ਭ੍ਰਿਸ਼ਟਾਚਾਰ ਦੇ ਇਲਾਜ ਲਈ ਨੋਟਬੰਦੀ ਨੂੰ ‘ਕੌੜੀ ਦਵਾਈ’ ਵਜੋਂ ਵਰਤਿਆ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਲੇ ਧਨ ਨੂੰ ਬੈਂਕਿੰਗ ਢਾਂਚੇ ਵਿਚ ਵਾਪਸ ਲਿਆਉਣ ਲਈ ਉਨ੍ਹਾਂ ਨੋਟਬੰਦੀ ਜਿਹੀ ‘ਕੌੜੀ ਦਵਾਈ’ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ‘ਮੁਲਕ ਦੀਆਂ ਜੜ੍ਹਾਂ ਵਿਚ ਬਹਿ ਚੁੱਕੇ ਭ੍ਰਿਸ਼ਟਾਚਾਰ’ ਦੇ ਖ਼ਾਤਮੇ ਲਈ ਅਜਿਹਾ ਕਰਨਾ ਜ਼ਰੂਰੀ ਸੀ। ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿਚ 28 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ‘ਸਿਉਂਕ ਨੂੰ ਕਾਬੂ ਕਰਨ ਲਈ’ ਜ਼ਹਿਰੀਲੀ ਦਵਾਈ ਦਾ ਇਸਤੇਮਾਲ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਨੋਟਬੰਦੀ ਰਾਹੀਂ ਭ੍ਰਿਸ਼ਟਾਚਾਰ ਦਾ ਇਲਾਜ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਮੱਧ ਪ੍ਰਦੇਸ਼ ਦੇ ਕਿਸਾਨ ਕਾਂਗਰਸ ਵੱਲੋਂ ਦਿੱਤੇ ਕਰਜ਼ਾ ਮੁਆਫ਼ੀ ਦੇ ਝਾਂਸੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਰਨਾਟਕ ਵਿਚ ਵੀ ਅਜਿਹੇ ਹੀ ਵਾਅਦੇ ਕੀਤੇ ਸਨ ਤੇ ਹੁਣ ਕਿਸਾਨਾਂ ਨੂੰ ਜੇਲ੍ਹ ਘੱਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਯਤਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ 14 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਹੇਠ ਗਾਰੰਟੀ ਤਹਿਤ ਕਰਜ਼ਾ ਮੁਹੱਈਆ ਕਰਵਾਇਆ ਹੈ। ਅੰਕੜਿਆਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਮੱਧ ਪ੍ਰਦੇਸ਼ ਵਿਚ 55 ਵਰ੍ਹੇ ਰਾਜ ਕੀਤਾ ਤੇ ਸਿਰਫ਼ 1,500 ਸਕੂਲ ਬਣਵਾਏ, ਪਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 15 ਵਰ੍ਹਿਆਂ ਵਿਚ 4,000 ਸਕੂਲ ਬਣਵਾਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਨੂੰ ਬਿਹਤਰ ਸਿੰਜਾਈ ਸਹੂਲਤਾਂ, ਬਜ਼ੁਰਗਾਂ ਨੂੰ ਕਿਫ਼ਾਇਤੀ ਦਵਾਈਆਂ ਤੇ ਸਾਰਿਆਂ ਨੂੰ ਪੱਕੇ ਮਕਾਨ ਦੇਣ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਰੇਵਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੋਕ ਸਮਝਦਾਰੀ ਨਾਲ ਵੋਟ ਪਾਉਣ ਤੇ ਯਕੀਨੀ ਬਣਾਉਣ ਕਿ ਕਾਂਗਰਸ ਦਾ ਇਕ ਵੀ ਉਮੀਦਵਾਰ ਨਾ ਚੁਣਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਰਾਜ ਦੌਰਾਨ ਸੂਬੇ ਦੀ ਬਿਜਲੀ ਉਤਪਾਦਨ ਸਮਰੱਥਾ ਵਿਚ ਵੱਡਾ ਵਾਧਾ ਹੋਇਆ ਹੈ।

Previous articleਸਲਾਰੀਆ ਦੀ ਜਨਮ ਦਿਨ ਪਾਰਟੀ ਮੌਕੇ ਗੋਲੀਬਾਰੀ; ਤਿੰਨ ਜ਼ਖ਼ਮੀ
Next articleਦਹਿਸ਼ਤਰਗਰਦੀ ਖ਼ਿਲਾਫ਼ ਕਾਰਵਾਈ ’ਚ ਪਾਕਿਸਤਾਨ ਨਾਕਾਮ: ਵ੍ਹਾਈਟ ਹਾਊਸ