾਮ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ ਸਨ, ਜਿਸਦੀ ਜਾਂਚ ਤੋਂ ਬਾਅਦ ਇੰਜੀਨੀਅਰ ਮੁਹੰਮਦ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜੂਨੀਅਰ ਇੰਜੀਨੀਅਰ ਪ੍ਰੀਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਾਲ ਉਸਦੀ ਬਦਲੀ ਸਾਊਥ ਜ਼ੋਨ ਤੋਂ ਬਾਹਰ ਕਰ ਦਿੱਤੀ ਗਈ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਐੱਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਕਾਰਪੋਰੇਸ਼ਨ ਵਿਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਵਰਕਾਮ ਵੱਲੋਂ ਪਿਛਲੇ ਮਹੀਨਿਆਂ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਵਿਚ ਕਈ ਅਧਿਕਾਰੀ ਤੇ ਕਰਮਚਾਰੀ ਦੋਸ਼ੀ ਪਾਏ ਗਏ ਤੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ ਹੈ ਤੇ ਇਹ ਅਭਿਆਨ ਭਵਿੱਖ ਵਿਚ ਵੀ ਜਾਰੀ ਰਹੇਗੀ।

Previous articlePawar, Thackeray, Raut in midnight rendezvous
Next articleMamata egging ministers’ outbursts against me: Governor