ਪੰਜਾਬ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੀ ਸ਼ੁਰੂਆਤ ਜਿਥੇ ਪੌਦੇ ਲਗਾ ਕੇ ਕਰ ਰਹੀ ਹੈ, ਉੱਥੇ ਜੰਗਲਾਤ ਮਹਿਕਮਾ ਆਪਣੇ ਲਗਾਏ ਦਰੱਖਤ ਵੀ ਨਹੀਂ ਬਚਾ ਸਕਿਆ। ਸ਼ਹਿਰ ਦੇ ਕੈਨਾਲ ਕਲੱਬ ਨੇੜੇ ਜ਼ਮੀਨ ਮਾਫੀਆ ਵੱਲੋਂ ਨਹਿਰੀ ਕੋਠੀ ਕੋਲ ਨਹਿਰੀ ਮਹਿਕਮੇ ਦੀ ਜ਼ਮੀਨ ’ਤੇ ਜਬਰੀ ਕਬਜ਼ਿਆਂ ਦਾ ਦੌਰ ਜਾਰੀ ਹੈ।
ਜੰਗਲਾਤ ਵਿਭਾਗ ਦੀ ਜ਼ਮੀਨ ਜੋ ਸੂਏ ਦੇ ਨਾਲ ਨਾਲ ਹੈ, ਇਸ ਜ਼ਮੀਨ ’ਤੇ ਜੰਗਲਾਤ ਮਹਿਕਮੇ ਨੇ ਦਰੱਖਤ ਲਾਏ ਸਨ, ਜਿਨ੍ਹਾਂ ਉਪਰ ਸਰਕਾਰੀ ਨੰਬਰ ਵੀ ਲੱਗੇ ਹੋਏ ਸਨ ਪਰ ਕਰੀਬ ਅੱਧੀ ਦਰਜਨ ਦਰੱਖਤ ਪੁੱਟ ਲਏ ਗਏ ਤੇ ਮਹਿਕਮਾ ਕੁੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ। ਕਾਰਵਾਈ ਕਰਨ ਤੋਂ ਪਹਿਲਾਂ ਆਪਣਾ ਰਿਕਾਰਡ ਚੈੱਕ ਕਰਨ ’ਚ ਉਲਝਿਆ ਹੋਇਆ ਜਾਪਦਾ ਹੈ।
ਇਸ ਸਬੰਧੀ ਕਾਰਜਕਾਰੀ ਇੰਜਨੀਅਰ ਬਠਿੰਡਾ ਨਹਿਰ ਮੰਡਲ ਬਠਿੰਡਾ ਵੱਲੋਂ ਦੋ ਵਾਰ ਜ਼ਿਲ੍ਹਾ ਪੁਲੀਸ ਕਪਤਾਨ ਬਠਿੰਡਾ ਨੂੰ ਪੱਤਰ ਲਿਖੇ ਹਨ ਕਿ ਜਿੰਨਾ ਸਮਾਂ ਜਗ੍ਹਾ ਦੀ ਮਿਣਤੀ ਨਹੀਂ ਕੀਤੀ ਜਾਂਦੀ, ਕਲੋਨੀ ਦੀ ਉਸਾਰੀ ਦਾ ਕੰਮ ਬੰਦ ਕੀਤਾ ਜਾਵੇ ਅਤੇ ਸਥਾਨਕ ਨਹਿਰੀ ਮਹਿਕਮੇ ਦੇ ਐੱਸਡੀਓ ਵੱਲੋਂ ਵੀ ਦੋ ਵਾਰ ਸਬੰਧਿਤ ਥਾਣੇ ਵਿੱਚ ਅਤੇ ਸਥਾਨਕ ਤਹਿਸੀਲਦਾਰ ਤੇ ਐੱਸਡੀਐੱਮ ਨੂੰ ਵੀ ਉਕਤ ਜਗ੍ਹਾ ਦੀ ਮਿਣਤੀ ਸਬੰਧੀ ਲਿਖਤੀ ਬੇਨਤੀ ਕੀਤੀ ਗਈ ਹੈ ਪਰ ਇਹ ਮਾਮਲਾ ਠੰਢੇ ਬਸਤੇ ਪਿਆ ਜਾਪਦਾ ਹੈ।
ਇਸ ਸਬੰਧੀ ਜੰਗਲਾਤ ਮਹਿਕਮੇ ਦੇ ਅਧਿਕਾਰੀ ਇੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਹ ਇਸ ਸਬੰਧੀ ਕਾਰਵਾਈ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮਹਿਕਮੇ ਦੇ ਤਾਂ ਸਿਰਫ਼ ਦੋ ਦਰੱਖਤ ਹੀ ਹਨ ਬਾਕੀ ਦਰੱਖਤ ਤਾਂ ਉਨ੍ਹਾਂ ਦੇ ਆਪਣੇ ਸਨ। ਉਨ੍ਹਾਂ ਕਿਹਾ ਕਿ ਇਸ ਦਾ ਅੱਜ ਸ਼ਾਮ ਜੁਰਮਾਨਾ ਭਰਾਇਆ ਜਾ ਰਿਹਾ ਹੈ।
INDIA ਭੌਂ-ਮਾਫੀਆ ਨੇ ਦਰੱਖ਼ਤਾਂ ਦੀ ਬਲੀ ਲਈ